Friday, 22 September 2017

ਡਿਪਟੀ ਕਮਿਸ਼ਨਰ ਵੱਲੋਂ ਜ਼ਿਲਾ ਅੰਮਿ੍ਰਤਸਰ ’ਚ ਫਲਦਾਰ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਹਰ ਕਿਸਾਨ ਆਪਣੇ ਟਿਊਬਵੈੱਲ ’ਤੇ ਫਲਦਾਰ ਬੂਟੇ ਜਰੂਰ ਲਗਾਵੇ - ਡਿਪਟੀ ਕਮਿਸ਼ਨਰ ਜ਼ਿਲਾ ਪ੍ਰਸ਼ਾਸਨ ਵੱਲੋਂ ਫਲਦਾਰ ਬੂਟਿਆਂ ਦਾ ਕੀਤਾ ਜਾਵੇਗਾ ਪ੍ਰਬੰਧ

ਅੰਮਿ੍ਰਤਸਰ, - ਜ਼ਿਲਾ ਪ੍ਰਸ਼ਾਸਨ ਅੰਮਿ੍ਰਤਸਰ ਵੱਲੋਂ ਫਲਦਾਰ ਬੂਟਿਆਂ ਨੂੰ ਲਗਾਉਣ ਲਈ ਆਮ ਲੋਕਾਂ ਨੂੰ ਉਤਸ਼ਾਹਤ ਕਰਨ ਲਈ ਅੱਜ ਬਲਾਕ ਚੌਗਾਵਾਂ ਵਿਖੇ ਫਲਦਾਰ ਬੂਟਿਆਂ ਦੀ ਵੰਡ ਸਬੰਧੀ ਇੱਕ ਵਿਸ਼ੇਸ਼ ਸਮਾਗਮ ਕਰਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਸ. ਕਮਲਦੀਪ ਸਿੰਘ ਸੰਘਾ ਨੇ ਕੀਤੀ। ਇਸ ਮੌਕੇ ਉਨਾਂ ਨਾਲ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ੍ਰੀਮਤੀ ਅਲਕਾ ਕਾਲੀਆ, ਜ਼ਿਲਾ ਪੰਚਾਇਤ ਤੇ ਵਿਕਾਸ ਅਫ਼ਸਰ ਸ੍ਰੀ ਗੁਰਪ੍ਰੀਤ ਸਿੰਘ ਗਿੱਲ, ਦਿਲਰਾਜ ਸਿੰਘ ਸਰਕਾਰੀਆ, ਡਿਪਟੀ ਡਾਇਰੈਕਟਰ ਬਾਗਬਾਨੀ ਗੁਰਸ਼ਰਨ ਸਿੰਘ ਛੀਨਾ, ਰਣਜੀਤ ਸਿੰਘ ਸਹਾਇਕ ਡਾਇਰੈਕਟਰ ਬਾਗਬਾਨੀ, ਬੀ.ਡੀ.ਪੀ.ਓ ਸੰਦੀਪ ਮਲਹੋਤਰਾ ਤੋਂ ਇਲਾਵਾ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਜ਼ਿਲੇ ’ਚ ਫਲਦਾਰ ਬੂਟਿਆਂ ਨੂੰ ਲਗਾਉਣ ਲਈ ਲੋਕਾਂ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਫਲਦਾਰ ਬੂਟੇ ਜਿਥੇ ਵਾਤਾਵਰਨ ਦੀ ਸ਼ੁੱਧਤਾ ਲਈ ਉਪਯੋਗੀ ਹਨ ਉਥੇ ਇਨਾਂ ਬੂਟਿਆਂ ਨੂੰ ਲੱਗਦੇ ਫਲ ਮਨੁੱਖੀ ਸਰੀਰ ਨੂੰ ਤੰਦਰੁਸਤ ਰੱਖਣ ਲਈ ਵੀ ਸਹਾਈ ਹੁੰਦੇ ਹਨ। ਉਨਾਂ ਕਿਹਾ ਕਿ ਹਰ ਕਿਸਾਨ ਨੂੰ ਆਪਣੀ ਟਿਊਬਵੈੱਲ ਅਤੇ ਘਰਾਂ ’ਚ ਚਾਰ ਪੰਜ ਫਲ਼ਦਾਰ ਬੂਟੇ ਜਰੂਰ ਲਗਾਉਣੇ ਚਾਹੀਦੇ ਹਨ। ਉਨਾਂ ਕਿਹਾ ਕਿ ਅਜੋਕੇ ਪਦਾਰਥਵਾਦੀ ਯੁੱਗ ’ਚ ਮਨੁੱਖ ਕੁਦਰਤ ਨਾਲੋਂ ਦੂਰ ਹੁੰਦਾ ਜਾ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਜਿਥੇ ਵਾਤਾਵਰਨ ’ਚ ਵਿਗਾੜ ਆਏ ਹਨ ਉਥੇ ਮਨੁੱਖ ਨੂੰ ਕਈ ਬਿਮਾਰੀਆਂ ਨੇ ਘੇਰ ਲਿਆ ਹੈ। ਉੇਨਾਂ ਕਿਹਾ ਕਿ ਅੱਜ ਲੋੜ ਹੈ ਕੁਦਰਤ ਨਾਲ ਜੁੜਿਆ ਜਾਵੇ ਅਤੇ ਵੱਧ ਤੋਂ ਵੱਧ ਪੌਦੇ ਲਗਾ ਕੇ ਉਨਾਂ ਦੀ ਦੇਖ-ਭਾਲ ਕੀਤੀ ਜਾਵੇ ਤਾਂ ਆਉਣ ਵਾਲੇ ਸਮੇਂ ’ਚ ਇਹ ਪੌਦੇ ਰੁੱਖ ਬਣ ਕੇ ਸਾਡਾ ਆਲਾ-ਦੁਆਲਾ ਹਰਿਆ ਭਰਿਆ ਕਰਕੇ ਵਾਤਾਵਰਣ ਦੀ ਸ਼ੁੱਧਤਾ ’ਚ ਆਪਣਾ ਯੋਗਦਾਨ ਪਾ ਸਕਣ। ਉਨਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਬਾਗਬਾਨੀ ਵਿਭਾਗ ਅਤੇ ਪੰਚਾਇਤ ਵਿਭਾਗ ਨਾਲ ਮਿਲ ਕੇ ਫਲਦਾਰ ਬੂਟੇ ਲਗਾਉਣ ਦੀ ਮੁਹਿੰਮ ਨੂੰ ਭਵਿੱਖ ’ਚ ਵੀ ਜਾਰੀ ਰੱਖਿਆ ਜਾਵੇਗਾ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਫਲਦਾਰ ਬੂਟਿਆਂ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਉੱਤਮ ਕੁਆਲਟੀ ਦੇ ਫਲਦਾਰ ਬੂਟੇ ਮਿਲ ਸਕਣ।
ਡਿਪਟੀ ਕਮਿਸ਼ਨਰ ਸ੍ਰ. ਸੰਘਾ ਨੇ ਇਸ ਮੌਕੇ ਹਾਜ਼ਰ ਇਕੱਠ ਨੂੰ ਸਵੱਛ ਭਾਰਤ ਮੁਹਿੰਮ ਤਹਿਤ ਆਪਣੇ ਆਲੇ ਸਫਾਈ ਰੱਖਣ ਲਈ ਵੀ ਪ੍ਰੇਰਿਤ ਕੀਤਾ। ਉਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਸ ਸਾਲ ਦੇ ਅੰਤ ਤੱਕ ਖੁੱਲੇ ’ਚ ਜੰਗਲ-ਪਾਣੀ ਜਾਣ ਦੀ ਬੁਰਾਈ ਨੂੰ ਖਤਮ ਕਰਨ ਲਈ ਹਰ ਘਰ ’ਚ ਟਾਇਲਟ ਬਣਾ ਕੇ ਦਿੱਤੀ ਜਾਵੇਗੀ ਅਤੇ ਇਸ ਪ੍ਰੋਜੈਕਟ ’ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਉਨਾਂ ਕਿਹਾ ਕਿ ਲੋਕ ਜਾਗਰੂਕ ਹੋਣ ਅਤੇ ਪਿੰਡਾਂ ’ਚ ਇਸ ਬੁਰਾਈ ਨੂੰ ਰੋਕਣ ਲਈ ਖੁਦ ਅੱਗੇ ਆਉਣ। ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਾਤਾਵਰਨ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਉਣ ਲਈ ਕਿਸਾਨਾਂ ਨੂੰ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ ਹੈ। ਉਨਾਂ ਕਿਹਾ ਕਿ ਕਿਸਾਨ ਪਰਾਲੀ ਨੂੰ ਖੇਤਾਂ ’ਚ ਵਾਹੁਣ ਸਬੰਧੀ ਕੋਈ ਵੀ ਤਕਨੀਕੀ ਜਾਣਕਾਰੀ ਜਾਂ ਸਹਾਇਤਾ ਖੇਤੀਬਾੜੀ ਵਿਭਾਗ ਕੋਲੋਂ ਲੈ ਸਕਦੇ ਹਨ। ਉਨਾਂ ਕਿਹਾ ਕਿ ਵਾਤਾਵਰਨ ਦੇ ਬਚਾਅ ਅਤੇ ਸਵੱਛਤਾ ਲਈ ਸਾਰਿਆਂ ਦੇ ਸਾਂਝੇ ਯਤਨਾਂ ਤੇ ਉੱਦਮਾਂ ਦੀ ਲੋੜ ਹੈ ਅਤੇ ਲੋਕਾਂ ਦੇ ਸਾਥ ਨਾਲ ਹੀ ਮਿੱਥੇ ਟੀਚੇ ਹਾਸਲ ਕੀਤੇ ਜਾ ਸਕਦੇ।
ਇਸਤੋਂ ਪਹਿਲਾਂ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਗੁਰਸ਼ਰਨ ਸਿੰਘ ਛੀਨਾ ਨੇ ਹਾਜ਼ਰ ਇਕੱਠ ਨੂੰ ਫਲਦਾਰ ਬੂਟਿਆਂ ਨੂੰ ਲਗਾਉਣ ਦੇ ਢੰਗ ਅਤੇ ਇਨਾਂ ਦੀ ਸਾਂਭ-ਸੰਭਾਲ ਬਾਰੇ ਵਿਸਥਾਰ ਵਿੱਚ ਦੱਸਿਆ। ਸ. ਛੀਨਾ ਨੇ ਕਿਹਾ ਕਿ ਅੰਮਿ੍ਰਤਸਰ ਜ਼ਿਲੇ ਦਾ ਜਲਵਾਜੂ ਬਾਗਬਾਨੀ ਲਈ ਬਹੁਤ ਢੁੱਕਵਾਂ ਹੈ ਅਤੇ ਕਿਸਾਨਾਂ ਨੂੰ ਰਿਵਾਇਤੀ ਖੇਤੀ ਚੱਕਰ ’ਚੋਂ ਨਿਕਲ ਕੇ ਆਪਣਾ ਕੁਝ ਰਕਬਾ ਬਾਗਬਾਨੀ ਹੇਠ ਜਰੂਰ ਲਿਆਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਨਾਖਾਂ ਦੇ ਬਾਗ ਲਗਾ ਕੇ ਕਿਸਾਨ ਇੱਕ ਏਕੜ ’ਚੋਂ 2 ਲੱਖ ਰੁਪਏ ਸਲਾਨਾਂ ਕਮਾਈ ਕਰ ਸਕਦੇ ਹਨ। ਇਸ ਮੌਕੇ ਉਨਾਂ ਕਿਸਾਨਾਂ ਨੂੰ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਵੀ ਉਤਸ਼ਾਹਤ ਕੀਤਾ। ਉਨਾਂ ਕਿਹਾ ਕਿ ਘੱਟੋ-ਘੱਟ ਹਰ ਕਿਸਾਨ ਨੂੰ ਆਪਣੇ ਘਰ ਦੇ ਗੁਜ਼ਾਰੇ ਲਈ ਤਾਂ ਸਬਜ਼ੀਆਂ ਦੀ ਕਾਸ਼ਤ ਜਰੂਰ ਕਰਨੀ ਚਾਹੀਦੀ ਹੈ। ਇਸ ਮੌਕੇ ਉਨਾਂ ਡਿਪਟੀ ਕਮਿਸ਼ਨਰ ਕੋਲੋਂ ਕਿਸਾਨਾਂ ਨੂੰ ਸਬਸਿਡੀ ’ਤੇ ਘਰੈਲੂ ਬਗੀਚੀ ਦੀਆਂ ਸਬਜ਼ੀਆਂ ਦੇ ਬੀਜ਼ ਦੀਆਂ ਕਿੱਟਾਂ ਵੰਡਣ ਦੀ ਸ਼ੁਰੂਆਤ ਵੀ ਕਰਵਾਈ।
ਸਮਾਗਮ ਦੇ ਅਖੀਰ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਨੂੰ ਨਿੰਬੂ, ਅੰਬ, ਲਗਾਠ ਅਤੇ ਗਲਗਲ ਦੇ ਫਲਦਾਰ ਬੂਟੇ ਵੰਡੇ ਗਏ। ਅੱਜ ਦੇ ਸਮਾਗਮ ਦੌਰਾਨ ਬਲਾਕ ਚੌਗਾਵਾਂ ’ਚ ਕਰੀਬ 4500 ਫਲਦਾਰ ਬੂਟੇ ਕਿਸਾਨਾਂ ਨੇ ਆਪਣੇ ਘਰਾਂ ਅਤੇ ਟਿਊਬਵੈੱਲਾਂ ’ਤੇ ਲਗਾਉਣ ਲਈ ਲਏ।

No comments:

Post a Comment