Tuesday 19 September 2017

ਜ਼ਿਲਾ ਪ੍ਰਸਾਸ਼ਨ ਵਲੋਂ ਬੱਚਿਆਂ ਦੀ ਸੁਰੱਖਿਆ ਲਈ ਸਕੂਲਾਂ ਨੂੰ ਨਿਰਦੇਸ਼ - ਹਰੇਕ ਵਿਦਿਅਕ ਅਦਾਰੇ ਨੂੰ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਦੀ ਹਦਾਇਤ

ਅੰਮ੍ਰਿਤਸਰ, - ਜ਼ਿਲਾ ਪ੍ਰਸ਼ਾਸ਼ਨ ਵੱਲੋਂ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਸਕੂਲਾਂ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਨਾਂ ਦੀ ਪਾਲਣਾ ਲਈ ਹਰੇਕ ਸਕੂਲ ਨੂੰ ਤੁਰੰਤ ਕਾਰਵਾਈ ਕਰਨ ਲਈ ਆਖਿਆ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਬੱਚਿਆਂ ਨੂੰ ਕਿਸੇ ਵੀ ਤਰਾਂ ਦੇ ਸ਼ੋਸ਼ਣ ਤੋਂ ਬਚਾਉਣ ਲਈ ਸਕੂਲ/ਕਾਲਜ ਪ੍ਰਬੰਧਕਾਂ ਨੂੰ ਕੋਈ ਵੀ ਸਟਾਫ਼ (ਅਧਿਆਪਕ, ਅਟੈਂਡੈਂਟਸ, ਸੇਵਾਦਾਰ, ਡਰਾਈਵਰ, ਕਲੀਨਰ ਆਦਿ) ਬਿਨਾਂ ਅਗਾਊਂ ਪੁਲੀਸ ਪੜਤਾਲ ਤੋਂ ਨਾ ਰੱਖਣ ਲਈ ਕਿਹਾ ਗਿਆ ਹੈ। ਸਟਾਫ਼ ਮੈਂਬਰਾਂ ਦੀ ਬੱਚਿਆਂ ਵੱਲੋਂ ਵਰਤੇ ਜਾਣ ਵਾਲੇ ਬਾਥਰੂਮਾਂ ਤੱਕ ਪਹੁੰਚ ਨਾ ਹੋਵੇ ਅਤੇ ਸਟਾਫ਼ ਅਤੇ ਬੱਚਿਆਂ ਦੇ ਬਾਥਰੂਮ ਅਲੱਗ-ਅਲੱਗ ਹੋਣੇ ਚਾਹੀਦੇ ਹਨ।
ਜੇਕਰ ਕੋਈ ਵੀ ਵਿਦਿਆਰਥੀ ਸਕੂਲ/ਕਾਲਜ ਜਾਂ ਘਰ, ਕਿਸੇ ਵੀ ਤਰਾਂ ਦੇ ਸਰੀਰਕ ਵਧੀਕੀ ਦੀ ਸ਼ਿਕਾਇਤ ਕਰਦਾ ਹੈ ਤਾਂ ਸਕੂਲ/ਕਾਲਜ ਮੁਖੀ ਤੁਰੰਤ ਨੇੜਲੇ ਪੁਲੀਸ ਥਾਣੇ ਵਿੱਚ ਇਤਲਾਹ ਕਰਨੀ ਯਕੀਨੀ ਬਣਾਵੇਗਾ। ਵਿਦਿਆਰਥੀਆਂ ਨੂੰ ਪੋਸਕੋ ਈ-ਬਾਕਸ (ਆਨਲਾਈਨਲ ਸ਼ਿਕਾਇਤ ਪੋਰਟਲ) ਪ੍ਰਤੀ ਜਾਣੂ ਕਰਵਾਉਣ ਲਈ ਵੀ ਆਖਿਆ ਗਿਆ ਹੈ ਜਿਸ ਦਾ ਪਤਾ http://ncpcr.gov.in/usercomplaints.php ਹੈ।
ਹਰੇਕ ਸਕੂਲ/ਕਾਲਜ ਨੂੰ ਚਾਈਲਡ ਹੈਲਪਲਾਈਨ ਨੰ. 1098 ਆਪਣੇ ਅਦਾਰੇ ਵਿੱਚ ਹਰ ਇੱਕ ਨੂੰ ਸੌਖੇ ਹੀ ਨਜ਼ਰ ਆਉਣ ਵਾਲੇ ਥਾਂ 'ਤੇ ਲਿਖਣ ਲਈ ਆਖਿਆ ਗਿਆ ਹੈ।
ਜਿਨਾਂ ਸਕੂਲ ਵੈਨਾਂ/ਬੱਸਾਂ ਵਿੱਚ ਲੜਕੀਆਂ (ਵਿਦਿਆਰਥਣਾਂ) ਸਫ਼ਰ ਕਰਦੀਆਂ ਹਨ, ਉਨਾਂ ਵਿੱਚ ਮਹਿਲਾ ਅਟੈਂਡੈਂਟ ਦੀ ਡਿਊਟੀ ਲਾਜ਼ਮੀ ਕਰਨ ਲਈ ਆਖਿਆ ਗਿਆ ਹੈ ਅਤੇ ਇਹ ਮਹਿਲਾ ਅਟੈਂਡੈਂਟ ਜਿੱਥੋਂ ਪਹਿਲੀ ਵਿਦਿਆਰਥਣ ਸਵਾਰ ਹੋਵੇ, ਤੋਂ ਪਹਿਲਾਂ ਬੱਸ ਵਿੱਚ ਮੌਜੂਦ ਹੋਣੀ ਚਾਹੀਦੀ ਹੈ। ਇਸੇ ਤਰਾਂ ਆਖਰੀ ਵਿਦਿਆਰਥਣ ਦੇ ਉਤਰਣ ਤੋਂ ਬਾਅਦ ਹੀ ਮਹਿਲਾ ਅਟੈਂਡੈਂਟ ਬੱਸ ਵਿੱਚੋਂ ਉੱਤਰੇਗੀ।
ਸਮੂਹ ਨਿੱਜੀ ਸਕੂਲਾਂ ਦੀਆਂ ਬੱਸਾਂ ਪੰਜਾਬ ਸੇਫ਼ ਸਕੂਲ ਵਾਹਨ ਨੀਤੀ ਦਾ ਪਾਲਣ ਕਰਦੀਆਂ ਹੋਣੀਆਂ ਚਾਹੀਦੀਆਂ ਹਨ, ਜਿਨਾਂ ਬਾਰੇ ਵਧੇਰੇ ਜਾਣਕਾਰੀ http://olps.punjabtransport.org/2usNotification.pdf  ਤੋਂ ਲਈ ਜਾ ਸਕਦੀ ਹੈ।
ਇਸ ਤੋਂ ਇਲਾਵਾ ਜ਼ਿਲੇ ਵਿੱਚ ਗਠਿਤ ਸੇਫ਼ ਸਕੂਲ ਵਾਹਨ ਕਮੇਟੀਆਂ ਨੂੰ ਸਕੂਲ ਬੱਸਾਂ ਅਤੇ ਸਕੂਲਾਂ ਵਿੱਚ ਬੱਚਿਆਂ ਦੇ ਸ਼ੋਸ਼ਣ ਨੂੰ ਰੋਕਣ ਸਬੰਧੀ ਹਦਾਇਤਾਂ ਦੀ ਪਾਲਣਾ ਲਈ ਸਮੇਂ-ਸਮੇਂ ਚੈਕਿੰਗ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।


No comments:

Post a Comment