Friday, 29 September 2017

ਸੈਰ ਸਪਾਟਾ ਦੇ ਕੇਂਦਰ ਵਜੋਂ ਜਾਣਿਆਂ ਜਾਂਦਾ ਹੈ ਅੰਮ੍ਰਿਤਸਰ -ਮੈਡਮ ਕਾਲੀਆ ਵਿਰਾਸਤੀ ਇਮਾਰਤਾਂ ਦੀ ਸੰਭਾਲ ਲਈ ਸ਼ਹਿਰ ਵਾਸੀ ਅੱਗੇ ਆਉਣ

ਅੰਮ੍ਰਿਤਸਰ, - ਜ਼ਿਲਾ ਪ੍ਰਸ਼ਾਸਨ ਵੱਲੋਂ ਟਾਊਨ ਹਾਲ ਅੰਮ੍ਰਿਤਸਰ ਵਿਖੇ ਵਿਸ਼ਵ ਸੈਰ ਸਪਾਟਾ ਦਿਵਸ ਮਨਾਇਆ ਗਿਆ। ਇਸ ਸਮਾਗਮ ਵਿੱਚ ਵੱਖ ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਟਾਊਨ ਹਾਲ ਤੋਂ ਲੈ ਕੇ ਸ੍ਰੀ ਦਰਬਾਰ ਸਾਹਿਬ ਤੱਕ ਹੈਰੀਟੇਜ ਵਾਕ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮੈਡਮ ਅਲਕਾ ਕਾਲੀਆ ਨੇ ਹੈਰੀਟੇਜ ਵਾਕ ਨੂੰ ਝੰਡੀ ਦੇ ਕੇ ਰਵਾਨਾ ਕੀਤਾ।
ਵਿਸ਼ਵ ਸੈਰ ਸਪਾਟਾ ਦਿਵਸ ਨੂੰ ਸਮਰਪਿਤ ਕਰਾਏ ਗਏ ਵਿਸ਼ੇਸ਼ ਸਮਾਗਮ 'ਚ ਬੋਲਦਿਆਂ ਅਲਕਾ ਕਾਲੀਆ ਨੇ ਕਿਹਾ ਕਿ ਗੁਰੂ ਨਗਰੀ ਅੰਮ੍ਰਿਤਸਰ ਦਾ ਵਿਸ਼ਵ ਸੈਰ ਸਪਾਟਾ ਸ਼ਹਿਰ 'ਚ ਖਾਸ ਸਥਾਨ ਹੈ। ਉਨਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਇਤਿਹਾਸਕ ਧਰੋਹਰਾਂ ਨਾਲ ਭਰਿਆ ਪਿਆ ਹੈ ਅਤੇ ਅੰਮ੍ਰਿਤਸਰ ਵਿਖੇ ਕਈ ਵਿਰਾਸਤੀ ਇਮਾਰਤਾਂ ਸÎਥਿਤ ਹਨ ਜਿੰਨਾਂ ਦੀ ਸੰਭਾਲ ਕਰਨ ਦੀ ਬਹੁਤ ਲੋੜ ਹੈ। ਉਨਾਂ ਨੇ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਅਤੇ ਇਸ ਦੀ ਪਹਿਲ ਆਪਣੇ ਘਰ ਦੇ ਆਲੇ ਦੁਆਲੇ ਤੋਂ ਕਰਨ। ਉਨਾਂ ਦੱਸਿਆ ਕਿ ਅੰਮ੍ਰਿਤਸਰ ਵਿਖੇ ਰੋਜ਼ਾਨਾ ਲੱਗਭੱਗ ਡੇਢ ਲੱਖ ਦੇ ਕਰੀਬ ਸ਼ਰਧਾਲੂ ਦਰਸ਼ਨਾਂ ਲਈ ਆਉਂਦੇ ਹਨ। ਬਾਹਰੋਂ ਆਏ ਸੈਲਾਨੀਆਂ ਅਤੇ ਸ਼ਰਧਾਲੂਆਂ ਕਾਰਨ ਸ਼ਹਿਰ ਦੇ ਵਪਾਰ ਨੂੰ ਆਰਥਿਕ ਪੱਖੋਂ ਕਾਫੀ ਹੁਲਾਰਾ ਮਿਲਦਾ ਹੈ। ਉਨਾਂ ਹਾਜ਼ਰੀਨ ਨੂੰ ਕਿਹਾ ਕਿ ਆਪਣੀ ਵਿਰਾਸਤ ਤੇ ਵਿਰਸਾ ਸੰੰਭਾਲਣਾ ਸਾਡਾ ਇਖਲਾਕੀ ਫਰਜ ਹੈ ਅਤੇ ਸਾਨੂੰ ਇਸ ਲਈ ਮਿਲ ਕੇ ਯਤਨ ਕਰਨੇ ਚਾਹੀਦੇ ਹਨ।
ਇਸ ਮੌਕੇ ਪ੍ਰਸਿੱਧ ਇਤਿਹਾਸਕਾਰ ਸੁਰਿੰਦਰ ਕੋਛੜ ਨੇ ਦੱਸਿਆ ਕਿ ਆਜ਼ਾਦੀ ਤੋਂ ਪਹਿਲਾਂ ਵੀ ਅੰਮ੍ਰਿਤਸਰ ਵਪਾਰ ਪੱਖੋਂ ਇਕ ਪ੍ਰਮੁੱਖ ਕੇਂਦਰ ਰਿਹਾ ਹੈ। ਉਨਾਂ ਕਿਹਾ ਕਿ ਅੰਮ੍ਰਿਤਸਰ ਵਿਖੇ ਅਜੇ ਵੀ ਕਈ ਵਿਰਾਸਤੀ ਇਮਾਰਤਾਂ ਸ਼ਹਿਰ ਦੇ ਅੰਦਰੂਨੀ ਹਿੱਸੇ ਵਿੱਚ ਮੌਜੂਦ ਹਨ ਜਿਨਾਂ ਦੀ ਸਾਂਭ ਸੰਭਾਲ ਲਈ ਸਾਨੂੰ ਮਿਲ ਕੇ ਯਤਨ ਕਰਨੇ ਚਾਹੀਦੇ ਹਨ।
ਇਸ ਮੌਕੇ ਵੱਖ-ਵੱਖ ਸਕੂਲੀ ਬੱਚਿਆਂ ਦੇ ਵਿਸ਼ਵ ਸੈਰ ਸਪਾਟਾ ਦਿਵਸ ਦੇ ਮੱਦੇਨਜ਼ਰ ਡਰਾਇੰਗ ਮੁਕਾਬਲੇ ਵੀ ਕਰਾਏ ਗਏ। ਇਸ ਹੈਰੀਟੇਜ ਵਾਕ ਵਿੱਚ ਸ੍ਰੀ ਏ:ਆਰ:ਮਿਸ਼ਰਾ, ਮੈਡਮ ਪ੍ਰੀਤੀ ਸ਼ਰਮਾ, ਮੈਡਮ ਹਰਪ੍ਰੀਤ ਕੌਰ, ਮੈਡਮ ਅੰਜਲੀ ਅਤੇ ਸ਼ਹਿਰ ਦੀ ਵਿਰਾਸਤ ਤੋਂ ਜਾਣੂੰ ਕਰਵਾਉਣ ਵਾਲੇ ਗਾਈਡ ਵੀ ਮੌਜੂਦ ਸਨ।

No comments:

Post a Comment