ਪੰਜਾਬ ਸਰਕਾਰ ਸੂਬੇ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਅਤੇ ਸਰਕਾਰੀ ਦਫਤਰਾਂ ਵਿਚ ਕੰਮਕਾਰ ਦੀ ਵਿਵਸਥਾ ਨੂੰ ਸੁਚਾਰੂ ਕਰਨ ਦੇ ਮਕਸਦ ਨਾਲ ਜਲਦ ਹੀ ਪੰਜਾਬ ਵਿਜੀਲੈਂਸ ਦਿਸ਼ਾ-ਨਿਰਦੇਸ਼ ਅਮਲ ਵਿਚ ਲਿਆਵੇਗੀ। ਵੱਖ-ਵੱਖ ਵਿਭਾਗਾਂ, ਕਾਰਪੋਰੇਸ਼ਨਾਂ, ਬੋਰਡਾਂ ਆਦਿ ਦੇ ਸੀਵੀਓਜ਼ ਦੀ ਰਾਜ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ ਰਾਜ ਭਰ ਦੇ ਚੀਫ ਵਿਜੀਲੈਂਸ ਅਫਸਰਾਂ (ਸੀਵੀਓਜ਼) ਨੂੰ ਇਸ ਸਬੰਧੀ ਵੱਖ-ਵੱਖ ਦਿਸ਼ਾ-ਨਿਰਦੇਸ਼ ਅਤੇ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਤਾਂ ਜੋ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਮਿਟਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਮਾਮਲਿਆਂ ਦੀ ਸਹੀ ਜਾਂਚ ਅਤੇ ਫਾਲੋ ਅੱਪ ਲਈ ਵਿਜੀਲੈਂਸ ਵਿਭਾਗ ਵਿਸ਼ੇਸ਼ ਦਿਸ਼ਾ-ਨਿਰਦੇਸ਼ ਤਿਆਰ ਕਰੇਗਾ ਜੋ ਕਿ ਕੇਂਦਰੀ ਵਿਜੀਲੈਂਸ ਕਮਿਸ਼ਨ ਦੀ ਤਰਜ਼ 'ਤੇ ਹੋਣਗੇ ਅਤੇ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨੂੰ ਵੈੱਬਸਾਈਟ 'ਤੇ ਵੀ ਪਾਇਆ ਜਾਵੇਗਾ। ਮੁੱਖ ਸਕੱਤਰ ਨੇ ਕਿਹਾ ਕਿ ਸਾਰੇ ਸੀਵੀਓਜ਼ ਆਪੋ-ਆਪਣੇ ਵਿਭਾਗਾਂ ਦੇ ਦਾਗੀ ਤੇ ਭ੍ਰਿਸ਼ਟ ਅਧਿਕਾਰੀਆਂ/ਕਰਮਚਾਰੀਆਂ ਦੀਆਂ ਸੂਚੀਆਂ ਸਕੱਤਰ ਵਿਜੀਲੈਂਸ ਨੂੰ ਭੇਜਣ। ਇਸ ਦੇ ਨਾਲ ਹੀ ਮੁੱਖ ਸਕੱਤਰ ਨੇ ਸੀਵੀਓਜ਼ ਨੂੰ ਆਪਣੇ ਵਿਭਾਗਾਂ ਦੇ ਮੁਖੀਆਂ, ਪ੍ਰਬੰਧਕੀ ਸਕੱਤਰਾਂ ਅਤੇ ਸਕੱਤਰ ਵਿਜੀਲੈਂਸ ਨਾਲ ਮਹੀਨਾਵਾਰ ਮੀਟਿੰਗਾਂ ਕਰਨ ਦੇ ਵੀ ਨਿਰਦੇਸ਼ ਦਿੱਤੇ ਤਾਂ ਜੋ ਦਾਗੀ ਮੁਲਾਜ਼ਮਾਂ ਦੀਆਂ ਜਿਹੜੀਆਂ ਸ਼ਿਕਾਇਤਾਂ ਵਿਜੀਲੈਂਸ ਬਿਓਰੋ ਵੱਲੋਂ ਵਿਭਾਗਾਂ ਨੂੰ ਜਾਂਚ ਲਈ ਭੇਜੀਆਂ ਜਾਂਦੀਆਂ ਹਨ ਉਨ੍ਹਾਂ ਦੀ ਸਹੀ ਪੈਰਵੀ ਹੋ ਸਕੇ।
No comments:
Post a Comment