Sunday 17 September 2017

ਹਰ ਵਿਅਕਤੀ ਨੂੰ ਆਪਣਾ ਆਲਾ-ਦੁਆਲਾ ਸਾਫ਼ ਰੱਖਣ ਲਈ ਵਚਨਬੱਧ ਹੋਣਾ ਚਾਹੀਦਾ ਹੈ : ਡਿਪਟੀ ਕਮਿਸ਼ਨਰ -ਸਵੱਛਤਾ ਹੀ ਸੇਵਾ ਮੁਹਿੰਮ ਦੀ ਸਬ-ਡਵੀਜ਼ਨ ਬੁਢਲਾਡਾ ਵਿਖੇ ਪਿੰਡ ਕੁਲੈਹਿਰੀ ਤੋਂ ਕੀਤੀ ਸ਼ੁਰੂਆਤ -ਡਿਪਟੀ ਕਮਿਸ਼ਨਰ ਅਤੇ ਐਸ.ਡੀ.ਐਮ. ਨੇ ਝਾੜੂ ਲਗਾ ਕੇ ਲੋਕਾਂ ਨੂੰ ਸਵੱਛ ਵਾਤਾਵਰਣ ਲਈ ਕੀਤਾ ਪ੍ਰੇਰਿਤ

ਮਾਨਸਾ,  : 'ਸਵੱਛਤਾ ਹੀ ਸੇਵਾ' ਕੌਮੀ ਮੁਹਿੰਮ ਤਹਿਤ ਅੱਜ ਮਾਨਸਾ ਜ਼ਿਲ੍ਹੇ ਦੀ ਸਬ-ਡਵੀਜ਼ਨ ਬੁਢਲਾਡਾ ਵਿਖੇ ਪਿੰਡ ਕੁਲੈਹਿਰੀ ਤੋਂ ਸ਼ੁਰੂਆਤ ਕੀਤੀ ਗਈ, ਜਿਸ ਵਿੱਚ ਡਿਪਟੀ ਕਮਿਸ਼ਨਰ ਮਾਨਸਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਧਰਮ ਪਾਲ ਗੁਪਤਾ ਅਤੇ ਐਸ.ਡੀ.ਐਮ. ਸ਼੍ਰੀ ਗੁਰਸਿਮਰਤ ਸਿੰਘ ਨੇ ਖੁਦ ਝਾੜੂ ਲਗਾ ਕੇ ਲੋਕਾਂ ਨੂੰ ਸਵੱਛ ਵਾਤਾਵਰਨ ਦੀ ਸਿਰਜਨਾ ਕਰਨ ਲਈ ਪ੍ਰੇਰਿਆ। ਸ਼੍ਰੀ ਗੁਪਤਾ ਨੇ ਕਿਹਾ ਕਿ ਹਰ ਵਿਅਕਤੀ ਨੂੰ ਆਪਣਾ ਆਲਾ-ਦੁਆਲਾ ਸਾਫ਼ ਰੱਖਣ ਲਈ ਵਚਨਬੱਧ ਹੋਣਾ ਚਾਹੀਦਾ ਹੈ ਅਤੇ ਦੂਸਰੇ ਲੋਕਾਂ ਨੂੰ ਵੀ ਸਵੱਛ ਵਾਤਾਵਰਨ ਦੀ ਮਹੱਤਤਾ ਤੋਂ ਜਾਗਰੂਕ ਕਰਵਾ ਕੇ ਉਸਨੂੰ ਪ੍ਰੇਰਣਾ ਚਾਹੀਦਾ ਹੈ।
  ਡਿਪਟੀ ਕਮਿਸ਼ਨਰ ਸ਼੍ਰੀ ਗੁਪਤਾ ਨੇ ਕਿਹਾ ਕਿ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣਾ ਕਿਸੇ ਵੀ ਇੱਕ ਵਿਅਕਤੀ ਦਾ ਕੰਮ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਸਾਂਝਾ ਹੰਭਲਾ ਮਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਮਿਲਜੁਲ ਕੇ ਸਾਫ਼ ਸੁਥਰੇ ਅਤੇ ਸਵੱਛ ਭਾਰਤ ਦੀ ਸਿਰਜਣਾ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 2 ਅਕਤੂਬਰ 2017 ਤੱਕ ਚੱਲਣ ਵਾਲੀ ਇਸ ਮੁਹਿੰਮ ਦਾ ਮੰਤਵ ਹਰ ਵਿਅਕਤੀ ਨੂੰ ਸਵੱਛਤਾ ਦੇ ਮਹੱਤਵ ਤੋਂ ਜਾਣੂ ਕਰਵਾਉਣਾ ਹੈ ਕਿ ਕਿਸ ਤਰ੍ਹਾਂ ਨਾਲ ਅਸੀਂ ਆਪਣਾ ਆਲਾ-ਦੁਆਲਾ ਸਾਫ਼ ਕਰਕੇ ਬਿਮਾਰੀਆਂ ਤੋਂ ਨਿਜ਼ਾਤ ਪਾ ਸਕਦੇ ਹਾਂ ਅਤੇ ਸਾਫ਼-ਸੁਥਰੀ ਹਵਾ ਵਿੱਚ ਸਾਹ ਲੈ ਸਕਦੇ ਹਾਂ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਘਰਾਂ, ਸਕੂਲਾਂ, ਕਾਲਜਾਂ, ਸਿਹਤ ਕੇਂਦਰਾਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਅਤੇ ਹੋਰ ਜਨਤਕ ਥਾਵਾਂ 'ਤੇ ਐਨ.ਜੀ.ਓਜ਼, ਕਲੱਬਾਂ, ਸਮਾਜਿਕ ਸੰਸਥਾਵਾਂ ਦੇ ਵਲੰਟੀਅਰਾਂ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਸਫਾਈ ਕਰਵਾਈ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਖੁਲ੍ਹੇ 'ਚ ਸ਼ੋਚ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹੇ ਨੂੰ ਪੂਰੀ ਤਰ੍ਹਾਂ ਖੁਲ੍ਹੇ ਤੋਂ ਸ਼ੋਚ ਮੁਕਤ ਬਣਾਉਣ ਲਈ ਸਰਕਾਰ ਵੱਲੋਂ ਜ਼ਿਲ੍ਹੇ ਅੰਦਰ 110 ਪਿੰਡਾਂ ਵਿਚ ਪਖਾਣੇ ਬਣਾਉਣ ਦਾ ਕੰਮ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕਿਆ ਹੈ ਅਤੇ ਬਾਕੀ ਰਹਿੰਦੇ 124 ਪਿੰਡਾਂ ਦਾ ਵੀ ਸਰਵੇਅ ਕੰਪਲੀਟ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਤੱਕ ਹਰੇਕ ਪਿੰਡ ਵਿਚ ਪਖਾਣੇ ਬਣਾਉਣ ਦਾ ਕੰਮ ਵੀ ਨੇਪਰੇ ਚਾੜ੍ਹ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖੁਲ੍ਹੇ ਵਿੱਚ ਸ਼ੋਚ ਕਰਨਾ ਭਿਆਨਕ ਬਿਮਾਰੀਆਂ ਨੂੰ ਸੱਦਾ ਦੇਣ ਬਰਾਬਰ ਹੈ।
ਇਸ ਮੌਕੇ ਐਸ.ਡੀ.ਐਮ. ਬੁਢਲਾਡਾ ਸ਼੍ਰੀ ਗੁਰਸਿਮਰਤ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼੍ਰੀਮਤੀ ਬਲਜੀਤ ਕੌਰ, ਤਹਿਸੀਲਦਾਰ ਬੁਢਲਾਡਾ ਸ਼੍ਰੀ ਸੁਰਿੰਦਰ ਸਿੰਘ, ਕਾਰਜ ਸਾਧਕ ਅਫ਼ਸਰ ਬੁਢਲਾਡਾ ਸ਼੍ਰੀ ਸੰਜੇ ਕੁਮਾਰ, ਬੀ.ਡੀ.ਪੀ.ਓ. ਸ਼੍ਰੀ ਲੋਲਿਕ ਗਰਗ, ਸਰਪੰਚ ਸ਼੍ਰੀ ਮੇਜਰ ਸਿੰਘ, ਸਾਬਕਾਰ ਸਰਪੰਚ ਸ਼੍ਰੀ ਨਾਇਬ ਸਿੰਘ, ਪ੍ਰਧਾਨ ਬਾਬਾ ਨਾਥ ਸਪੋਰਟਸ ਐਂਡ ਵੈਲਫੇਅਰ ਕਲੱਬ ਸ਼੍ਰੀ ਨਿਰਭੈ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ।

No comments:

Post a Comment