Saturday, 23 September 2017

ਡਿਪਟੀ ਕਮਿਸ਼ਨਰ ਵੱਲੋਂ ਆਗਾਮੀ ਝੋਨੇ ਦੀ ਖਰੀਦ ਪ੍ਰਬੰਧਾਂ ਦੀਆਂ ਤਿਆਰੀਆਂ ਦਾ ਜਾਇਜ਼ਾ -ਐਤਕੀਂ 19 ਲੱਖ ਮੀਟਰਕ ਟਨ ਫ਼ਸਲ ਮੰਡੀਆਂ ਵਿੱਚ ਆਉਣ ਦੀ ਉਮੀਦ-ਅਗਰਵਾਲ

-ਰਾਤ ਵੇਲੇ ਜਾਂ ਗਿੱਲੀ ਫ਼ਸਲ ਕੱਟਣ ਵਾਲੀਆਂ ਕੰਬਾਇਨਾਂ 'ਤੇ ਰਹੇਗੀ ਲਗਾਤਾਰ ਨਿਗਰਾਨੀ

-ਐੱਸ. ਡੀ. ਐੱਮ. ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਹਰੇਕ ਮੰਡੀ ਦਾ ਕਰਨਗੇ ਖੁਦ ਦੌਰਾ

-ਹਰੇਕ ਮੰਡੀ ਦੇ ਬਾਹਰ ਸ਼ਿਕਾਇਤ ਨਿਵਾਰਨ ਕਮੇਟੀਆਂ ਦੇ ਮੈਂਬਰਾਂ ਅਤੇ ਅਧਿਕਾਰੀਆਂ ਦੇ ਨੰਬਰ ਲਿਖ ਕੇ ਲਗਾਏ ਜਾਣਗੇ

ਲੁਧਿਆਣਾ, - ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਅੱਜ ਸਥਾਨਕ ਬਚਤ ਭਵਨ ਵਿਖੇ ਆਗਾਮੀ ਝੋਨੇ ਦੀ ਫ਼ਸਲ ਦੇ ਖਰੀਦ ਪ੍ਰਬੰਧਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਉੱਚ ਪੱਧਰੀ ਮੀਟਿੰਗ ਕੀਤੀ, ਜਿਸ ਵਿੱਚ ਖਰੀਦ ਕਾਰਜਾਂ ਨਾਲ ਜੁੜੀਆਂ ਸਾਰੀਆਂ ਧਿਰਾਂ ਨੇ ਭਾਗ ਲਿਆ ਅਤੇ ਭਰੋਸਾ ਦਿੱਤਾ ਕਿ ਇਹ ਖਰੀਦ ਪ੍ਰਕਿਰਿਆ ਬਹੁਤ ਹੀ ਵਧੀਆ ਤਰੀਕੇ ਨਾਲ ਨੇਪਰੇ ਚਾੜੀ ਜਾਵੇਗੀ। ਖਰੀਦ ਪ੍ਰਬੰਧ ਸ਼ੁਰੂ ਹਨ, ਜੋ ਕਿ ਸਰਕਾਰੀ ਖਰੀਦ (ਪਹਿਲੀ ਅਕਤੂਬਰ, 2017) ਤੋਂ ਪਹਿਲਾਂ-ਪਹਿਲਾਂ ਮੁਕੰਮਲ ਕਰ ਲਏ ਜਾਣਗੇ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਅਗਰਵਾਲ ਨੇ ਕਿਹਾ ਕਿ ਆਮ ਤੌਰ 'ਤੇ ਦੇਖਣ ਵਿੱਚ ਆਉਂਦਾ ਹੈ ਕਿ ਮੰਡੀਆਂ ਵਿੱਚ ਫ਼ਸਲ ਦੇ ਅੰਬਾਰ ਉਸ ਵੇਲੇ ਲੱਗਦੇ ਹਨ, ਜਦੋਂ ਕਿਸਾਨ ਗਿੱਲਾ ਝੋਨਾ ਲਿਆ ਕੇ ਮੰਡੀ ਵਿੱਚ ਸੁੱਟ ਦਿੰਦਾ ਹੈ, ਜਿਸ ਕਾਰਨ ਉਸ ਝੋਨੇ ਦਾ ਭਾਅ ਲਗਾਉਣ ਵਿੱਚ ਦੇਰੀ ਹੋ ਜਾਂਦੀ ਹੈ। ਨਤੀਜੇ ਵਜੋਂ ਸਾਰੀ ਪ੍ਰਕਿਰਿਆ ਵਿੱਚ ਦੇਰੀ ਹੁੰਦੀ ਜਾਂਦੀ ਹੈ। ਉਨ•ਾਂ ਐੱਸ. ਡੀ. ਐੱਮਜ਼ ਨੂੰ ਹਦਾਇਤ ਕੀਤੀ ਕਿ ਉਹ ਇਸ ਵਾਰ 28-29 ਅਕਤੂਬਰ ਤੋਂ ਲਗਾਤਾਰ ਇਹ ਨਿਗਰਾਨੀ ਰੱਖਣ ਕਿ ਕੋਈ ਕੰਬਾਈਨ ਰਾਤ ਵੇਲੇ ਜਾਂ ਗਿੱਲਾ ਝੋਨਾ ਤਾਂ ਨਹੀਂ ਕੱਟ ਰਹੀ ਹੈ। ਇਸ ਸੰਬੰਧੀ ਮਸ਼ੀਨਰੀ ਬੰਦ ਕਰਕੇ ਕੰਬਾਈਨ ਮਾਲਕਾਂ ਅਤੇ ਫ਼ਸਲ ਦੇ ਮਾਲਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਉਨ•ਾਂ ਹਦਾਇਤ ਕੀਤੀ ਕਿ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ-ਪਹਿਲਾਂ ਸੰਬੰਧਤ ਐੱਸ. ਡੀ. ਐੱਮਜ਼ ਨਿੱਜੀ ਤੌਰ 'ਤੇ ਹਰੇਕ ਮੰਡੀ ਦਾ ਦੌਰਾ ਕਰਕੇ ਉਥੇ ਕੀਤੇ ਜਾਣ ਵਾਲੇ ਸਾਰੇ ਪ੍ਰਬੰਧ ਯਕੀਨੀ ਬਣਵਾਉਣਗੇ। ਪ੍ਰਬੰਧਾਂ ਵਿੱਚ ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਦੀ ਸ਼ਿਫ਼ਾਰਸ਼ ਕੀਤੀ ਜਾਵੇ। ਉਨ•ਾਂ ਹੋਰ ਕਿਹਾ ਕਿ ਆੜਤੀਆਂ ਨੂੰ ਪਹਿਲਾਂ ਹੀ ਨਿਰਦੇਸ਼ ਕਰ ਦਿੱਤੇ ਜਾਣ ਕਿ ਮੌਸਮ ਦੇ ਮਿਜ਼ਾਜ਼ ਨੂੰ ਦੇਖਦਿਆਂ ਵਾਧੂ ਤਰਪਾਲਾਂ ਅਤੇ ਹੋਰ ਲੋੜੀਂਦੇ ਸਮਾਨ ਦੇ ਪ੍ਰਬੰਧ ਕਰ ਲਏ ਜਾਣ ਤਾਂ ਜੋ ਮੀਂਹ ਕਾਰਨ ਫਸਲ ਮੰਡੀ ਵਿੱਚ ਗਿੱਲੀ ਨਾ ਹੋਵੇ। ਉਨ•ਾਂ ਐੱਸ. ਡੀ. ਐੱਮ. ਰਾਏਕੋਟ ਮਿਸ ਕਨੂੰ ਥਿੰਦ ਨੂੰ ਹਦਾਇਤ ਕੀਤੀ ਕਿ ਰਾਏਕੋਟ ਦੇ ਇੱਕ ਸੈਲਰ ਦੇ ਡਿਫਾਲਟਰ ਹੋਣ ਦੀਆਂ ਸ਼ਿਕਾਇਤਾਂ ਦੀ ਜਾਂਚ ਕਰਨ।
ਜ਼ਿਲ•ਾ ਖੁਰਾਕ ਅਤੇ ਸਪਲਾਈ ਕੰਟਰੋਲਰ ਸ੍ਰੀ ਰਾਜਿੰਦਰ ਬੇਰੀ ਨੇ ਦੱਸਿਆ ਕਿ ਇਸ ਵਾਰ ਜ਼ਿਲ•ਾ ਲੁਧਿਆਣਾ ਵਿੱਚ ਪਿਛਲੇ ਸਾਲ ਦੇ ਮੁਕਾਬਲੇ 10 ਫੀਸਦੀ ਜਿਆਦਾ ਝੋਨੇ ਦੀ ਫ਼ਸਲ (19 ਲੱਖ ਮੀਟਰਕ ਟਨ) ਆਉਣ ਦੀ ਉਮੀਦ ਹੈ, ਜਿਸ ਲਈ ਜ਼ਿਲ•ੇ ਵਿੱਚ ਕੁੱਲ 104 ਖਰੀਦ ਕੇਂਦਰ ਨਿਰਧਾਰਤ ਕੀਤੇ ਗਏ ਹਨ। ਖਰੀਦ ਏਜੰਸੀਆਂ ਪਨਗ੍ਰੇਨ (30 ਫੀਸਦੀ), ਮਾਰਕਫੈੱਡ (33 ਫੀਸਦੀ), ਪਨਸਪ (22 ਫੀਸਦੀ), ਵੇਅਰ ਹਾਊਸ (10 ਫੀਸਦੀ) ਅਤੇ ਭਾਰਤੀ ਖੁਰਾਕ ਨਿਗਮ (5 ਫੀਸਦੀ) ਨੂੰ ਖਰੀਦ ਵੰਡ ਕਰ ਦਿੱਤੀ ਗਈ ਹੈ। ਉਨ•ਾਂ ਦੱਸਿਆ ਕਿ ਜ਼ਿਲ•ੇ ਵਿੱਚ ਸੈਲਰ ਕਪੈਸਟੀ ਲੋੜ ਮੁਤਾਬਿਕ ਹੈ, ਜਿਸ ਕਾਰਨ ਫ਼ਸਲ ਕਿਸੇ ਹੋਰ ਜ਼ਿਲ•ੇ ਨੂੰ ਭੇਜਣ ਦੀ ਲੋੜ ਨਹੀਂ ਰਹੇਗੀ।
ਸ੍ਰੀ ਅਗਰਵਾਲ ਨੇ ਜ਼ਿਲ•ਾ ਮੰਡੀ ਅਫ਼ਸਰ ਨੂੰ ਹਦਾਇਤ ਕੀਤੀ ਕਿ ਉਹ ਸਾਰੀਆਂ ਮੰਡੀਆਂ ਦੀ ਸਫਾਈ 25 ਸਤੰਬਰ ਤੱਕ ਅਤੇ 30 ਸਤੰਬਰ ਤੱਕ ਹੋਰ ਪ੍ਰਬੰਧ ਯਕੀਨੀ ਬਣਾਉਣ। ਮੰਡੀਆਂ ਦੀ ਸਫਾਈ ਸੰਬੰਧੀ ਸਬੂਤ ਵਜੋਂ ਉਨ•ਾਂ (ਡੀ.ਸੀ.) ਨੂੰ ਵਟਸਐਪ ਰਾਹੀਂ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ। ਮੁੱਖ ਖੇਤੀਬਾੜੀ ਅਫ਼ਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫ਼ਿਲਹਾਲ ਫ਼ਸਲ ਬਹੁਤ ਵਧੀਆ ਹੈ ਅਤੇ ਮੌਸਮ ਠੀਕ ਰਿਹਾ ਤਾਂ ਇਸ ਵਾਰ ਝੋਨੇ ਦੀ ਬੰਪਰ ਪੈਦਾਵਾਰ ਹੋਣ ਦੀ ਉਮੀਦ ਹੈ। ਟਰਾਂਸਪੋਰਟ ਵਿਭਾਗ ਅਤੇ ਵੱਖ-ਵੱਖ ਟਰੱਕ ਯੂਨੀਅਨਾਂ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਗਈ ਕਿ ਫ਼ਸਲ ਦੀ ਢੋਆ-ਢੁਆਈ ਵਿੱਚ ਕੋਈ ਵੀ ਕਮੀ ਨਾ ਰਹੇ।
ਆੜਤੀਆਂ ਵੱਲੋਂ ਰੱਖੀ ਗਈ ਮੰਗ 'ਤੇ ਤੁਰੰਤ ਕਾਰਵਾਈ ਕਰਦਿਆਂ ਸ੍ਰੀ ਅਗਰਵਾਲ ਨੇ ਸਾਰੀਆਂ ਏਜੰਸੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਹਿੱਸੇ ਦਾ ਬਣਦਾ 35 ਫੀਸਦੀ ਬਾਰਦਾਨਾ ਪਹਿਲਾਂ ਹੀ ਮੰਡੀਆਂ ਵਿੱਚ ਆੜਤੀਆਂ ਨੂੰ ਮੁਹੱਈਆ ਕਰਵਾ ਦੇਣ ਤਾਂ ਜੋ ਭਰਾਈ, ਲਿਫਟਿੰਗ ਵਿੱਚ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ। ਬਿਜਲੀ ਵਿਭਾਗ ਨੂੰ ਹਦਾਇਤ ਕੀਤੀ ਗਈ ਕਿ ਮੰਡੀਆਂ ਦੇ ਸੀਜ਼ਨ ਦੌਰਾਨ ਮੰਡੀਆਂ ਵਿੱਚ ਬਿਜਲੀ ਕੱਟ ਨਾ ਲੱਗਣ। ਕਿਉਂਕਿ ਬਿਜਲੀ ਕੱਟ ਨਾਲ ਖਰੀਦ ਕਾਰਜ ਪੂਰੀ ਤਰ•ਾਂ ਰੁਕ ਜਾਂਦੇ ਹਨ। ਹਦਾਇਤ ਕੀਤੀ ਗਈ ਕਿ ਹਰੇਕ ਮੰਡੀ ਦੇ ਬਾਹਰ ਸ਼ਿਕਾਇਤ ਨਿਵਾਰਨ ਕਮੇਟੀਆਂ ਦੇ ਮੈਂਬਰਾਂ, ਐੱਸ. ਡੀ. ਐੱਮ. ਅਤੇ ਹੋਰ ਅਧਿਕਾਰੀਆਂ ਦੇ ਨੰਬਰ ਲਿਖ ਕੇ ਲਗਾਏ ਜਾਣ ਤਾਂ ਜੋ ਲੋੜ ਪੈਣ 'ਤੇ ਕਿਸਾਨ, ਆੜਤੀਆ ਜਾਂ ਹੋਰ ਧਿਰ ਸਿੱਧਾ ਰਾਬਤਾ ਜਾਂ ਸ਼ਿਕਾਇਤ ਕਰ ਸਕੇ। ਖਰੀਦ ਕਾਰਜਾਂ ਵਿੱਚ ਲੱਗਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਦੀਆਂ ਡਿਊਟੀਆਂ ਨੇੜੇ ਤੋਂ ਨੇੜੇ ਲਗਾਈਆਂ ਜਾਣ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਇਕਬਾਲ ਸਿੰਘ ਸੰਧੂ, ਵਧੀਕ ਡਿਪਟੀ ਕਮਿਸ਼ਨਰ (ਵਿ) ਸ੍ਰੀਮਤੀ ਸੁਰਭੀ ਮਲਿਕ, ਵਧੀਕ ਡਿਪਟੀ ਕਮਿਸ਼ਨਰ ਖੰਨਾ ਸ੍ਰੀ ਅਜੇ ਸੂਦ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰਪਾਲ ਗੁਪਤਾ, ਸਾਰੇ ਐੱਸ. ਡੀ. ਐੱਮਜ਼, ਖਰੀਦ ਏਜੰਸੀਆਂ ਦੇ ਅਧਿਕਾਰੀ, ਹੋਰ ਅਧਿਕਾਰੀ ਅਤੇ ਵੱਖ-ਵੱਖ ਧਿਰਾਂ ਦੇ ਨੁਮਾਇੰਦੇ ਹਾਜ਼ਰ ਸਨ।

No comments:

Post a Comment