Friday, 22 September 2017

ਹਰੇਕ ਬੱਚੇ ਵਿੱਚ ਕੋਈ ਨਾ ਕੋਈ ਪ੍ਰਤਿਭਾ ਛੁਪੀ ਹੁੰਦੀ ਹੈ : ਸਹਾਇਕ ਕਮਿਸ਼ਨਰ -6 ਜ਼ਿਲ੍ਹਿਆਂ ਦੇ ਵਿਦਿਆਰਥੀਆਂ ਦੇ ਹੋਏ ਡਵੀਜ਼ਨਲ ਪੇਂਟਿੰਗ ਮੁਕਾਬਲੇ

ਮਾਨਸਾ, : ਹਰੇਕ ਬੱਚੇ ਵਿੱਚ ਕੋਈ ਨਾ ਕੋਈ ਪ੍ਰਤਿਭਾ ਛੁਪੀ ਹੋਈ ਹੁੰਦੀ ਹੈ, ਜ਼ਰੂਰਤ ਹੈ ਉਸ ਪ੍ਰਤਿਭਾ ਦੀ ਖੋਜ ਕਰਕੇ ਉਸਨੂੰ ਨਿਖਾਰਨ ਦੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਸਹਾਇਕ ਕਮਿਸ਼ਨਰ (ਜ) ਸ਼੍ਰੀ ਓਮ ਪ੍ਰਕਾਸ਼ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਗਏ ਡਵੀਜ਼ਨਲ ਪੇਟਿੰਗ ਕੰਪੀਟੀਸ਼ਨ 2017 ਦੌਰਾਨ ਬੱਚਿਆਂ ਵੱਲੋਂ ਕੀਤੀ ਗਈ ਪੇਂਟਿੰਗਜ਼ ਨੂੰ ਦੇਖਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਹਰੇਕ ਬੱਚੇ ਦੀ ਪ੍ਰਤਿਭਾ ਦੀ ਪਰਖ ਕਰਕੇ ਉਸਨੂੰ ਤਰਾਸ਼ਨ ਵਿੱਚ ਬੱਚੇ ਨੂੰ ਸਹਿਯੋਗ ਕਰਨ।
ਅੱਜ ਦੇ ਕਰਵਾਏ ਪੇਟਿੰਗ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਚਾਈਲਡ ਵੈਲਫੇਅਰ ਕੌਂਸਲ ਦੇ ਚਾਈਲਡ ਵੈਲਫੇਅਰ ਅਧਿਕਾਰੀ ਸ਼੍ਰੀਮਤੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਅੱਜ ਦੇ ਇਸ ਡਵੀਜ਼ਨਲ ਪੇਂਟਿੰਗ ਕੰਪੀਟੀਸ਼ਨ 2017 ਵਿੱਚ ਮਾਨਸਾ, ਬਠਿੰਡਾ, ਫਿਰੋਜ਼ਪੁਰ, ਮੋਗਾ, ਮੁਕਤਸਰ ਅਤੇ ਫਰੀਦਕੋਟ ਜ਼ਿਲ੍ਹਿਆਂ ਦੇ ਕਰੀਬ 100 ਵਿਦਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ਨੂੰ 5 ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਗਰੁੱਪਾਂ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਗਰੀਨ ਗਰੁੱਪ (5-8 ਸਾਲ), ਵਾਈਟ ਗਰੁੱਪ (9-12 ਸਾਲ) ਅਤੇ ਬਲੂ ਗਰੁੱਪ (13-16 ਸਾਲ) ਵਿੱਚ ਆਮ ਬੱਚੇ ਅਤੇ ਯੈਲੋ ਗਰੁੱਪ (5-10 ਸਾਲ) ਤੇ ਰੈਡ ਗਰੁੱਪ (11-18 ਸਾਲ) ਵਿਚ ਦਿਵਯਾਂਗ ਬੱਚਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਨਸਾ ਤੋਂ ਇਲਾਵਾ ਮੋਹਾਲੀ ਅਤੇ ਨਵਾਂ ਸ਼ਹਿਰ ਵਿਖੇ ਵੀ ਡਵੀਜ਼ਨਲ ਪੱਧਰ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂ ਵਿਦਿਆਰਥੀ ਨਵੰਬਰ ਵਿਚ ਦਿੱਲੀ ਵਿਖੇ ਹੋਣ ਵਾਲੇ ਨੈਸ਼ਨਲ ਪੇਟਿੰਗ ਮੁਕਾਬਲਿਆਂ ਵਿੱਚ ਭਾਗ ਲੈ ਸਕਣਗੇ।
ਅੱਜ ਦੇ ਕਰਵਾਏ ਡਵੀਜ਼ਨਲ ਪੱਧਰ ਦੇ ਮੁਕਾਬਲਿਆਂ ਵਿਚ ਜੱਜਾਂ ਦੀ ਭੁਮਿਕਾ ਨੈਸ਼ਨਲ ਅਵਾਰਡੀ ਸ਼੍ਰੀ ਮੱਖਣ ਸਿੰਘ, ਸ਼੍ਰੀ ਸੁਰਿੰਦਰ ਪਾਲ ਅਤੇ ਸ਼੍ਰੀ ਜਗਸੀਰ ਸਿੰਘ ਨੇ ਨਿਭਾਈ। ਇਸ ਮੌਕੇ ਸੈਕਟਰੀ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਮਾਨਸਾ ਸ਼੍ਰੀ ਜਗਦੇਵ ਸਿੰਘ, ਸੈਕਟਰੀ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਮੁਕਤਸਰ ਸਾਹਿਬ ਸ਼੍ਰੀ ਗੁਰਪਾਲ ਸਿੰਘ, ਡੀ.ਐਸ.ਈ. (ਆਈ.ਈ.ਡੀ) ਸ਼੍ਰੀ ਰਾਕੇਸ਼ ਕੁਮਾਰ, ਸੀਨੀਅਰ ਅਕਾਊਟੈਂਟ ਪੰਜਾਬ ਚਾਈਲਡ ਵੈਲਫੇਅਰ ਕੌਂਸਲ ਸ਼੍ਰੀ ਅਨਿਲ ਸ਼ਰਮਾ, ਪ੍ਰਿੰਸੀਪਲ ਸ਼੍ਰੀ ਓਮ ਪ੍ਰਕਾਸ਼ ਮਿੱਢਾ, ਸ਼੍ਰੀ ਤਰਸੇਮ ਗੋਇਲ, ਆਈ.ਈ.ਆਰ.ਟੀ. ਮਾਨਸਾ ਸ਼੍ਰੀ ਸੱਤਪਾਲ ਸ਼ਰਮਾ, ਆਈ.ਈ.ਆਰ.ਟੀ. ਬਰੇਟਾ ਸ਼੍ਰੀ ਧੀਰਾ ਸਿੰਘ, ਆਈ.ਈ.ਆਰ.ਟੀ. ਬੁਢਲਾਡਾ ਸ਼੍ਰੀ ਵਰਿੰਦਰ, ਆਈ.ਈ.ਆਰ.ਟੀ. ਸਰਦੂਲਗੜ੍ਹ ਸ਼੍ਰੀ ਅਭਿਸ਼ੇਕ, ਸ਼੍ਰੀਮਤੀ ਸੁਖਦੀਪ ਬੰਗੜ, ਸ਼੍ਰੀ ਤਰਸੇਮ ਕੁਮਾਰ ਅਤੇ ਸ਼੍ਰੀ ਅਮਰਨਾਥ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿਦਿਆਰਥੀ ਅਤੇ ਅਧਿਆਪਕ ਹਾਜ਼ਰ ਸਨ।

No comments:

Post a Comment