Tuesday 19 September 2017

21 ਸਤੰਬਰ ਨੂੰ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਵਿਖੇ ਲੱਗੇਗਾ 1 ਦਿਨਾਂ ਰੁਜ਼ਗਾਰ ਮੇਲਾ : ਵਧੀਕ ਡਿਪਟੀ ਕਮਿਸ਼ਨਰ

-ਮੇਲੇ ਦੌਰਾਨ 8 ਦੇ ਕਰੀਬ ਕੰਪਨੀਆਂ ਵੱਲੋਂ ਕੀਤੀ ਜਾਵੇਗੀ ਨੌਜਵਾਨਾਂ ਦੀ ਪਲੇਸਮੈਂਟ ਲਈ ਚੋਣ
-ਪ੍ਰਾਰਥੀ ਆਪਣੇ ਨਾਲ ਜ਼ਰੂਰੀ ਦਸਤਾਵੇਜ਼ ਜ਼ਰੂਰ ਲੈ ਕੇ ਆਉਣ : ਸਹੋਤਾ

ਮਾਨਸਾ,  : ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਦੇ ਸਹਿਯੋਗ ਨਾਲ ਜ਼ਿਲ੍ਹਾ ਬਿਊਰੋ ਆਫ਼ ਰੁਜ਼ਗਾਰ ਜਨਰੇਸ਼ਨ ਐਂਡ ਟ੍ਰੇਨਿੰਗ ਮਾਨਸਾ ਵੱਲੋਂ 1 ਦਿਨਾਂ ਰੋਜ਼ਗਾਰ ਮੇਲਾ 21 ਸਤੰਬਰ 2017 ਨੂੰ ਸਵੇਰੇ 9 ਵਜੇ ਸਥਾਨਕ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਖੇ ਲਗਾਇਆ ਜਾ ਰਿਹਾ ਹੈ, ਜਿਸ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਧਰਮ ਪਾਲ ਗੁਪਤਾ ਕਰਨਗੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਗੁਰਿੰਦਰ ਪਾਲ ਸਿੰਘ ਸਹੋਤਾ ਨੇ ਪ੍ਰਬੰਧਾਂ ਨੂੰ ਲੈ ਕੇ ਸਬੰਧਿਤ ਵਿਭਾਗਾਂ ਦੀ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਹਾਇਕ ਕਮਿਸ਼ਨਰ (ਜ) ਸ਼੍ਰੀ ਓਮ ਪ੍ਰਕਾਸ਼, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼੍ਰੀਮਤੀ ਬਲਜੀਤ ਕੌਰ, ਪ੍ਰਿੰਸੀਪਲ ਆਈ.ਟੀ.ਆਈ. ਸ਼੍ਰੀ ਪਵਨ ਕੁਮਾਰ, ਡਿਪਟੀ ਪ੍ਰੋਜੈਕਟ ਡਾਇਰੈਕਟਰ ਆਤਮਾ ਡਾ. ਚਮਨਦੀਪ ਸਿੰਘ ਅਤੇ ਪਲੇਸਮੈਂਟ ਇੰਸਟ੍ਰਕਟਰ ਸ਼੍ਰੀ ਰਵਿੰਦਰ ਸਿੰਘ ਮੌਜੂਦ ਸਨ। 
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਗੁਰਿੰਦਰ ਪਾਲ ਸਿੰਘ ਸਹੋਤਾ ਨੇ ਦੱਸਿਆ ਕਿ ਲੱਗਣ ਵਾਲੇ ਇਸ 1 ਦਿਨਾਂ ਮੇਲੇ ਵਿੱਚ ਵੱਖ-ਵੱਖ ਕੰਪਨੀਆਂ ਵੱਲੋਂ ਮੌਕੇ 'ਤੇ ਹੀ ਲੋੜ ਅਨੁਸਾਰ ਨੋਜ਼ਵਾਨਾਂ ਦੀ ਚੋਣ ਕਰਕੇ ਪਲੇਸਮੈਂਟ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਰੁਜ਼ਗਾਰ ਮੇਲੇ ਵਿਚ ਆਈ.ਟੀ., ਮਕੈਨੀਕਲ ਇੰਜੀਨਿਅਰ, ਬੀ.ਐਸ.ਸੀ. (ਨਾਨ ਮੈਡੀਕਲ), ਆਈ.ਟੀ.ਆਈ., ਡਿਪਲੋਮਾ ਹੋਲਡਰ, ਅਠਵੀਂ ਤੇ ਬਾਰ੍ਹਵੀਂ ਪਾਸ ਪ੍ਰਾਰਥੀ ਭਾਗ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਰੁਜ਼ਗਾਰ ਮੇਲੇ ਵਿਚ ਸ਼ਿਵਾ ਪ੍ਰੋਟੀਨ ਪ੍ਰੋਡਕਟ, ਲਾਰਸਨ ਐਂਡ ਟੂਬਰੋ, ਟਰਾਈਡੈਂਟ ਗਰੁੱਪ, ਗੁਰੂ ਰੀਪਰ ਇੰਡਸਟਰੀ, ਰੂਪ ਐਗਰੀਕਲਰਚਰ ਇੰਡਸਟਰੀ, ਭਾਈ ਬਹਿਲੋ ਐਗਰੀਕਲਚਰ ਵਰਕਸ, ਸਟੈਂਡਰਡ ਕਾਰਪੋਰੇਸ਼ਨ ਇੰਡੀਆ ਲਿਮਟਿਡ ਅਤੇ ਪਾਲ ਐਗਰੋ ਇੰਡਸਟਰੀ ਕੰਪਨੀਆਂ ਵੱਲੋਂ ਸ਼ਿਰਕਤ ਕੀਤੀ ਜਾਵੇਗੀ।
ਇਸ ਮੌਕੇ ਜ਼ਿਲ੍ਹਾ ਰੁਜ਼ਗਾਰ ਅਫ਼ਸਰ ਮੇਜਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਨਾਲ ਸਬੰਧਿਤ ਚਾਹਵਾਨ ਉਮੀਦਵਾਰ ਆਪਣੀ ਵਿੱਦਿਅਕ ਯੋਗਤਾ ਦੇ ਅਸਲ ਸਰਟੀਫਿਕੇਟ, ਤਜ਼ਰਬੇ ਸਬੰਧੀ ਸਰਟੀਫਿਕੇਟ ਅਤੇ ਹੋਰ ਜ਼ਰੂਰੀ ਦਸਤਾਵੇਜ਼ ਆਪਣੇ ਨਾਲ ਲੈ ਕੇ ਪੰਹੁਚਣ। ਉਨ੍ਹਾਂ ਦੱਸਿਆ ਕਿ ਇਸ ਮੇਲੇ ਦੌਰਾਨ ਪਲੇਸਮੈਂਟ ਤੋਂ ਇਲਾਵਾ ਜ਼ਿਲ੍ਹਾ ਰੁਜ਼ਗਾਰ ਜਨਰੇਸ਼ਨ ਐਂਡ ਟ੍ਰੇਨਿੰਗ ਦਫ਼ਤਰ ਮਾਨਸਾ ਵੱਲੋਂ ਮੌਕੇ 'ਤੇ ਬੇਰੁਜ਼ਗਾਰ ਪ੍ਰਾਰਥੀਆਂ ਦਾ ਨਾਮ ਰੋਜ਼ਗਾਰ ਸਹਾਇਤਾ ਸਬੰਧੀ ਦਰਜ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕੇਂਦਰ ਸਰਕਾਰ ਦੀ ਸਕਿੱਲ ਡਿਵੈਲਪਮੈਂਟ ਸਕੀਮ ਅਧੀਨ ਸਕਿੱਲ ਡਿਵੈਲਪਮੈਂਟ ਸੈਂਟਰ ਮਾਨਸਾ ਵੱਲੋਂ ਟ੍ਰੇਨਿੰਗ ਲੈਣ ਦੇ ਚਾਹਵਾਨ ਉਮੀਦਵਾਰਾਂ ਦਾ ਨਾਮ ਮੁਫ਼ਤ ਟ੍ਰੇਨਿੰਗ ਲਈ ਦਰਜ ਕੀਤਾ ਜਾਵੇਗਾ।

No comments:

Post a Comment