Saturday, 9 September 2017

ਪੈਰਾਮਿਲਟਰੀ ਫੋਰਸਿਜ਼ ਅਤੇ ਆਰਮੀ ਦੀਆਂ ਵਰਦੀਆਂ ਵੇਚਣ ਵਾਲੇ ਦੁਕਾਨਦਾਰਾਂ ਨੂੰ ਹਦਾਇਤਾਂ ਜਾਰੀ, ਪੁਲਿਸ ਕਮਿਸ਼ਨਰ ਵੱਲੋਂ ਵੱਖ-ਵੱਖ ਪਾਬੰਦੀ ਹੁਕਮ ਜਾਰੀ

-ਖਰੀਦ ਅਤੇ ਕਾਰੋਬਾਰ ਦੇ ਵੇਰਵਿਆਂ ਦਾ ਰਿਕਾਰਡ ਪੁਲਿਸ ਸਟੇਸ਼ਨ ਜਮਾਂ ਕਰਾਉਣ ਦੇ ਆਦੇਸ਼
-ਵਪਾਰਕ ਅਦਾਰਿਆਂ ਵਿੱਚ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਦੀ ਹਦਾਇਤ
-ਪੁਲਿਸ ਕਮਿਸ਼ਨਰ ਵੱਲੋਂ ਵੱਖ-ਵੱਖ ਪਾਬੰਦੀ ਹੁਕਮ ਜਾਰੀ

ਲੁਧਿਆਣਾ, - ਪੁਲਿਸ ਕਮਿਸ਼ਨਰੇਟ ਲੁਧਿਆਣਾ ਦੀ ਹਦੂਦ ਅੰਦਰ ਪੈਰਾਮਿਲਟਰੀ ਫੋਰਸਿਜ਼ ਅਤੇ ਆਰਮੀ ਦੀਆਂ ਵਰਦੀਆਂ ਦਾ ਸਾਜੋ-ਸਾਮਾਨ ਵੇਚ ਰਹੇ ਵਿਅਕਤੀਆਂ ਜਾਂ ਦੁਕਾਨਦਾਰਾਂ ਨੂੰ ਹਦਾਇਤ ਜਾਰੀ ਕਰਕੇ ਕਿਹਾ ਗਿਆ ਹੈ ਕਿ ਉਹ ਆਪਣੇ ਇਸ ਕਾਰੋਬਾਰ ਬਾਰੇ ਮੁਕੰਮਲ ਰਿਕਾਰਡ ਤਿਆਰ ਕਰਨਾ ਯਕੀਨੀ ਬਣਾਉਣ ਦੇ ਨਾਲ-ਨਾਲ ਇਸ ਸੰਬੰਧੀ ਮਹੀਨਾਵਾਰ ਰਿਪੋਰਟ ਨੇੜਲੇ ਪੁਲਿਸ ਸਟੇਸ਼ਨ ਵਿੱਚ ਦੇਣੀ ਯਕੀਨੀ ਬਣਾਉਣ।
ਇਸ ਸੰਬੰਧੀ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ-2) ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਸ੍ਰੀ ਆਰ. ਐੱਨ. ਢੋਕੇ, ਪੁਲਿਸ ਕਮਿਸ਼ਨਰ, ਲੁਧਿਆਣਾ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਜਦੋਂ ਵੀ ਕੋਈ ਵਿਅਕਤੀ ਉਨਾਂ (ਦੁਕਾਨਦਾਰ) ਕੋਲ ਕਿਸੇ ਕਿਸਮ ਦੀ ਵਰਦੀ ਦਾ ਸਾਜੋ-ਸਮਾਨ ਖਰੀਦ ਕਰਨ ਲਈ ਆਉਂਦਾ ਹੈ ਤਾਂ ਉਸ (ਖਰੀਦਦਾਰ) ਨੂੰ ਵੇਚੇ ਗਏ ਸਮਾਨ ਦਾ ਵੇਰਵਾ ਅਤੇ ਖਰੀਦਦਾਰ ਦਾ ਸ਼ਨਾਖ਼ਤੀ ਕਾਰਡ, ਮੋਬਾਈਲ ਨੰਬਰ ਅਤੇ ਰਿਹਾਇਸ਼ੀ ਪਤੇ ਬਾਰੇ ਇੰਦਰਾਜ ਰਜਿਸਟਰ ਵਿੱਚ ਦਰਜ ਕੀਤਾ ਜਾਵੇ।
ਇਸੇ ਤਰਾਂ ਹਰੇਕ ਦੁਕਾਨਦਾਰ ਇੱਕ ਮਹੀਨੇ ਵਿੱਚ ਵੇਚੇ ਗਏ ਵਰਦੀ ਦੇ ਸਾਜੋ-ਸਮਾਨ ਦੀ ਰਿਪੋਰਟ ਸੰਬੰਧਤ ਪੁਲਿਸ ਸਟੇਸ਼ਨ ਨੂੰ ਭੇਜਣ ਦਾ ਵੀ ਜਿੰਮੇਵਾਰ ਹੋਵੇਗਾ। ਹਰੇਕ ਦੁਕਾਨਦਾਰ ਦੀ ਇਹ ਜਿੰਮੇਵਾਰੀ ਤੈਅ ਕੀਤੀ ਗਈ ਹੈ ਕਿ ਉਹ ਮਹੀਨਾਵਾਰ ਗੋਸ਼ਵਾਰਾ ਤਿਆਰ ਕਰਕੇ ਸਮੁੱਚਾ ਰਿਕਾਰਡ ਤਿਆਰ ਕਰੇਗਾ। ਉਨਾਂ ਦੱਸਿਆ ਕਿ ਕਈ ਵਾਰ ਗੈਰ ਸਮਾਜੀ ਅਨਸਰ ਪੈਰਾ ਮਿਲਟਰੀ ਫੌਰਸਿਜ਼ ਅਤੇ ਆਰਮੀ ਦੀਆਂ ਵਰਦੀਆਂ ਦਾ ਗੈਰ ਕਾਨੂੰਨੀ ਤੌਰ 'ਤੇ ਇਸਤੇਮਾਲ ਕਰਕੇ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਅੰਜ਼ਾਮ ਦੇ ਸਕਦੇ ਹਨ। ਇਸ ਗੈਰ ਕਾਨੂੰਨੀ ਵਰਤੋਂ ਨੂੰ ਰੋਕਣ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ।
ਉਨਾਂ ਕਿਹਾ ਕਿ ਰਾਤ ਵੇਲੇ ਦੇਰ ਰਾਤ ਤੱਕ ਢਾਬੇ ਆਦਿ ਖੁੱਲੇ ਰਹਿੰਦੇ ਹਨ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਗੈਰਕਾਨੂੰਨੀ ਧੰਦੇ ਕੀਤੇ ਜਾਂਦੇ ਹਨ। ਕਈ ਵਾਰੀ ਸ਼ਰਾਰਤੀ ਅਨਸਰਾਂ ਵੱਲੋਂ ਇਨਾਂ ਢਾਬਿਆਂ 'ਤੇ ਹੁੱਲੜਬਾਜੀ ਵੀ ਕੀਤੀ ਜਾਂਦੀ ਹੈ। ਜਿਸ ਕਾਰਨ ਰਾਤ ਸਮੇਂ ਢਾਬੇ 11 ਵਜੇ ਤੋਂ ਬਾਅਦ ਖੁੱਲੇ ਰਹਿਣ 'ਤੇ ਪਾਬੰਦੀ ਲਗਾਈ ਜਾਂਦੀ ਹੈ। ਇਨਾਂ ਹੁਕਮਾਂ ਦੀ ਰੇਲਵੇ ਸਟੇਸ਼ਨ, ਮੁੱਖ ਹਸਪਤਾਲ ਅਤੇ ਬੱਸ ਅੱਡੇ ਦੇ ਨਜ਼ਦੀਕ ਸਥਿਤ ਢਾਬਿਆਂ ਨੂੰ ਛੋਟ ਹੋਵੇਗੀ।
ਇਸ ਤੋਂ ਇਲਾਵਾ ਇੱਕ ਹੋਰ ਹੁਕਮ ਜਾਰੀ ਕਰਕੇ ਪੁਲਿਸ ਕਮਿਸ਼ਨਰ ਨੇ ਆਪਣੇ ਅਧਿਕਾਰ ਖੇਤਰ ਵਿੱਚ ਪੈਂਦੇ ਪੈਟਰੋਲ ਪੰਪ, ਐੱਲ.ਪੀ.ਜੀ. ਗੈਸ ਏਜੰਸੀਆਂ, ਮੈਰਿਜ ਪੈਲੇਸ, ਮਾਲਜ਼ ਅਤੇ ਮਨੀ ਐਕਸਚੇਂਜ ਦਫ਼ਤਰਾਂ ਵਿੱਚ ਇੱਕ ਮਹੀਨੇ ਦੇ ਅੰਦਰ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਦੀ ਹਦਾਇਤ ਕੀਤੀ ਹੈ। ਸ੍ਰੀ ਢੋਕੇ ਨੇ ਕਿਹਾ ਕਿ ਉਪਰੋਕਤ ਅਦਾਰਿਆਂ ਤੋਂ ਅਕਸਰ ਕੀਮਤੀ ਸਮਾਨ, ਕੈਸ਼ ਅਤੇ ਸੋਨਾ ਆਦਿ ਖੋਹਿਆ ਜਾਂਦਾ ਹੈ ਅਤੇ ਕਈ ਵਾਰ ਇਥੇ ਕੰਮ ਕਰਦੇ ਵਰਕਰਾਂ ਨੂੰ ਬੁਰੀ ਤਰਾਂ ਜਖ਼ਮੀ ਵੀ ਕਰ ਦਿੱਤਾ ਜਾਂਦਾ ਹੈ। ਇਸੇ ਕਰਕੇ ਲੋਕ ਹਿੱਤ ਵਿੱਚ ਇਹ ਹੁਕਮ ਜਾਰੀ ਕੀਤੇ ਗਏ ਹਨ ਤਾਂ ਜੋ ਅਜਿਹੀਆਂ ਮੰਦਭਾਗੀ ਘਟਨਾਵਾਂ ਤੋਂ ਬਚਿਆ ਜਾ ਸਕੇ।

No comments:

Post a Comment