-ਸੰਘਣੀ ਆਬਾਦੀ ਵਾਲੇ ਬਾਜਾਰਾਂ ‘ਚ ਪਟਾਕੇ ਬਣਾਉਣ, ਸਟੋਰ ਕਰਨ ਤੇ ਖਰੀਦ, ਵੇਚ ਬਿਲਕੁਲ ਨਾ ਕੀਤੀ ਜਾਵੇ – ਅਰਵਿੰਦ ਪਾਲ ਸਿੰਘ ਸੰਧੂ
-ਬਾਜਾਰਾਂ ‘ਚ ਦੁਕਾਨਾਂ ਤੇ ਜਾਂ ਘਰਾਂ ‘ਚ ਪਟਾਕੇ ਵੇਚਣ ਤੇ ਕੀਤੇ ਜਾਣਗੇ ਜਬਤ
-ਸਮੂਹ ਦੁਕਾਨਦਾਰ ਆਪਣੀਆਂ ਦੁਕਾਨਾ ਤੇ ਅੱਗ ਬੁਝਾਉਣ ਲਈ ਬਾਲਟੀਆਂ ‘ਚ ਪਾਣੀ ਤੇ ਰੇਤਾ ਭਰ ਕੇ ਰੱਖਣਾ ਯਕੀਨੀ ਬਣਾਉਣ
ਬਰਨਾਲਾ, (ਬਿਊਰੋ ਰਿਪੋਰਟ) :
ਵਧੀਕ ਡਿਪਟੀ ਕਮਿਸ਼ਨਰ, ਬਰਨਾਲਾ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਬਰਨਾਲਾ ਅੰਦਰ ਦੁਸ਼ਹਿਰੇ ਦਾ ਤਿਉਹਾਰ ਮਨਾਉਣ ਅਤੇ ਦੁਸ਼ਹਿਰਾ-ਦੀਵਾਲੀ ਸਮੇਂ ਪਟਾਖਿਆਂ ਦੀ ਖ੍ਰੀਦ-ਫਰੋਖਤ ਸਬੰਧੀ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਮੀਟਿੰਗ ਕੀਤੀ ਗਈ।
ਇਸ ਦੌਰਾਨ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਨੇ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਜਾਨੀ ਅਤੇ ਮਾਲੀ ਹਿਫਾਜਤ ਲਈ ਜ਼ਿਲਾ ਅੰਦਰ ਸੰਘਣੀ ਆਬਾਦੀ ਵਾਲੀਆਂ ਥਾਂਵਾ ਅਤੇ ਬਾਜਾਰਾਂ ਵਿੱਚ ਪਟਾਕੇ ਬਣਾਉਣ, ਸਟੋਰ ਕਰਨ ਅਤੇ ਖਰੀਦ, ਵੇਚ ਬਿਲਕੁਲ ਵੀ ਨਾ ਕੀਤੀ ਜਾਵੇ। ਉਹਨਾਂ ਕਿਹਾ ਕਿ ਕਈ ਲੋਕ ਆਪਣੀਆਂ ਦੁਕਾਨਾਂ ਅਤੇ ਖਾਸ ਤੌਰ ਤੇ ਘਰਾਂ ਵਿੱਚ ਹੀ ਪਟਾਕੇ ਸਟੋਰ ਕਰ ਲੈਂਦੇ ਹਨ, ਜੋ ਕਿ ਬੇਹੱਦ ਖਤਰਨਾਕ ਹੈ। ਉਹਨਾਂ ਕਿਹਾ ਕਿ ਜੇਕਰ ਕੋਈ ਵੀ ਬਾਜਾਰਾਂ ‘ਚ ਦੁਕਾਨਾਂ ਤੇ ਜਾਂ ਘਰਾਂ ਵਿੱਚ ਕੋਈ ਵੀ ਪਟਾਕੇ ਵੇਚਦਾ ਪਾਇਆ ਗਿਆ ਤਾਂ ਉਸ ਦੇ ਪਟਾਕੇ ਜਬਤ ਕੀਤੇ ਜਾਣਗੇ ਅਤੇ ਉਸ ਨੂੰ ਜੁਰਮਾਨਾ ਵੀ ਕੀਤਾ ਜਾਵੇਗਾ।
ਉਹਨਾਂ ਸਮੂਹ ਦੁਕਾਨਦਾਰਾਂ ਨੂੰ ਕਿਹਾ ਕਿ ਆਪਣੀਆਂ ਦੁਕਾਨਾ ਤੇ ਅੱਗ ਬੁਝਾਉਣ ਲਈ ਯੋਗ ਪ੍ਰਬੰਧ ਕਰਨੇ ਯਕੀਨੀ ਬਣਾਏ ਜਾਣ ਅਤੇ ਦੁਕਾਨਾ ਤੇ ਬਾਲਟੀਆਂ ਵਿੱਚ ਪਾਣੀ ਅਤੇ ਰੇਤਾ ਭਰ ਕੇ ਰੱਖਿਆਂ ਜਾਵੇ ਤਾਂ ਜੋ ਕੋਈ ਅਣਸੁਖਾਂਵੀ ਦੁਰਘਟਨਾ ਵਾਪਰ ਜਾਣ ਤੇ ਵੱਡੀ ਘਟਨਾ ਹੋਣ ਤੋਂ ਬਚਾਅ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਨਿਰਧਾਰਿਤ ਕੀਤੀਆਂ ਥਾਂਵਾ ਤੇ ਹੀ ਪਟਾਕੇ ਵੇਚੇ ਜਾਣ ਅਤੇ ਪਟਾਕੇ ਵੇਚਣ ਤੋਂ ਪਹਿਲਾਂ ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸੋ ਲਾਇਸੰਸ ਲੈਣਾ ਯਕੀਨੀ ਬਣਾਇਆ ਜਾਵੇ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਨੇ ਬਰਨਾਲਾ ਵਿਖੇ ਦੁਸ਼ਹਿਰੇ ਦਾ ਤਿਉਹਾਰ ਮਨਾਉਣ ਸਬੰਧੀ ਪ੍ਰਬੰਧਾ ਦਾ ਜਾਇਜਾ ਲਿਆ। ਉਹਨਾਂ ਦੱਸਿਆ ਕਿ ਮਿਤੀ 30 ਸਤੰਬਰ ਨੂੰ ਸਥਾਨਕ 25 ਏਕੜ ਟੋਭਾ ਸਕੀਮ ਵਿੱਚ ਦੁਸ਼ਹਿਰੇ ਦਾ ਮੇਲਾ ਬੜੀ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਉਹਨਾਂ ਸਬੰਧਤ ਵਿਭਾਗ ਨੂੰ 25 ਏਕੜ ਦੀ ਸਾਫ-ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਤੇ ਜੋਰ ਦਿੱਤਾ। ਉਹਨਾਂ ਪੁਲਿਸ ਵਿਭਾਗ ਨੂੰ ਇਸ ਦੌਰਾਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਅਤੇ ਨਾਲ ਹੀ ਇਸ ਦਿਨ ਪਾਰਕਿੰਗ ਅਤੇ ਟਰੇਫਿਕ ਦੇ ਵੀ ਮੁਕੰਮਲ ਪ੍ਰਬੰਧ ਕਰਨ ਲਈ ਕਿਹਾ।
ਇਸ ਮੌਕੇ ਹੋਰਨਾ ਤੋਂ ਇਲਾਵਾ ਐਸ. ਡੀ. ਐਮ. ਬਰਨਾਲਾ-ਕਮ-ਸਹਾਇਕ ਕਮਿਸ਼ਨਰ (ਜ) ਸ. ਮਨਕੰਵਲ ਸਿੰਘ ਚਹਿਲ, ਐਸ.ਡੀ.ਐਮ. ਤਪਾ-ਕਮ-ਸਹਾਇਕ ਕਮਿਸ਼ਨਰ (ਸ਼ਿਕਾਇਤਾ) ਸ੍ਰੀ ਹਿਮਾਂਸੂ ਗੁਪਤਾ, ਸਹਾਇਕ ਕਮਿਸ਼ਨਰ (ਅੰਡਰ ਟਰੇਨਿੰਗ) ਮੈਡਮ ਸ਼ਾਇਰੀ ਮਲਹੋਤਰਾ, ਡੀ.ਐਸ.ਪੀ. ਸਿਟੀ ਸ੍ਰੀ ਰਾਜੇਸ਼ ਛਿੱਬਰ, ਡੀ.ਐਸ.ਪੀ. ਸ੍ਰੀ ਕੁਲਦੀਪ ਸਿੰਘ ਵਿਰਕ, ਤਹਿਸੀਲਦਾਰ ਬਰਨਾਲਾ ਸ੍ਰੀ ਬਲਕਰਨ ਸਿੰਘ, ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਸ੍ਰੀ ਪਰਵਿੰਦਰ ਸਿੰਘ ਭੱਟੀ ਅਤੇ ਸਬੰਧਤ ਵਿਭਾਗਾ ਦੇ ਅਧਿਕਾਰੀ ਅਤੇ ਦੁਕਾਨਦਾਰ ਹਾਜ਼ਰ ਸਨ।
No comments:
Post a Comment