ਵਿਧਾਇਕ ਜੀ.ਪੀ. ਨੇ ਖੇਤੀਬਾੜੀ ਵਿਭਾਗ ਵੱਲੋਂ 6 ਕਿਸਾਨਾਂ ਨੂੰ 6 ਲੱਖ ਰੁਪਏ ਦੀ ਸਬਸਿਡੀ 'ਤੇ ਖੇਤੀ ਮਸ਼ੀਨਰੀ ਦੇਣ ਲਈ ਕੱਢੇ ਡਰਾਅ
ਬਸੀ ਪਠਾਣਾ/ ਫ਼ਤਹਿਗੜ੍ਹ ਸਾਹਿਬ, 25 ਸਤੰਬਰ:-
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਰਾਜ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕਾਫੀ ਗੰਭੀਰ ਹਨ ਅਤੇ ਉਨ੍ਹਾਂ ਵੱਲੋਂ ਕਿਸਾਨਾਂ ਨਾਲ ਕੀਤਾ ਗਿਆ ਕਰਜਾ ਮਾਫੀ ਦਾ ਵਾਅਦਾ ਵੀ ਬਹੁਤ ਜਲਦੀ ਪੂਰਾ ਹੋਣ ਵਾਲਾ ਹੈ। ਇਹ ਪ੍ਰਗਟਾਵਾ ਹਲਕਾ ਬਸੀ ਪਠਾਣਾ ਦੇ ਵਿਧਾਇਕ ਸ. ਗੁਰਪ੍ਰੀਤ ਸਿੰਘ ਜੀ.ਪੀ. ਨੇ ਲਾਇਨਜ਼ ਕਲੱਬ ਬਸੀ ਪਠਾਣਾ ਵਿਖੇ ਬਲਾਕ ਖਮਾਣੋਂ ਤੇ ਬਸੀ ਪਠਾਣਾ ਦੇ ਕਿਸਾਨਾਂ ਨੂੰ ਸਬਸਿਡੀ 'ਤੇ ਪੈਡੀ ਚੌਪਰ-ਕਮ-ਸਪਰੈਡਰ ਦੇਣ ਲਈ ਡਰਾਅ ਕੱਢਣ ਤੋਂ ਪਹਿਲਾਂ ਕਿਸਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਬਣੇ ਅਜੇ 6 ਮਹੀਨੇ ਹੀ ਹੋਏ ਹਨ ਅਤੇ ਇਨ੍ਹਾਂ ਛੇ ਮਹੀਨਿਆਂ ਵਿੱਚ ਹੀ ਕੈਪਟਨ ਸਰਕਾਰ ਵੱਲੋਂ ਇਤਿਹਾਸਕ ਕਦਮ ਉਠਾਏ ਗਏ ਹਨ। ਉਨ੍ਹਾਂ ਇਸ ਮੌਕੇ ਪੈਡੀ ਸਟਰਾਅ ਚੌਪਰ-ਕਮ-ਸਪਰੈਡਰ ਦੇ 6 ਡਰਾਅ ਕੱਢੇ ਤੇ 6 ਕਿਸਾਨਾਂ ਨੂੰ 6 ਲੱਖ ਰੁਪਏ ਦੀ ਸਬਸਿਡੀ ਦਿੱਤੀ ।
ਵਿਧਾਇਕ ਜੀ.ਪੀ. ਨੇ ਕਿਹਾ ਕਿ ਕਿਸਾਨਾਂ ਨਾਲ ਕੀਤਾ ਗਿਆ ਕਰਜਾ ਮਾਫੀ ਦਾ ਵਾਅਦਾ ਹਰ ਹਾਲ ਵਿੱਚ ਪੂਰਾ ਕੀਤਾ ਜਾਵੇਗਾ ਅਤੇ ਇਸ ਨਾਲ ਰਾਜ ਦੇ ਤਕਰੀਬਨ 10.25 ਲੱਖ ਕਿਸਾਨ ਪਰਿਵਾਰਾਂ ਨੂੰ ਲਾਭ ਪਹੁੰਚੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਖੇਤੀ ਕਰਜਾ ਮਾਫ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦੀ ਪ੍ਰਵਾਨਗੀ ਲੈਣ ਲਈ ਚੋਣ ਕਮਿਸ਼ਨ ਕੋਲ ਭੇਜਿਆ ਗਿਆ ਹੈ ਤਾਂ ਜੋ ਗੁਰਦਾਸਪੁਰ ਵਿਖੇ ਹੋਣ ਵਾਲੀ ਉਪ ਚੋਣ ਕਾਰਨ ਲੱਗੇ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਜਿਵੇਂ ਹੀ ਚੋਣ ਕਮਿਸ਼ਨ ਵੱਲੋਂ ਇਸ ਦੀ ਮਨਜੂਰੀ ਦੇ ਦਿੱਤੀ ਜਾਵੇਗੀ ਉਸੇ ਸਮੇਂ ਸਰਕਾਰ ਵੱਲੋਂ ਕਿਸਾਨ ਕਰਜੇ ਮਾਫ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ।
ਸ. ਜੀ.ਪੀ. ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੌਜੂਦਾ ਪੰਜਾਬ ਸਰਕਾਰ 'ਤੇ ਪੂਰਨ ਭਰੋਸਾ ਰੱਖਣ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਬਹੁਤ ਸੰਜੀਦਗੀ ਨਾਲ ਕਿਸਾਨਾਂ ਦਾ ਆਰਥਿਕ ਪੱਧਰ ਉਚਾ ਚੁੱਕਣ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਆਪਣੇ ਖਰਚਿਆਂ 'ਤੇ ਵੀ ਕਾਬੂ ਪਾਉਣ ਨੂੰ ਤਰਜੀਹ ਦੇਣ ਤੇ ਫਾਲਤੂ ਖਰਚੇ ਕਰਨ ਤੋਂ ਗੁਰੇਜ ਕਰਨ। ਉਨ੍ਹਾਂ ਕਿਹਾ ਕਿ ਖੇਤੀ ਲਾਗਤ ਵੱਧਣ ਕਾਰਨ ਖੇਤੀ ਲਾਹੇਵੰਦ ਧੰਦਾ ਨਹੀਂ ਰਹੀ ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਖੇਤੀਬਾੜੀ ਦੇ ਸਹਾਇਕ ਧੰਦਿਆਂ ਜਿਵੇਂ ਕਿ ਪਸ਼ੂ ਪਾਲਣ, ਡੇਅਰੀ, ਮੱਛੀ ਪਾਲਣ ਅਤੇ ਫਲਾਂ ਤੇ ਫੁੱਲਾਂ ਦੀ ਖੇਤੀ ਵੀ ਕਰਨ ਤਾਂ ਜੋ ਉਨ੍ਹਾਂ ਦਾ ਆਰਥਿਕ ਪੱਧਰ ਉਚਾ ਚੁੱਕਿਆ ਜਾ ਸਕੇ।
ਇਸ ਮੌਕੇ ਖੇਤੀਬਾੜੀ ਅਫਸਰ ਬਸੀ ਪਠਾਣਾ ਸ੍ਰੀ ਕੁਲਵਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫਸਰ ਸ੍ਰੀ ਸੁਨਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫਸਰ ਸ੍ਰੀ ਰਾਮ ਸਿੰਘ ਪਾਲ, ਪ੍ਰੋਜੈਕਟ ਡਾਇਰੈਕਟਰ ਆਤਮਾ ਸ਼੍ਰੀ ਦਮਨ ਝਾਂਜੀ, ਸਹਾਇਕ ਡਾਇਰੈਕਟਰ ਆਤਮਾ ਸ਼੍ਰੀ ਹਰਮਨਜੀਤ ਸਿੰਘ, ਸਹਾਇਕ ਖੇਤੀਬਾੜੀ ਇੰਜਨੀਅਰ ਸ੍ਰੀ ਮੇਵਾ ਸਿੰਘ, ਏ.ਟੀ.ਐਮ. ਰਾਜਵੀਰ ਸਿੰਘ, ਗਗਨਦੀਪ ਸਿੰਘ ਤੇ ਜੁਝਾਰ ਸਿੰਘ ਮੌਜੂਦ ਸਨ।
No comments:
Post a Comment