Friday 22 September 2017

ਹੁਣ ਨਵੀਆਂ ਪੈਨਸ਼ਨ ਲਗਾਉਣ ਲਈ ਹੁਣ ਸਵੈ ਘੋਸ਼ਣਾ ਪੱਤਰ ਹੀ ਕਾਫੀ-ਡਿਪਟੀ ਕਮਿਸ਼ਨਰ -ਪੈਨਸ਼ਨ ਲਈ ਫਾਰਮ ਸੇਵਾ ਕੇਂਦਰਾਂ ਤੋਂ ਲਵੋ ਤੇ ਉਥੇ ਹੀ ਜਮਾ ਕਰਵਾਓ -ਜੁਲਾਈ ਮਹੀਨੇ ਤੋਂ 750 ਰੁਪਏ ਦੇ ਹਿਸਾਬ ਨਾਲ ਮਿਲੇਗੀ ਪੈਨਸ਼ਨ

ਸ੍ਰੀ ਮੁਕਤਸਰ ਸਾਹਿਬ,  :  ਪੰਜਾਬ ਸਰਕਾਰ ਵੱਲੋਂ ਲਗਾਈਆਂ ਜਾਂਦੀਆਂ ਪੈਨਸ਼ਨਾਂ, ਜਿਸ ਵਿਚ ਬੁਢਾਪਾ ਅਤੇ ਹੋਰ ਵਰਗ ਸ਼ਾਮਿਲ ਹਨ, ਲਗਾਉਣ ਲਈ ਹੁਣ ਕਿਸੇ ਪੰਚ, ਸਰਪੰਚ ਦੇ ਸਿਫਾਰਸ਼ੀ ਪੱਤਰ ਦੀ ਲੋੜ ਨਹੀਂ, ਕੇਵਲ ਯੋਗ ਵਿਅਕਤੀ ਵੱਲੋਂ ਸਵੈ ਘੋਸ਼ਣਾ ਪੱਤਰ ਦੇਣਾ ਹੀ ਕਾਫੀ ਹੈ। ਪਿੰਡਾਂ ਵਿਚ ਇਸ ਫਾਰਮ ਨੂੰ ਪਿੰਡ ਦੇ ਪਟਵਾਰੀ ਤੋਂ ਅਤੇ ਸ਼ਹਿਰਾਂ ਵਿਚ ਈ. ਓ. ਤੋਂ ਵੇਰੀਫਾਈ ਕਰਵਾਇਆ ਜਾਵੇਗਾ।
ਉਕਤ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਸੁਮੀਤ ਜਾਰੰਗਲ ਨੇ ਦੱਸਿਆ ਕਿ ਨਵੀਂ ਪੈਨਸ਼ਨ ਲਈ ਫਾਰਮ ਸੇਵਾ ਕੇਂਦਰਾਂ 'ਤੇ ਉਪਲਬੱਧ ਹਨ ਅਤੇ ਜ਼ਰੂਰਤਮੰਦ ਵਿਅਕਤੀ ਉਥੋਂ ਫਾਰਮ ਲੈ ਕੇ ਉਸਨੂੰ ਭਰਕੇ ਵਾਪਸ ਉਸੇ ਕੇਂਦਰ 'ਤੇ ਜਮਾ ਕਰਵਾ ਸਕਦੇ ਹਨ। ਸ੍ਰੀ ਸੁਮੀਤ ਜਾਰੰਗਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੈਨਸ਼ਨਾਂ ਵਿਚ ਕੀਤੇ ਵਾਧੇ ਕਾਰਨ ਹੁਣ ਜੁਲਾਈ ਮਹੀਨੇ ਤੋਂ ਪੈਨਸ਼ਨ 750 ਰੁਪਏ ਮਿਲੇਗੀ ਅਤੇ ਉਹ ਵੀ ਯੋਗ ਵਿਅਕਤੀ ਦੇ ਸਿੱਧੇ ਖਾਤੇ ਵਿਚ ਜਾਵੇਗੀ। ਉਨਾਂ ਦੱਸਿਆ ਕਿ ਪੈਨਸ਼ਨਾਂ ਵਿਚ ਹੁੰਦੀ ਦੇਰੀ ਅਤੇ ਖੱਜ਼ਲ-ਖੁਆਰੀ ਨੂੰ ਰੋਕਣ ਲਈ ਸਰਕਾਰ ਨੇ ਪੈਨਸ਼ਨ ਸਿੱਧੀ ਖਾਤਿਆਂ ਵਿਚ ਭੇਜਣ ਦਾ ਫੈਸਲਾ ਕੀਤਾ ਹੈ ਅਤੇ ਇਸਦਾ ਲਾਹਾ ਲੋਕਾਂ ਨੂੰ ਮਿਲੇਗਾ। ਉਨਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਨਵੀਂਆਂ ਪੈਨਸ਼ਨਾਂ ਲਗਾਉਣ ਦੀ ਪ੍ਰਕ੍ਰਿਆ ਸਰਲ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਇਸ ਸਹੁਲਤ ਲਈ ਖਜਲ ਖੁਆਰ ਨਾ ਹੋਵੇ। ਨਵੀਂ ਅਰਜੀ ਦੇਣ ਸਮੇਂ ਲਾਭਪਾਤਰੀ ਆਪਣੇ ਬੈਂਕ ਖਾਤੇ ਦੀ ਜਾਣਕਾਰੀ ਵੀ ਦੇਵੇ ਕਿਉਂਕਿ ਹੁਣ ਪੈਨਸ਼ਨ ਸਿੱਧੇ ਬੈਂਕ ਖਾਤੇ ਵਿਚ ਹੀ ਆਉਣੀ ਹੈ।
         ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਬੁਢਾਪਾ ਪੈਨਸ਼ਨ ਲਈ ਪੁਰਸ਼ਾਂ ਲਈ ਉਮਰ ਦੀ ਹੱਦ 65 ਸਾਲ ਅਤੇ ਔਰਤਾਂ ਲਈ 60 ਸਾਲ ਹੈ। ਇਸ ਲਈ ਅਧਾਰ ਕਾਰਡ, ਵੋਟ ਕਾਰਡ ਅਤੇ ਸਵੈ ਘੋਸ਼ਣਾ ਪੱਤਰ ਸਮੇਤ ਆਪਣੇ ਘਰ ਦੇ ਨੇੜਲੇ ਸੇਵਾ ਕੇਂਦਰ ਵਿਖੇ ਅਰਜੀ ਦਿੱਤੀ ਜਾ ਸਕਦੀ ਹੈ। ਇਸੇ ਤਰਾਂ ਵਿਧਵਾ ਪੈਨਸ਼ਨ ਲਈ ਵੀ ਅਧਾਰ ਕਾਰਡ, ਵੋਟ ਕਾਰਡ ਅਤੇ ਪਤੀ ਦੇ ਮੌਤ ਦੇ ਸਰਟੀਫਿਕੇਟ ਸਮੇਤ ਅਰਜੀ ਦਿੱਤੀ ਜਾ ਸਕਦੀ ਹੈ। ਆਸ਼ਰਤ ਬੱਚਿਆਂ ਦੇ ਲਈ ਪੈਨਸ਼ਨ ਲਈ 18 ਸਾਲ ਤੋਂ ਘੱਟ ਉਮਰ ਦੇ ਬੱਚੇ ਜਿੰਨਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੋਵੇ ਅਧਾਰ ਕਾਰਡ ਅਤੇ ਪਿਤਾ ਦੇ ਮੌਤ ਸਰਟੀਫਿਕੇਟ ਨਾਲ ਅਰਜੀ ਦੇਣੀ ਹੈ। ਇਸੇ ਤਰਾਂ ਅਪਾਹਜ ਪੈਨਸ਼ਨ ਲਈ ਵੀ ਸੇਵਾ ਕੇਂਦਰ ਦੇ ਮਾਰਫਤ ਅਰਜੀ ਲਗਾਈ ਜਾ ਸਕਦੀ ਹੈ।

No comments:

Post a Comment