Thursday 21 September 2017

ਜ਼ਿਲਾ ਪ੍ਰਸਾਸ਼ਨ ਵੱਲੋਂ ਪਾਈ ਆਨਲਾਈਨ ਪਟੀਸ਼ਨ ਨੂੰ ਲੋਕਾਂ ਦਾ ਭਾਰੀ ਸਮਰਥਨ

-ਸਵੱਛਤਾ ਨੂੰ ਪ੍ਰਾਥਮਿਕਤਾ ਦਿਵਾਉਣ ਲਈ ਲੋਕ ਮੁਹਿੰਮ ਨਾਲ ਜੁੜਨ-ਡਿਪਟੀ ਕਮਿਸ਼ਨਰ
ਲੁਧਿਆਣਾ, :-ਪੂਰੇ ਦੇਸ਼ ਵਿੱਚ ਸਵੱਛਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਲੋਕਾਂ ਨੂੰ ਆਪਣਾ ਆਲਾ ਦੁਆਲਾ ਸਾਫ਼ ਰੱਖਣ, ਪਖ਼ਾਨੇ ਦੀ ਵਰਤੋਂ ਕਰਨ ਅਤੇ ਦੇਸ਼ ਨੂੰ ਸਵੱਛ ਬਣਾਉਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਸਵੱਛਤਾ ਵਰਗੇ ਮੁੱਦੇ ਨੂੰ ਵਿਸ਼ਵ ਪੱਧਰ ‘ਤੇ ਅਹਿਮ ਮੁੱਦਾ ਬਣਾਉਣ ਦੇ ਮਕਸਦ ਨਾਲ ਜ਼ਿਲਾ ਪ੍ਰਸਾਸ਼ਨ ਨੇ ਇੱਕ ਆਨਲਾਈਨ ਪਟੀਸ਼ਨ ਪਾ ਕੇ ਨਿਵੇਕਲੀ ਪਹਿਲਕਦਮੀ ਕੀਤੀ ਹੈ, ਜਿਸ ਨੂੰ ਦੇਸ਼ ਵਿਦੇਸ਼ ਦੇ ਲੋਕਾਂ ਵੱਲੋਂ ਭਾਰੀ ਸਮਰਥਨ ਮਿਲ ਰਿਹਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਰਾਹੀਂ ਜ਼ਿਲਾ ਪ੍ਰਸਾਸ਼ਨ ਨੇ ਵੈੱਬਸਾਈਟ www.change.org ‘ਤੇ ਇੱਕ ਆਨਲਾਈਨ ਪਟੀਸ਼ਨ ਫਾਈਲ ਕਰਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਪਟੀਸ਼ਨ ‘ਤੇ ਵੱਧ ਤੋਂ ਵੱਧ ਹਸਤਾਖ਼ਰ ਕਰਕੇ ਇਸ ਨੂੰ ਸਮਰਥਨ ਦੇਣ। ਇਸ ਪਟੀਸ਼ਨ ਵਿੱਚ ਆਪਣਾ ਆਲਾ ਦੁਆਲਾ ਸਾਫ਼ ਰੱਖਣ, ਮਲ ਤਿਆਗ ਲਈ ਪਖ਼ਾਨੇ ਦੀ ਵਰਤੋਂ ਅਤੇ ਹਰ ਤਰ•ਾਂ ਦੀ ਸਵੱਛਤਾ ਨੂੰ ਵਿਸ਼ਵ ਵਿਆਪੀ ਪ੍ਰਾਥਮਿਕਤਾ ਵਾਲਾ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਵਿਸ਼ਵ ਦੇ ਦੇਸ਼ ਇਸ ਨੂੰ ਗੰਭੀਰਤਾ ਨਾਲ ਲੈਣ।
ਉਨ•ਾਂ ਕਿਹਾ ਕਿ ਮਿਤੀ 21 ਸਤੰਬਰ, 2017 ਨੂੰ ਸਵੇਰੇ ਪਾਈ ਗਈ ਇਸ ਪਟੀਸ਼ਨ ਨੂੰ ਲੋਕਾਂ ਦਾ ਇਨ•ਾਂ ਸਮਰਥਨ ਮਿਲਿਆ ਕਿ ਕੁਝ ਘੰਟਿਆਂ ਵਿੱਚ ਹੀ ਇਸ ਪਟੀਸ਼ਨ ‘ਤੇ ਜ਼ਿਲਾ ਪ੍ਰਸਾਸ਼ਨ ਦੇ ਕਈ ਉੱਚ ਅਧਿਕਾਰੀਆਂ ਸਮੇਤ ਸੈਂਕੜੇ ਲੋਕਾਂ ਨੇ ਹਸਤਾਖ਼ਰ ਕਰ ਦਿੱਤੇ। ਹਸਤਾਖ਼ਰ ਕਰਨ ਵਾਲਿਆਂ ਵਿੱਚ ਦੇਸ਼ ਅਤੇ ਵਿਦੇਸ਼ਾਂ ਦੇ ਕੋਨੇ-ਕੋਨੇ ਵਿੱਚ ਬੈਠੇ ਪੰਜਾਬੀ ਅਤੇ ਭਾਰਤੀ ਵਾਸੀ ਵੀ ਸ਼ਾਮਿਲ ਹਨ। ਇਸ ਪਟੀਸ਼ਨ ‘ਤੇ ਹਸਤਾਖ਼ਰ ਕਰਨ ਵਾਲਾ ਵਿਅਕਤੀ ਇਹ ਸਹੁੰ ਚੁੱਕਦਾ ਹੈ ਕਿ ਉਹ ਖੁਦ ਆਪਣਾ ਆਲਾ ਦੁਆਲਾ ਸਾਫ਼ ਰੱਖਣ, ਪਖ਼ਾਨੇ ਦੀ ਵਰਤੋਂ ਦੇ ਨਾਲ-ਨਾਲ ਹੋਰਾਂ ਨੂੰ ਵੀ ਸਵੱਛਤਾ ਫੈਲਾਉਣ ਲਈ ਜਾਗਰੂਕ ਕਰੇਗਾ। ਸ੍ਰੀ ਅਗਰਵਾਲ ਨੇ ਸਵੱਛਤਾ ਨੂੰ ਪ੍ਰਾਥਮਿਕਤਾ ਦਿਵਾਉਣ ਲਈ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੁਹਿੰਮ ਨਾਲ ਵੱਧ ਚੜ ਕੇ ਜੁੜਨ।
ਪਟੀਸ਼ਨਕਰਤਾ ਸ੍ਰ. ਜਸਵਿੰਦਰ ਸਿੰਘ ਚਾਹਲ, ਕਾਰਜਕਾਰੀ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਦੱਸਿਆ ਕਿ ਇਸ ਵੈੱਬਸਾਈਟ ‘ਤੇ ਵਿਸ਼ਵ ਦੇ ਅਹਿਮ ਮੁੱਦੇ ਵਿਚਾਰੇ ਜਾਂਦੇ ਹਨ, ਜਦੋਂ ਕੋਈ ਪਟੀਸ਼ਨ ਪਾਈ ਜਾਂਦੀ ਹੈ ਤਾਂ ਉਸ ‘ਤੇ ਲੋਕਾਂ ਦੇ ਵਿਚਾਰ ਲਏ ਜਾਂਦੇ ਹਨ। ਜਿਸ ਮੁੱਦੇ ਨੂੰ ਆਮ ਨਾਲੋਂ ਵਧੇਰੇ ਲੋਕਾਂ ਦਾ ਸਮਰਥਨ ਮਿਲਦਾ ਹੈ ਤਾਂ ਉਸ ਨੂੰ ਵਿਸ਼ਵ ਪੱਧਰੀ ਮੁੱਦਾ ਐਲਾਨ ਕੇ ਉਸ ਦਿਸ਼ਾ ਵਿੱਚ ਕੰਮ ਕਰਨ ਲਈ ਵਿਸ਼ਵ ਪੱਧਰ ‘ਤੇ ਲੋਕ ਰਾਏ ਕਾਇਮ ਕੀਤੀ ਜਾਂਦੀ ਹੈ। ਇਸ ਪਟੀਸ਼ਨ ਵਿੱਚ ਦੇਸ਼ ਦੇ 60 ਕਰੋੜ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਦੇਸ਼ ਨੂੰ ਖੁੱਲੇਆਮ ਪਖ਼ਾਨਾ ਮੁਕਤ ਬਣਾਉਣ ਲਈ ਅੱਗੇ ਆਉਣ। ਪਟੀਸ਼ਨ ਵਿੱਚ ਖੁੱਲੇਆਮ ਪਖ਼ਾਨਾ ਕਰਨ ਦੇ ਨੁਕਸਾਨਾਂ ਪ੍ਰਤੀ ਵੀ ਦੱਸਿਆ ਗਿਆ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਜ਼ਿਲਾ ਲੁਧਿਆਣਾ ਵਿੱਚ ਖੁੱਲੇਆਮ ਪਖ਼ਾਨਾ ਮੁਕਤੀ ਲਈ ਭਾਰਤੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਕੁੱਲ 25668 ਪਖ਼ਾਨੇ ਬਣਾ ਕੇ ਦਿੱਤੇ ਜਾ ਚੁੱਕੇ ਹਨ। ਜਿਸ ਨਾਲ ਜ਼ਿਲਾ ਲੁਧਿਆਣਾ ਦੇ ਦਿਹਾਤੀ ਖੇਤਰ 100 ਫੀਸਦੀ ਪਖ਼ਾਨਾ ਯੁਕਤ ਹੋ ਗਏ ਹਨ। ਇਸ ਤੋਂ ਇਲਾਵਾ ਮਨਾਏ ਜਾ ਰਹੇ ਸਵੱਛਤਾ ਪੰਦਰਵਾੜੇ ਦੌਰਾਨ ਜ਼ਿਲਾ ਲੁਧਿਆਣਾ ਦੇ 928 ਪਿੰਡਾਂ ਦੇ ਸਾਰੇ ਸਕੂਲਾਂ, ਗਲੀਆਂ ਨਾਲੀਆਂ ਅਤੇ ਜਨਤਕ ਸਥਾਨਾਂ ਦੀ ਸਫਾਈ ਮੁਹਿੰਮ ਪੂਰੇ ਜ਼ੋਰਾਂ ‘ਤੇ ਜਾਰੀ ਹੈ। ਵਿਦਿਆਰਥੀਆਂ, ਸਰਕਾਰੀ ਅਧਿਕਾਰੀਆਂ ਅਤੇ ਆਮ ਲੋਕਾਂ ਵੱਲੋਂ ਸਵੱਛਤਾ ਸੰਬੰਧੀ ਸਹੁੰ ਚੁੱਕੀ ਜਾ ਰਹੀ ਹੈ। ਲੱਖਾਂ ਲੋਕ ਇਸ ਮੁਹਿੰਮ ਨਾਲ ਜੁੜੇ ਹੋਏ ਹਨ। ਇਸ ਮੁਹਿੰਮ ਨੂੰ ਲੋਕਾਂ ਤੱਕ ਲਿਜਾਣ ਲਈ ਪੰਚਾਇਤ ਵਿਭਾਗ ਵੱਲੋਂ ਵੱਡਾ ਸਹਿਯੋਗ ਦਿੱਤਾ ਜਾ ਰਿਹਾ ਹੈ। ਕਈ ਪੰਚਾਇਤਾਂ ਵੱਲੋਂ ਮਤੇ ਪਾਏ ਗਏ ਹਨ। ਸਮਾਜ ਦੇ ਹਰੇਕ ਵਰਗ ਵੱਲੋਂ ਭਾਰੀ ਸਹਿਯੋਗ ਮਿਲ ਰਿਹਾ ਹੈ।

No comments:

Post a Comment