Saturday 16 September 2017

ਸਾਰਾਗੜੀ ਜੰਗ ਦੀ 120ਵੀਂ ਵਰੇਗੰਢ ਮੌਕੇ ਇਸ ਇਤਿਹਾਸਕ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਿਤਾਬ ਰਿਲੀਜ਼

ਸਾਰਾਗੜੀ ਜੰਗ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਜਦੋਂ ਲੰਡਨ ਦੇ ਨੈਸ਼ਨਲ ਰਾਇਲ ਮਿੳੂਜ਼ੀਅਮ ਵਿੱਚ ਬਿਗਲ ਵੱਜਿਆ ਤਾਂ ਉੱਥੇ ਮੌਜੂਦ ਪਤਵੰਤਿਆਂ ਵਿੱਚ ਚੁੱਪ ਪਸਰ ਗਈ। ਸਾਰਾਗੜੀ ਜੰਗ ਦੀ 120ਵੀਂ ਵਰੇਗੰਢ ਮੌਕੇ ਇਸ ਇਤਿਹਾਸਕ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਿਤਾਬ ਰਿਲੀਜ਼ ਕਰਨ ਦੀ ਘੜੀ ਉਨਾਂ 22 ਯੋਧਿਆਂ ਦੀ ਬਹਾਦਰੀ ਤੇ ਜਜ਼ਬੇ ਦਾ ਹਿੱਸਾ ਬਣੀ ਗਈ ਜਿਨਾਂ ਨੇ ਆਤਮ ਸਮਪਰਣ ਦੀ ਬਜਾਏ ਸ਼ਹਾਦਤ ਨੂੰ ਤਰਜੀਹ ਦਿੱਤੀ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਨਾ ਸਿਰਫ 36ਵੀਂ ਸਿੱਖਜ਼ ਜਿਸ ਨਾਲ ਇਨਾਂ ਮਹਾਨ ਯੋਧਿਆਂ ਦਾ ਨਾਤਾ ਸੀ, ਲਈ ਸਗੋਂ ਸਿੱਖ ਭਾਈਚਾਰੇ ਲਈ ਮਾਣ ਵਾਲੇ ਪਲ ਦੱਸਿਆ। ਮੁੱਖ ਮੰਤਰੀ ਨੇ ਹਾਜ਼ਰੀਨਾਂ ਨਾਲ ਸਾਰਾਗੜੀ ਦੀ ਜੰਗ ਦੇ ਅੰਤਮ ਕੁਝ ਘੰਟਿਆਂ ਦੇ ਉਨਾਂ ਕਸ਼ਟਦਾਇਕ ਪਲਾਂ ਦਾ ਜ਼ਿਕਰ ਕੀਤਾ ਜਿਨਾਂ ਵਿੱਚ ਦੀ ਇਨਾਂ 22 ਸੈਨਿਕਾਂ ਨੂੰ ਗੁਜ਼ਰਨਾ ਪਿਆ ਅਤੇ ਨਾਲ ਹੀ ਉਮੀਦ ਜ਼ਾਹਰ ਕੀਤੀ ਕਿ ਇਨਾਂ ਸੂਰਬੀਰਾਂ ਦੀ ਯਾਦ ਹਮੇਸ਼ਾ ਚੇਤਿਆਂ ਵਿੱਚ ਵਸੀ ਰਹੇਗੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਉਹ ਜੰਗ ਹੈ ਜੋ ਸਦਾ ਸਿੱਖ ਰੈਜੀਮੈਂਟ ਦੇ ਹਰੇਕ ਜਵਾਨ ਦੇ ਜ਼ਿਹਨ ਵਿੱਚ ਰਹਿੰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਖੁਦ ਅਤੇ ਹਰੇਕ ਸੈਨਿਕ ਇਹੀ ਸੋਚਦਾ ਹੈ ਕਿ ਅਜਿਹੀਆਂ ਹਾਲਤਾਂ ਵਿੱਚ ਉਹ ਕੀ ਕਰਦੇ। ਮੁੱਖ ਮੰਤਰੀ ਨੇ ਹਵਾਲਦਾਰ ਈਸ਼ਰ ਸਿੰਘ ਦੀ ਅਨੂਠੀ ਅਗਵਾਈ ਦੀ ਸ਼ਲਾਘਾ ਕੀਤੀ ਜਿਨਾਂ ਨੇ ਇਸ ਜੰਗ ਦੇ ਨਤੀਜੇ ਤੋਂ ਜਾਣੰੂ ਹੁੰਦੇ ਹੋਏ ਇਕ ਵਾਰ ਵੀ ਪਿੱਛੇ ਨਾ ਹਟਣ ਦੀ ਬਜਾਏ ਆਪਣੇ ਸੈਨਿਕਾਂ ਦੀ ਸ਼ਹਾਦਤ ਤੱਕ ਸੰਜਮ ਨਾਲ ਇਸ ਅਸਾਵੀਂ ਜੰਗ ਦੀ ਅਗਵਾਈ ਕੀਤੀ।
ਇਸ ਮੌਕੇ ਮੁੱਖ ਮੰਤਰੀ, ਜਿਨਾਂ ਦੀ ਕਿਤਾਬ ‘ਦਾ 36ਵੀਂ ਸਿੱਖਜ਼ ਇਨ ਦਾ ਤਿਰਾਹ ਕੰਪੇਨ 1897-98ਸਾਰਾਗੜੀ ਐਂਡ ਦਾ ਡਿਫੈਂਸ ਆਫ਼ ਦਾ ਸਮਾਣਾ ਫੋਰਟ’ ਲਾਂਚ ਕੀਤੀ ਗਈ, ਨੇ ਕਿਹਾ ਕਿ ਬਰਤਾਨੀਆ ਅਤੇ ਕੈਨੇਡਾ ਦੀ ਫੌਜ ਵਿੱਚ ਸਿੱਖਾਂ ਦੀ ਸ਼ਮੂਲੀਅਤ ਸਿੱਖ ਭਾਈਚਾਰੇ ਲਈ ਬੜੇ ਮਾਣ ਵਾਲੀ ਗੱਲ ਹੈ। ਉਨਾਂ ਕਿਹਾ ਕਿ ਸਿੱਖਾਂ ਨੂੰ ਉਨਾਂ ਦੀ ਬਹਾਦਰੀ ਕਰਕੇ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ ਅਤੇ ਸਿੱਖ ਸੈਨਿਕਾਂ ਨੇ ਹਮੇਸ਼ਾ ਹੀ ਭਾਈਚਾਰੇ ਦੀ ਸ਼ਾਨ ਵਿੱਚ ਵਾਧਾ ਕੀਤਾ ਹੈ।

No comments:

Post a Comment