Friday 22 September 2017

ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਲਈ 27 ਸਤੰਬਰ ਤੱਕ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣ: ਬਰਾੜ ਸ਼ਾਮ 6 ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੱਕ ਕੰਬਾਇਨਾਂ ਨਾਲ ਨਹੀਂ ਕਰਵਾਈ ਜਾ ਸਕੇਗੀ ਝੋਨੇ ਦੀ ਕਟਾਈ ਮੰਡੀਆਂ ਦੇ ਗੇਟ 'ਤੇ ਹੀ ਮਾਸ਼ਚਰ ਮੀਟਰ ਰਾਹੀਂ ਨਮੀਂ ਚੈਕ ਕਰਨਾ ਬਣਾਇਆ ਜਾਵੇ ਯਕੀਨੀ ਵਧੇਰੇ ਨਮੀ ਵਾਲੀ ਫਸਲ ਮੰਡੀ ਵਿੱਚ ਆਉਣ 'ਤੇ ਸਬੰਧਤ ਮੰਡੀ ਦੇ ਸਕੱਤਰ ਦੀ ਕੀਤੀ ਜਾਵੇਗੀ ਜਿੰਮੇਵਾਰੀ ਤੈਅ

ਫ਼ਤਹਿਗੜ੍ਹ ਸਾਹਿਬ, : 27 ਸਤੰਬਰ ਤੱਕ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਵਿੱਚ ਝੋਨੇ ਦੀ ਫਸਲ ਦੀ ਖਰੀਦ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰਨ ਨੂੰ ਯਕੀਨੀ ਬਣਾਇਆ ਜਾਵੇ ਅਤੇ ਮੰਡੀਆਂ ਵਿੱਚ ਕਿਸਾਨਾਂ ਤੇ ਮਜਦੂਰਾਂ ਦੀ ਸਹੂਲਤ ਲਈ ਪੀਣ ਵਾਲੇ ਪਾਣੀ, ਛਾਂਦਾਰ ਜਗ੍ਹਾਂ, ਪਖਾਨੇ ਤੇ ਬਿਜਲੀ ਦੇ ਢੁਕਵੇਂ ਪ੍ਰਬੰਧ ਕਰਨ ਨੂੰ ਵੀ ਯਕੀਨੀ ਬਣਾਇਆ ਜਾਵੇ ਤਾਂ ਜੋ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਹ ਆਦੇਸ਼ ਡਿਪਟੀ ਕਮਿਸ਼ਨਰ ਕੰਵਲਪ੍ਰੀਤ ਬਰਾੜ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 1 ਅਕਤੂਬਰ ਤੋਂ ਸ਼ੁਰੂ ਹੋ ਰਹੀ ਝੋਨੇ ਦੀ ਖਰੀਦ ਦੇ ਅਗੇਤੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਬੰਧਤ ਅਫਸਰਾਂ ਨੂੰ ਦਿੱਤੇ। ਉਨ੍ਹਾਂ ਕਿਹਾ ਕਿ 27 ਸਤੰਬਰ ਤੋਂ ਬਾਅਦ ਸਬੰਧਤ ਐਸ.ਡੀ.ਐਮ. ਰਾਹੀਂ ਮੰਡੀਆਂ ਦੀ ਚੈਕਿੰਗ ਕਰਵਾਈ ਜਾਵੇਗੀ ਅਤੇ ਮੰਡੀਆਂ ਵਿੱਚ ਸੁਚੱਜੇ ਪ੍ਰਬੰਧ ਨਾ ਹੋਣ 'ਤੇ ਸਬੰਧਤ ਅਧਿਕਾਰੀ ਨੂੰ ਜਿੰਮੇਵਾਰ ਠਹਿਰਾਇਆ ਜਾਵੇਗਾ। ਉਨ੍ਹਾਂ ਜ਼ਿਲ੍ਹਾ ਮੰਡੀ ਅਫਸਰ ਨੂੰ ਵੀ ਆਦੇਸ਼ ਦਿੱਤੇ ਕਿ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਵਿੱਚ ਪ੍ਰਦੂਸ਼ਣ ਬੋਰਡ ਵੱਲੋਂ ਝੋਨੇ ਦੀ ਨਾੜ ਨੂੰ ਅੱਗ ਨਾ ਲਗਾਉਣ ਸਬੰਧੀ ਤਿਆਰ ਕੀਤੇ ਗਏ ਜਾਗਰੂਕਤਾ ਬੈਨਰ ਲਗਾਉਣੇ ਯਕੀਨੀ ਬਣਾਏ ਜਾਣ।
ਡਿਪਟੀ ਕਮਿਸ਼ਨਰ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਇਹ ਆਦੇਸ਼ ਵੀ ਦਿੱਤੇ ਕਿ ਹਰੇਕ ਮੰਡੀ ਦੇ ਗੇਟ 'ਤੇ ਆਪਣੇ ਇੱਕ ਅਧਿਕਾਰੀ ਜਾਂ ਕਰਮਚਾਰੀ ਦੀ ਮਾਸ਼ਚਰ ਮੀਟਰ ਨਾਲ ਡਿਊਟੀ ਲਗਾਈ ਜਾਵੇ ਜੋ ਕਿ ਮੰਡੀ ਵਿੱਚ ਫਸਲ ਆਉਣ 'ਤੇ ਉਸ ਵਿਚਲੀ ਨਮੀ ਚੈਕ ਕਰਕੇ ਹੀ ਫਸਲ ਮੰਡੀ ਅੰਦਰ ਆਉਣ ਦੇਵੇ। ਉਨ੍ਹਾਂ ਸਖਤ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਜ਼ਿਲ੍ਹੇ ਦੀ ਕਿਸੇ ਵੀ ਮੰਡੀ ਵਿੱਚ ਤੈਅ ਮਾਪ ਦੰਡ ਵਾਲੀ ਨਮੀਂ ਨਾਲੋਂ ਵੱਧ ਨਮੀਂ ਵਾਲੀ ਫਸਲ ਪਾਈ ਗਈ ਤਾਂ ਸਬੰਧਤ ਮਾਰਕੀਟ ਕਮੇਟੀ ਦੇ ਸਕੱਤਰ ਦੀ ਜਿੰਮੇਵਾਰੀ ਤੈਅ ਕੀਤੀ ਜਾਵੇਗੀ ਅਤੇ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਈ ਵਾਰ ਕਿਸਾਨ ਵਧੇਰੇ ਨਮੀ ਵਾਲੀ ਫਸਲ ਮੰਡੀ ਵਿੱਚ ਲਿਆ ਕੇ ਸੁੱਕਣੇ ਪਾ ਦਿੰਦੇ ਹਨ ਜਿਸ ਕਾਰਨ ਮੰਡੀ ਵਿੱਚ ਅਣਵਿਕੀ ਫਸਲ ਦੇ ਅੰਬਾਰ ਲੱਗ ਜਾਂਦੇ ਹਨ ਇਸ ਲਈ ਇਹ ਜਰੂਰੀ ਹੈ ਕਿ ਮੰਡੀ ਵਿੱਚ ਆਉਂਦੇ ਹੀ ਫਸਲ ਦੀ ਨਮੀਂ ਚੈਕ ਕੀਤੀ ਜਾਵੇ।
ਸ਼੍ਰੀਮਤੀ ਬਰਾੜ ਨੇ ਸ਼ੈਲਰ ਐਸੋਸੀਏਸ਼ਨਾਂ, ਆੜਤੀਆਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ ਵਿੱਚ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ  ਤੱਕ ਕੰਬਾਇਨਾਂ ਨਾਲ ਝੋਨੇ ਦੀ ਕਟਾਈ ਨਹੀਂ ਕਰਵਾਈ ਜਾ ਸਕਦੀ ਅਤੇ ਜੇਕਰ ਕਿਸੇ ਦੇ ਵੀ ਧਿਆਨ ਵਿੱਚ ਅਜਿਹਾ ਕੋਈ ਮਾਮਲਾ ਆਉਂਦਾ ਹੈ ਤਾਂ ਤੁਰੰਤ ਉਨ੍ਹਾਂ ਦੇ ਨਿੱਜੀ ਮੋਬਾਇਲ ਨੰਬਰ 'ਤੇ ਫੋਨ ਕਰਕੇ ਸੂਚਨਾਂ ਦਿੱਤੀ ਜਾਵੇ ਤਾਂ ਜੋ ਸਬੰਧਤ ਕੰਬਾਇਨ ਮਾਲਕ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਰਾਤ ਸਮੇਂ ਤ੍ਰੇਲ ਪਈ ਕਾਰਨ ਕੰਬਾਇਨਾਂ ਨਾਲ ਫਸਲ ਦੀ ਕਟਾਈ ਕਰਵਾਉਣ ਕਾਰਨ ਫਸਲ ਵਿੱਚ ਨਮੀਂ ਦੀ ਮਾਤਰਾ ਵਧੇਰੇ ਹੋ ਜਾਂਦੀ ਹੈ ਜਿਸ ਕਾਰਨ ਖਰੀਦ ਏਜੰਸੀਆਂ ਉਸ ਫਸਲ ਨੂੰ ਖਰੀਦਣ ਤੋਂ ਅਸਮਰੱਥ ਹੁੰਦੀਆਂ ਹਨ। ਉਨ੍ਹਾਂ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਮੰਡੀਆਂ ਵਿੱਚ ਲੋੜੀਂਦੇ ਬਾਰਦਾਨੇ ਦਾ ਪ੍ਰਬੰਧ ਕੀਤਾ ਜਾਵੇ ਤੇ ਮੰਡੀਆਂ ਵਿੱਚ ਸਟਾਫ ਦੀਆਂ ਡਿਊਟੀਆਂ ਲਗਾਈਆਂ ਜਾਣ।
ਮੀਟਿੰਗ ਵਿੱਚ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ਼੍ਰੀ ਜਸਪ੍ਰੀਤ ਸਿੰਘ ਕਾਹਲੋਂ, ਜ਼ਿਲ੍ਹਾ ਮੰਡੀ ਅਫਸਰ ਸ਼੍ਰੀਮਤੀ ਜਸਬੀਰ ਕੌਰ, ਆੜਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਸਾਧੂ ਰਾਮ ਭੱਟਮਾਜਰਾ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਇੰਦਰਜੀਤ ਸਿੰਘ ਸੰਧੂ, ਡੀ.ਐਮ. ਮਾਰਕਫੈਡ ਸ੍ਰੀ ਜਸਵਿੰਦਰ ਸਿੰਘ, ਸ਼ੈਲਰ ਐਸੋਸੀਏਸ਼ਨ ਬਸੀ ਪਠਾਣਾ ਦੇ ਪ੍ਰਧਾਨ ਸ੍ਰੀ ਲਖਵੀਰ ਸਿੰਘ ਥਾਬਲਾਂ, ਸ਼ੈਲਰ ਐਸੋਸੀਏਸ਼ਨ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਸ੍ਰੀ ਮਨੋਜ ਹਸੀਜਾ, ਪੰਜਾਬ ਸ਼ੈਲਰ ਐਸੋਸੀਏਸ਼ਨ ਦੇ ਪ੍ਰੈਸ ਸਕੱਤਰ ਸ੍ਰੀ ਨਾਕੇਸ਼ ਜਿੰਦਲ, ਸ਼ੈਲਰ ਐਸੋਸੀਏਸ਼ਨ ਅਮਲੋਹ ਦੇ ਪ੍ਰਧਾਨ ਸ੍ਰੀ ਰਾਕੇਸ਼ ਗਰਗ, ਚੇਅਰਮੈਨ ਸ਼ੈਲਰ ਐਸੋਸੀਏਸ਼ਨ ਅਮਲੋਹ ਸ਼੍ਰੀ ਵਿਨੋਦ ਅਬਰੌਲ, ਭੁਪਿੰਦਰ ਸਿੰਘ ਉਪ ਪ੍ਰਧਾਨ ਆੜਤੀ ਐਸੋਸ਼ੀਏਸ਼ਨ ਸਰਹਿੰਦ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜਰ ਸਨ।

ਕੈਪਸ਼ਨ:
ਡਿਪਟੀ ਕਮਿਸ਼ਨਰ ਕੰਵਲਪ੍ਰੀਤ ਬਰਾੜ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਝੋਨੇ ਦੀ ਫਸਲ ਦੀ ਖਰੀਦ ਦੇ ਅਗੇਤੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ।

No comments:

Post a Comment