Friday 22 September 2017

ਕੈਪਟਨ ਸਰਕਾਰ ਦੀ ਪਹਿਲ ਕਦਮੀ ਨਵੀਆਂ ਪੈਨਸ਼ਨ ਲਗਾਉਣ ਲਈ ਹੁਣ ਸਵੈ ਘੋਸ਼ਣਾ ਪੱਤਰ ਹੀ ਕਾਫੀ-ਡਿਪਟੀ ਕਮਿਸ਼ਨਰ -ਪੈਨਸ਼ਨ ਲਈ ਫਾਰਮ ਸੇਵਾ ਕੇਂਦਰਾਂ ਤੋਂ ਲਵੋ ਤੇ ਉਥੇ ਹੀ ਜਮਾ ਕਰਵਾਉ ਜੁਲਾਈ ਮਹੀਨੇ ਤੋਂ 750 ਰੁਪਏ ਦੇ ਹਿਸਾਬ ਨਾਲ ਮਿਲੇਗੀ ਪੈਨਸ਼ਨ -ਪੜਤਾਲ ਫਾਰਮ ਭਰਨ ਦਾ ਸਮਾਂ 25 ਸਤੰਬਰ ਤੱਕ ਵਧਿਆ

ਅੰਮ੍ਰਿਤਸਰ, -ਪੰਜਾਬ ਸਰਕਾਰ ਵੱਲੋਂ ਲਗਾਈਆਂ ਗਈਆਂ ਪੈਨਸ਼ਨਾਂ, ਜਿਸ ਵਿਚ ਬੁਢਾਪਾ ਅਤੇ ਹੋਰ ਵਰਗ ਸ਼ਾਮਿਲ ਹਨ, ਲਗਾਉਣ ਲਈ ਹੁਣ ਕਿਸੇ ਪੰਚ, ਸਰਪੰਚ ਜਾਂ ਕੌਸ਼ਲਰ ਦੇ ਸਿਫਾਰਸ਼ੀ ਪੱਤਰ ਦੀ ਲੋੜ ਨਹੀਂ, ਕੇਵਲ ਯੋਗ ਵਿਅਕਤੀ ਵੱਲੋਂ ਸਵੈ ਘੋਸ਼ਣਾ ਪੱਤਰ ਦੇਣਾ ਹੀ ਕਾਫੀ ਹੈ। ਪਿੰਡਾਂ ਵਿਚ ਇਸ ਫਾਰਮ ਨੂੰ ਵੈਰੀਫਾਈ ਪਿੰਡ ਦਾ ਪਟਵਾਰੀ ਕਰੇਗਾ ਅਤੇ ਸ਼ਹਿਰਾਂ ਵਿਚ ਈ. ਓ.। ਉਕਤ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਨਵੀਂ ਪੈਨਸ਼ਨ ਲਈ ਫਾਰਮ ਸੇਵਾ ਕੇਂਦਰਾਂ 'ਤੇ ਪਹੁੰਚ ਚੁੱਕੇ ਹਨ ਅਤੇ ਜ਼ਰੂਰਤਮੰਦ ਵਿਅਕਤੀ ਉਥੋਂ ਫਾਰਮ ਲੈ ਕੇ ਉਸਨੂੰ ਭਰਕੇ ਵਾਪਸ ਉਸੇ ਕੇਂਦਰ 'ਤੇ ਜਮਾ ਕਰਵਾ ਸਕਦੇ ਹਨ। ਸ. ਸੰਘਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੈਨਸ਼ਨਾਂ ਵਿਚ ਕੀਤੇ ਵਾਧੇ ਕਾਰਨ ਹੁਣ ਜੁਲਾਈ ਮਹੀਨੇ ਤੋਂ ਪੈਨਸ਼ਨ 750 ਰੁਪਏ ਮਿਲੇਗੀ ਅਤੇ ਉਹ ਵੀ ਯੋਗ ਵਿਅਕਤੀ ਦੇ ਖਾਤੇ ਵਿਚ। ਉਨਾਂ ਦੱਸਿਆ ਕਿ ਪੈਨਸ਼ਨਾਂ ਵਿਚ ਹੁੰਦੀ ਦੇਰੀ ਅਤੇ ਖੱਜ਼ਲ-ਖੁਆਰੀ ਨੂੰ ਰੋਕਣ ਲਈ ਸਰਕਾਰ ਨੇ ਪੈਨਸ਼ਨ ਸਿੱਧੀ ਖਾਤਿਆਂ ਵਿਚ ਭੇਜਣ ਦਾ ਫੈਸਲਾ ਕੀਤਾ ਹੈ ਅਤੇ ਇਸਦਾ ਲਾਹਾ ਲੋਕਾਂ ਨੂੰ ਮਿਲੇਗਾ।
        ਸ. ਸੰਘਾ ਨੇ ਦੱਸਿਆ ਕਿ ਪਹਿਲਾਂ ਲੱਗੀਆਂ ਹੋਈਆਂ ਪੈਨਸ਼ਨਾਂ ਦੀ ਪੜਤਾਲ ਵੀ ਜਾਰੀ ਹੈ ਅਤੇ ਪਿੰਡਾਂ ਵਿਚ ਇਸਦਾ 100 ਫੀਸਦੀ ਨੇਪਰੇ ਚੜ ਚੁੱਕਾ ਹੈ ਜਦਕਿ ਸ਼ਹਿਰੀ ਖੇਤਰ ਵਿਚ ਐਡਰੈਸ ਅਧੂਰੇ ਹੋਣ ਕਾਰਨ ਕੇਵਲ 50 ਫੀਸਦੀ ਕੰਮ ਹੀ ਨੇਪਰੇ ਚੜਿਆ ਹੈ। ਉਨਾਂ ਸਪੱਸ਼ਟ ਕੀਤਾ ਕਿ ਇਸ ਪੜਤਾਲ ਦੇ ਮੁਕੰਮਲ ਹੋਣ 'ਤੇ ਹੀ ਸਬੰਧਤ ਪੈਨਸ਼ਨ ਦੀ ਰਾਸ਼ੀ ਸਬੰਧਤ ਲਾਭਪਾਤਰੀ ਦੇ ਬੈਂਕ ਖਾਤੇ ਵਿਚ ਪਾਈ ਜਾਣੀ ਹੈ, ਇਸ ਲਈ ਜ਼ਰੂਰੀ ਹੈ ਕਿ ਜੋ ਵੀ ਲੋਕ ਇਹ ਪੈਨਸ਼ਨ ਪ੍ਰਾਪਤ ਕਰ ਰਹੇ ਹਨ, ਉਹ ਆਪਣੇ ਪੜਤਾਲ ਫਾਰਮ ਨੇੜਲੇ ਆਂਗਨਵਾੜੀ ਸੈਂਟਰ ਤੋਂ ਪ੍ਰਾਪਤ ਕਰਨ ਅਤੇ ਆਂਗਨਵਾੜੀ ਵਰਕਰ ਨੂੰ ਜਾਂਚ ਵਿਚ ਸਹਿਯੋਗ ਦੇਣ। ਉਨਾਂ ਸਾਰੇ ਪੈਨਸ਼ਨ ਲੈ ਰਹੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਜ਼ਦੀਕੀ ਆਂਗਨਵਾੜੀ ਕੇਂਦਰ ਨਾਲ ਰਾਬਤਾ ਕਰਕੇ ਆਪਣੀ ਪੜਤਾਲ ਮੁੰਕਮਲ ਕਰਵਾਉਣ, ਤਾਂ ਜੋ ਉਨਾਂ ਨੂੰ ਪੈਨਸ਼ਨ ਦੀ ਅਦਾਇਗੀ ਬੇਰੋਕ ਕੀਤੀ ਜਾ ਸਕੇ। ਸ. ਪੰਨੂੰ ਨੇ ਕਿਹਾ ਕਿ ਦੱਸਿਆ ਕਿ ਪੜਤਾਲ ਦਾ ਸਮਾਂ 25 ਸਤੰਬਰ ਤੱਕ ਵਧਾਇਆ ਗਿਆ ਹੈ ਅਤੇ ਇਸ ਸਮੇਂ ਤੱਕ ਪੜਤਾਲ ਹਰ ਹਾਲਤ ਕਰਵਾਈ ਜਾਵੇ। ਉਨਾਂ ਸਪੱਸ਼ਟ ਕੀਤਾ ਕਿ ਅਜਿਹਾ ਨਾ ਹੋਣ ਦੀ ਸੂਰਤ ਵਿਚ ਪੈਨਸ਼ਨ ਦੀ ਅਦਾਇਗੀ ਕਰਨੀ ਸੰਭਵ ਨਹੀਂ ਹੋ ਸਕੇਗੀ।

No comments:

Post a Comment