Tuesday 19 September 2017

ਲੋਕ ਹਿੱਤ ਯੋਜਨਾਵਾਂ ਦੀ ਨਿਗਰਾਨੀ ਕਰਨਗੇ 'ਗਾਰਡੀਅਨਜ਼ ਆਫ਼ ਗਵਰਨੈਂਸ'

-ਪਹਿਲੇ ਗੇੜ ਵਿੱਚ ਲੁਧਿਆਣਾ ਸਮੇਤ ਪੰਜ ਜ਼ਿਲਿ•ਆਂ ਵਿੱਚ ਹੋਵੇਗੀ ਸ਼ੁਰੂਆਤ-ਲੈਫਟੀਨੈਂਟ ਜਨਰਲ ਸ਼ੇਰਗਿੱਲ

-ਪੰਜਾਬ ਸਰਕਾਰ ਸ਼ਹੀਦੀ ਯਾਦਗਾਰਾਂ ਦੀ ਸਾਂਭ-ਸੰਭਾਲ ਲਈ ਵਚਨਬੱਧ-ਰਵਨੀਤ ਸਿੰਘ ਬਿੱਟੂ

-ਸ਼ਹੀਦ ਮੇਜਰ ਭੁਪਿੰਦਰ ਸਿੰਘ ਦਾ ਸ਼ਹੀਦੀ ਦਿਨ ਮੌਕੇ ਲੁਧਿਆਣਾ ਵਿਖੇ ਸਮਾਗਮ

ਲੁਧਿਆਣਾ - ਸਮੇਂ-ਸਮੇਂ 'ਤੇ ਸ਼ੁਰੂ ਕੀਤੀਆਂ ਜਾਂਦੀਆਂ ਲੋਕ ਹਿੱਤ ਯੋਜਨਾਵਾਂ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਇਨ•ਾਂ ਯੋਜਨਾਵਾਂ ਦੀ ਨਿਗਰਾਨੀ ਰੱਖਣ ਲਈ ਪੰਜਾਬ ਸਰਕਾਰ ਨੇ 'ਗਾਰਡੀਅਨਜ਼ ਆਫ਼ ਗਵਰਨੈਂਸ' ਯੋਜਨਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ, ਇਸ ਯੋਜਨਾ ਤਹਿਤ ਪੂਰੇ ਪੰਜਾਬ ਵਿੱਚ 13 ਹਜ਼ਾਰ ਤੋਂ ਵਧੇਰੇ ਵਲੰਟੀਅਰ (ਜਿਆਦਾਤਰ ਸਾਬਕਾ ਫੌਜੀ) ਭਰਤੀ ਕੀਤੇ ਜਾਣਗੇ, ਜੋ ਕਿ ਲੋਕ ਹਿੱਤ ਯੋਜਨਾਵਾਂ ਦੀ ਜ਼ਮੀਨੀ ਹਕੀਕਤ ਬਾਰੇ ਸਮੇਂ-ਸਮੇਂ 'ਤੇ ਸਰਕਾਰ ਨੂੰ ਰਿਪੋਰਟ ਭੇਜਿਆ ਕਰਨਗੇ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਸ੍ਰੀ ਟੀ. ਐੱਸ. ਸ਼ੇਰਗਿੱਲ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਸਥਾਨਕ ਭਾਰਤ ਨਗਰ ਸਥਿਤ ਸ਼ਹੀਦ ਮੇਜਰ ਭੁਪਿੰਦਰ ਸਿੰਘ ਦੀ ਯਾਦਗਾਰ 'ਤੇ ਸ਼ਹੀਦੀ ਦਿਵਸ ਸੰਬੰਧੀ ਰੱਖੇ ਸਮਾਗਮ ਵਿੱਚ ਸ਼ਿਰਕਤ ਕਰਨ ਪੁੱਜੇ ਸ੍ਰੀ ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਹਰੇਕ ਵਰਗ ਦੀ ਭਲਾਈ ਲਈ ਨਵੀਂਆਂ ਲੋਕ ਹਿੱਤ ਯੋਜਨਾਵਾਂ ਸ਼ੁਰੂ ਕਰ ਰਹੀ ਹੈ, ਉਥੇ ਪਹਿਲਾਂ ਚੱਲ ਰਹੀਆਂ ਕਈ ਯੋਜਨਾਵਾਂ ਦੀ ਨਿਗਰਾਨੀ ਰੱਖਣ ਨੂੰ ਵੀ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਉਹ ਸੂਬੇ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਸਾਰੀਆਂ ਯੋਜਨਾਵਾਂ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਨੂੰ ਪਹਿਲ ਦੇਵੇਗੀ। ਇਸੇ ਵਾਅਦੇ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਨੇ 'ਗਾਰਡੀਅਨਜ਼ ਆਫ਼ ਗਵਰਨੈਂਸ' ਯੋਜਨਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਸੀ, ਜਿਸ ਵਿੱਚ ਗਾਰਡੀਅਨਜ਼ ਵਜੋਂ ਵਲੰਟੀਅਰ ਲੋਕਾਂ (ਜਿਆਦਾਤਰ ਸਾਬਕਾ ਫੌਜੀ) ਨੂੰ ਭਰਤੀ ਕੀਤਾ ਜਾਵੇਗਾ।
ਉਨਾਂ ਕਿਹਾ ਕਿ ਇਸ ਯੋਜਨਾ ਤਹਿਤ 13 ਹਜ਼ਾਰ ਤੋਂ ਵਧੇਰੇ ਵਲੰਟੀਅਰ ਭਰਤੀ ਕਰਨ ਦੀ ਪ੍ਰਕਿਰਿਆ ਆਰੰਭੀ ਜਾ ਚੁੱਕੀ ਹੈ। ਪਹਿਲੇ ਗੇੜ ਵਿੱਚ ਇਹ ਯੋਜਨਾ ਜ਼ਿਲਾ ਲੁਧਿਆਣਾ ਸਮੇਤ ਸ੍ਰੀ ਅੰਮ੍ਰਿਤਸਰ ਸਾਹਿਬ, ਜਲੰਧਰ, ਤਰਨਤਾਰਨ ਅਤੇ ਬਰਨਾਲਾ ਵਿੱਚ ਸ਼ੁਰੂ ਕੀਤੀ ਜਾਵੇਗੀ। ਇਹ ਗਾਰਡੀਅਨਜ਼ ਪੰਜਾਬ ਸਰਕਾਰ ਦੇ ਅੱਖਾਂ, ਕੰਨ ਅਤੇ ਦਿਮਾਗ ਵਜੋਂ ਕੰਮ ਕਰਨਗੇ। ਸਮਾਰਟਫੋਨਾਂ ਨਾਲ ਲੈੱਸ ਇਹ ਵਲੰਟੀਅਰ ਮੋਬਾਈਲ ਐਪਲੀਕੇਸ਼ਨ ਰਾਹੀਂ ਸਮੇਂ-ਸਮੇਂ 'ਤੇ ਸਰਕਾਰ ਨੂੰ ਬਣਦੀ ਰਿਪੋਰਟ ਭੇਜਣਗੇ। ਇਸ ਯੋਜਨਾ ਦੀ ਨਿਗਰਾਨੀ ਪਿੰਡ ਪੱਧਰ, ਤਹਿਸੀਲ ਪੱਧਰ, ਜ਼ਿਲਾ ਪੱਧਰ ਅਤੇ ਮੁੱਖ ਮੰਤਰੀ ਦਫ਼ਤਰ ਪੱਧਰ 'ਤੇ ਕੀਤੀ ਜਾਵੇਗੀ। ਇੱਕ ਪਿੰਡ ਜਾਂ ਕਸਬੇ ਵਿੱਚ ਇੱਕ ਵਲੰਟੀਅਰ 'ਰਾਖੇ' ਵਜੋਂ ਕੰਮ ਕਰੇਗਾ। ਇਨਾਂ ਵਲੰਟੀਅਰਾਂ ਦੀ ਚੋਣ ਵਿਸ਼ੇਸ਼ ਬੋਰਡ ਵੱਲੋਂ ਉਨਾਂ ਦੇ ਹੁਣ ਤੱਕ ਦੇ ਸਮਾਜਿਕ ਕਿਰਦਾਰ ਅਤੇ ਵਿਸ਼ਵਾਸ਼ਯੋਗਤਾ ਦੇ ਆਧਾਰ 'ਤੇ ਕੀਤੀ ਜਾਵੇਗੀ।
ਉਨਾਂ ਸਪੱਸ਼ਟ ਕੀਤਾ ਕਿ ਇਨਾਂ ਵਲੰਟੀਅਰਾਂ ਦੁਆਰਾ ਭੇਜੀ ਗਈ ਕੋਈ ਵੀ ਨਾਂਹ ਪੱਖੀ ਰਿਪੋਰਟ 'ਤੇ ਕਾਰਵਾਈ ਮੌਜੂਦਾ ਕਾਨੂੰਨਾਂ ਮੁਤਾਬਿਕ ਹੀ ਕੀਤੀ ਜਾਵੇਗੀ। ਇਸ ਲਈ ਕੋਈ ਵੱਖਰਾ ਕਾਨੂੰਨ ਜਾਂ ਵਿਧੀ ਨਹੀਂ ਅਪਣਾਈ ਜਾਵੇਗੀ, ਨਾ ਹੀ ਇਨਾਂ ਵਲੰਟੀਅਰਾਂ ਦੀ ਸਰਕਾਰ ਜਾਂ ਪ੍ਰਸਾਸ਼ਨ ਦੇ ਕੰਮਾਂ ਵਿੱਚ ਕਿਸੇ ਤਰਾਂ ਦੀ ਦਖ਼ਲਅੰਦਾਜ਼ੀ ਹੋਵੇਗੀ। ਜੋ ਅਧਿਕਾਰੀ ਇਨਾਂ ਯੋਜਨਾਵਾਂ ਨੂੰ ਸਹੀ ਤਰੀਕੇ ਨਾਲ ਚਲਾ ਰਹੇ ਹਨ, ਉਨਾਂ ਨੂੰ ਉਤਸ਼ਾਹਿਤ ਵੀ ਕੀਤਾ ਜਾਵੇਗਾ। ਫ਼ਿਲਹਾਲ ਇਹ ਵਲੰਟੀਅਰ ਕੇਂਦਰ ਅਤੇ ਰਾਜ ਸਰਕਾਰ ਦੀਆਂ 18 ਯੋਜਨਾਵਾਂ ਦੀ ਨਿਗਰਾਨੀ ਕਰਨਗੇ। ਯੋਜਨਾ ਸਫ਼ਲ ਹੋਣ 'ਤੇ ਨਿਗਰਾਨੀ ਹੇਠ ਯੋਜਨਾਵਾਂ ਦੀ ਗਿਣਤੀ ਵਧਾ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ ਸ਼ਹੀਦੀ ਸਮਾਗਮ ਨੂੰ ਸੰਬੋਧਨ ਕਰਦਿਆਂ ਉਨਾਂ ਜਿੱਥੇ ਮੇਜਰ ਭੁਪਿੰਦਰ ਸਿੰਘ ਦੇ ਜੀਵਨ ਅਤੇ ਬਹਾਦਰੀ ਦੇ ਕਿੱਸਿਆਂ 'ਤੇ ਚਾਨਣਾ ਪਾਇਆ, ਉਥੇ ਸੰਨ 1965 ਦੀ ਜੰਗ ਅਤੇ ਮੇਜਰ ਭੁਪਿੰਦਰ ਸਿੰਘ ਨਾਲ ਜੁੜੀਆਂ ਯਾਦਾਂ ਨੂੰ ਵੀ ਸਾਂਝਾ ਕੀਤਾ। ਉਨਾਂ ਕਿਹਾ ਕਿ ਭਾਰਤ ਅਤੇ ਇਸ ਦੀ ਆਜ਼ਾਦੀ ਦਾ ਇਤਿਹਾਸ ਬਹੁਤ ਹੀ ਗੌਰਵਮਈ ਹੈ, ਜਿਸ ਤੋਂ ਨੌਜਵਾਨਾਂ ਨੂੰ ਸੇਧ ਲੈਣੀ ਚਾਹੀਦੀ ਹੈ। ਪਰ ਬੜ•ੇ ਦੁੱਖ ਦੀ ਗੱਲ ਹੈ ਕਿ ਅੱਜ ਦੀ ਨੌਜਵਾਨ ਪੀੜੀ ਦੀ ਫੌਜ ਵਿੱਚ ਭਰਤੀ ਹੋਣ ਦੀ ਰੁਚੀ ਘਟ ਰਹੀ ਹੈ। ਇਸ ਤੋਂ ਇਲਾਵਾ ਦੇਸ਼ ਵਾਸੀਆਂ ਦੀ ਦੇਸ਼ ਭਗਤੀ ਵੀ ਸਿਰਫ਼ ਖ਼ਬਰਾਂ ਅਤੇ ਚਰਚਾਵਾਂ ਤੱਕ ਹੀ ਸੀਮਤ ਹੋ ਗਈ ਹੈ। ਉਨਾਂ ਕਿਹਾ ਕਿ ਅੱਜ ਲੋੜ ਹੈ ਕਿ ਨੌਜਵਾਨ ਵਰਗ ਨੂੰ ਭਾਰਤੀ ਯੋਧਿਆਂ ਦੇ ਜੀਵਨ ਤੋਂ ਜਾਣੂ ਕਰਵਾਇਆ ਜਾਵੇ ਅਤੇ ਉਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਹੋਰ ਪ੍ਰਬਲ ਕੀਤਾ ਜਾਵੇ।
ਸਮਾਗਮ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅੱਜ ਤੱਕ ਦੀਆਂ ਸਰਕਾਰਾਂ ਨੇ ਕਦੇ ਵੀ ਫੌਜੀ ਭਰਾਵਾਂ ਨੂੰ ਬਣਦਾ ਮਾਣ-ਸਨਮਾਨ ਨਹੀਂ ਦਿੱਤਾ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਲੈਫਟੀਨੈਂਟ ਜਨਰਲ ਸ੍ਰੀ ਟੀ. ਐੱਸ. ਸ਼ੇਰਗਿੱਲ ਨੂੰ ਆਪਣਾ ਸੀਨੀਅਰ ਸਲਾਹਕਾਰ ਨਿਯੁਕਤ ਕਰਕੇ ਇਹ ਸੁਨੇਹਾ ਦਿੱਤਾ ਹੈ ਕਿ ਹੁਣ ਸੂਬੇ ਵਿੱਚ ਇਸ ਵਰਗ ਦਾ ਸਥਾਨ ਸਭ ਤੋਂ ਉੱਪਰ ਰਹੇਗਾ। ਉਨਾਂ ਵੀ ਇਸ ਗੱਲ 'ਤੇ ਦੁੱਖ ਪ੍ਰਗਟ ਕੀਤਾ ਕਿ ਭਾਰਤੀ ਫੌਜ ਵਿੱਚ ਪੰਜਾਬੀਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। ਉਨਾਂ ਐਲਾਨ ਕੀਤਾ ਕਿ ਉਹ ਸ਼ਹੀਦੀ ਸਮਾਰਕ ਦੀ ਸਾਂਭ ਸੰਭਾਲ ਲਈ ਆਪਣੇ ਅਖ਼ਤਿਆਰੀ ਕੋਟੇ ਵਿੱਚੋਂ ਹਰ ਸੰਭਵ ਆਰਥਿਕ ਸਹਾਇਤਾ ਦੇਣਗੇ। ਹਲਕਾ ਵਿਧਾਇਕ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਵੀ ਭਰੋਸਾ ਦਿੱਤਾ ਕਿ ਉਨਾਂ ਦੇ ਹਲਕੇ ਦੀ ਸ਼ਾਨ ਇਹ ਸਮਾਰਕ ਭਵਿੱਖ ਵਿੱਚ ਸੰਭਾਲ ਪੱਖੋਂ ਨਜ਼ਰਅੰਦਾਜ਼ ਨਹੀਂ ਹੋਵੇਗਾ। ਪੰਜਾਬ ਸਰਕਾਰ ਸ਼ਹੀਦੀ ਸਮਾਰਕਾਂ ਦੀ ਸਾਂਭ ਸੰਭਾਲ ਕਰਨ ਲਈ ਵਚਨਬੱਧ ਹੈ।
ਇਸ ਤੋਂ ਪਹਿਲਾਂ ਸ੍ਰੀ ਸ਼ੇਰਗਿੱਲ, ਸ੍ਰ. ਬਿੱਟੂ, ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਅਤੇ ਹੋਰਾਂ ਨੇ ਸ਼ਹੀਦ ਦੇ ਸਮਾਰਕ 'ਤੇ ਫੁੱਲ ਮਲਾਵਾਂ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸ੍ਰੀ ਸ਼ੇਰਗਿੱਲ ਵੱਲੋਂ ਸ਼ਹੀਦ ਫੌਜੀਆਂ ਦੇ ਪਰਿਵਾਰਾਂ ਨਾਲ ਸੰੰਬੰਧਤ ਔਰਤਾਂ 'ਵੀਰ ਨਾਰੀਆਂ' ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸ੍ਰੀ ਸੁਰਿੰਦਰ ਡਾਬਰ, ਨਗਰ ਨਿਗਮ ਕਮਿਸ਼ਨਰ ਸ੍ਰ. ਜਸਕਿਰਨ ਸਿੰਘ, ਐੱਸ. ਡੀ. ਐੱਮ. ਸ੍ਰ. ਅਮਰਜੀਤ ਬੈਂਸ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ੍ਰ. ਅਮਰਜੀਤ ਸਿੰਘ ਟਿੱਕਾ, ਸੀਨੀਅਰ ਕਾਂਗਰਸੀ ਆਗੂ ਸ੍ਰੀ ਕੇ. ਕੇ. ਬਾਵਾ, ਮੇਜਰ ਜਨਰਲ ਸ੍ਰ. ਐੱਸ. ਪੀ. ਐੱਸ. ਗਰੇਵਾਲ ਚੇਅਰਮੈਨ ਪੈਸਕੋ, ਕਰਨਲ ਸ੍ਰ. ਐੱਚ. ਐੱਸ. ਕਾਹਲੋਂ, ਬ੍ਰਿਗੇਡੀਅਰ ਸ੍ਰ. ਐੱਸ. ਐੱਸ. ਗਿੱਲ, ਜ਼ਿਲਾ ਸੈਨਿਕ ਭਲਾਈ ਅਫ਼ਸਰ ਸ੍ਰ. ਜਸਵੀਰ ਸਿੰਘ ਬੋਪਾਰਾਏ ਅਤੇ ਹੋਰ ਹਾਜ਼ਰ ਸਨ।

No comments:

Post a Comment