Saturday, 16 September 2017

ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਚਮਕੌਰ ਸਾਹਿਬ ਵਿਖੇ ਸਕਿੱਲ ਤੇ ਵੋਕੇਸ਼ਨਲ ਯੂਨੀਵਰਸਿਟੀ ਸਥਾਪਤ ਕਰਨ ਦੇ ਐਲਾਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਚਮਕੌਰ ਸਾਹਿਬ ਵਿਖੇ ਸਕਿੱਲ ਤੇ ਵੋਕੇਸ਼ਨਲ ਯੂਨੀਵਰਸਿਟੀ ਸਥਾਪਤ ਕਰਨ ਦੇ ਐਲਾਨ ਤੋਂ ਬਾਅਦ ਸਥਾਨਕ ਸਰਕਾਰਾਂ ਵਿਭਾਗ ਨੇ ਇਸ ਵੱਕਾਰੀ ਤੇ ਅਹਿਮ ਪ੍ਰਾਜੈਕਟ ਲਈ ਨਗਰ ਪੰਚਾਇਤ ਚਮਕੌਰ ਸਾਹਿਬ ਦੀ 100 ਏਕੜ ਜਗਾਂ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਖੁਲਾਸਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਕੀਤਾ।ਸ. ਸਿੱਧੂ ਨੇ ਕਿਹਾ ਕਿ ਸੂਬੇ ਦੀ ਨੌਜਵਾਨੀ ਨੂੰ ਨਵੀਂ ਦਿਸ਼ਾ ਦੇਣ ਲਈ ਕਿੱਤਾਮੁਖੀ ਤੇ ਹੁਨਰਮੰਦ ਸਿੱਖਿਆ ਦੇਣ ਲਈ ਸ੍ਰੀ ਚਮਕੌਰ ਸਾਹਿਬ ਦੀ ਇਤਿਹਾਸਕ ਧਰਤੀ 'ਤੇ ਬਣਾਈ ਜਾਣ ਵਾਲੀ ਸਕਿੱਲ ਤੇ ਵੋਕੇਸ਼ਨਲ ਯੂਨੀਵਰਸਿਟੀ ਵੱਡੇ ਸ਼ਾਹਿਬਜ਼ਾਦਿਆਂ ਤੇ ਸਿੰਘਾਂ ਦੀ ਸ਼ਹਾਦਤ ਨੂੰ ਨਿਮਾਣੀ ਜਿਹੀ ਭੇਂਟ ਹੋਵੇਗੀ। ਉਨਾਂ ਕਿਹਾ ਕਿ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਸੂਬੇ ਦੇ ਨੌਜਵਾਨਾਂ ਨੂੰ ਮਿਆਰੀ ਤੇ ਕਿੱਤਮੁਖੀ ਸਿੱਖਿਆ ਦੇਣ ਲਈ ਤਕਨੀਕੀ ਸਿੱਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋਂ ਸ੍ਰੀ ਚਮਕੌਰ ਸਾਹਿਬ ਵਿਖੇ ਇਸ ਯੂਨੀਵਰਸਿਟੀ ਬਣਾਉਣ ਦੀ ਮੰਗ ਰੱਖੀ ਗਈ ਸੀ ਜਿਸ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੌਕੇ 'ਤੇ ਹੀ ਪ੍ਰਵਾਨ ਕਰਦਿਆਂ ਸ੍ਰੀ ਚਮਕੌਰ ਸਾਹਿਬ ਵਿਖੇ ਸਕਿੱਲ ਤੇ ਵੋਕੇਸ਼ਨਲ ਯੂਨੀਵਰਸਿਟੀ ਸਥਾਪਤ ਕਰਨ ਦਾ ਐਲਾਨ ਕੀਤਾ ਸੀ।
ਸ. ਸਿੱਧੂ ਨੇ ਦੱਸਿਆ ਕਿ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ ਇਸ ਯੂਨੀਵਰਸਿਟੀ ਲਈ ਜਗਾਂ ਦੀ ਮੰਗ 'ਤੇ ਨਗਰ ਪੰਚਾਇਤ ਸ੍ਰੀ ਚਮਕੌਰ ਸਾਹਿਬ ਵੱਲੋਂ ਮਤਾ ਪਾਇਆ ਗਿਆ ਜਿਸ ਨੂੰ ਉਨਾਂ ਦੇ ਵਿਭਾਗ ਨੇ ਅੱਜ ਮਨਜ਼ੂਰੀ ਦੇ ਕੇ ਇਸ ਯੂਨੀਵਰਸਿਟੀ ਲਈ 100 ਏਕੜ ਜਗਾਂ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਜਿੱਥੇ 'ਘਰ ਘਰ ਰੋਜ਼ਗਾਰ ਮੁਹਿੰਮ' ਆਰੰਭੀ ਗਈ ਹੈ ਉਥੇ ਨੌਜਵਾਨਾਂ ਨੂੰ ਸਨਅਤਾਂ ਦੀ ਮੰਗ ਅਨੁਸਾਰ ਹੁਨਰਮੰਦ ਅਤੇ ਕਿੱਤਾਮੁਖੀ ਸਿਖਲਾਈ ਦੇਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

No comments:

Post a Comment