Saturday, 9 September 2017

ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਅਪੀਲ- ''ਇੰਡੀਅਨ ਰੈੱਡ ਕਰਾਸ ਸੁਸਾਇਟੀ ਦੇ ਲਾਈਫ਼ ਮੈਂਬਰ ਬਣਨ ਲਈ ਅੱਗੇ ਆਓ'' -ਅਜਿਹੀਆਂ ਸੰਸਥਾਵਾਂ ਲੋਕਾਂ ਦੇ ਸਹਿਯੋਗ ਤੋਂ ਬਿਨਾ ਨਹੀਂ ਚੱਲਦੀਆਂ-ਅਗਰਵਾਲ

ਲੁਧਿਆਣਾ, - ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਮਾਜ ਸੇਵਾ ਨੂੰ ਸਮਰਪਿਤ ਇੰਡੀਅਨ ਰੈੱਡ ਕਰਾਸ ਸੁਸਾਇਟੀ ਦੇ ਲਾਈਫ਼ ਮੈਂਬਰ (ਜੀਵਨ ਭਰ ਲਈ ਮੈਂਬਰ) ਬਣਨ ਲਈ ਅੱਗੇ ਆਉਣ।
ਸ੍ਰੀ ਅਗਰਵਾਲ ਨੇ ਕਿਹਾ ਕਿ ਇੰਡੀਅਨ ਰੈੱਡ ਕਰਾਸ ਸੁਸਾਇਟੀ ਵੱਲੋਂ ਸਮਾਜ ਸੇਵਾ ਦੇ ਵੱਖ-ਵੱਖ ਖੇਤਰਾਂ ਅਤੇ ਪੱਧਰਾਂ 'ਤੇ ਬਾਖ਼ੂਬੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ, ਜੋ ਕਿ ਆਰਥਿਕ ਅਤੇ ਸਮਾਜਿਕ ਤੌਰ 'ਤੇ ਪੱਛੜੇ ਲੋਕਾਂ ਅਤੇ ਸਮਾਜ ਲਈ ਬਹੁਤ ਲਾਭਕਾਰੀ ਸਿੱਧ ਹੁੰਦੀਆਂ ਹਨ। ਜ਼ਿਲਾ ਲੁਧਿਆਣਾ ਵਿੱਚ ਸੁਸਾਇਟੀ ਵੱਲੋਂ ਜ਼ਿਲਾ ਰੈੱਡ ਕਰਾਸ ਸੁਸਾਇਟੀ ਸਫ਼ਲਤਾਪੂਰਵਕ ਚਲਾਈ ਜਾ ਰਹੀ ਹੈ।
ਸ੍ਰੀ ਅਗਰਵਾਲ ਨੇ ਕਿਹਾ ਕਿ ਅਜਿਹੀਆਂ ਸੰਸਥਾਵਾਂ ਲੋਕਾਂ ਦੇ ਸਹਿਯੋਗ ਤੋਂ ਬਿਨਾ ਨਹੀਂ ਚਲਾਈਆਂ ਜਾ ਸਕਦੀਆਂ ਹਨ। ਭਾਵੇਂਕਿ ਆਮ ਲੋਕਾਂ ਦਾ ਇਸ ਸੁਸਾਇਟੀ ਦਾ ਬਹੁਤ ਸਹਿਯੋਗ ਮਿਲ ਰਿਹਾ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਇਹ ਲੋੜ ਮਹਿਸੂਸ ਹੁੰਦੀ ਹੈ ਕਿ ਇਸ ਸੁਸਾਇਟੀ ਨਾਲ ਲਾਈਫ਼ ਟਾਈਮ ਮੈਂਬਰਸ਼ਿਪ ਵਾਲੇ ਲੋਕ ਬਹੁਤ ਘੱਟ ਜੁੜੇ ਹੋਏ ਹਨ।
ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸੁਸਾਇਟੀ ਦੇ ਲਾਈਫ਼ ਮੈਂਬਰ ਬਣਨ ਵਿੱਚ ਰੁਚੀ ਦਿਖਾਉਣ। ਲਾਈਫ਼ ਮੈਂਬਰ ਦੀ ਫੀਸ ਮਹਿਜ਼ 1000 ਰੁਪਏ ਹੈ। ਇਛੁੱਕ ਲੋਕ ਮੈਂਬਰ ਬਣਨ ਲਈ ਜ਼ਿਲਾ ਰੈੱਡ ਕਰਾਸ ਸੁਸਾਇਟੀ, ਲੁਧਿਆਣਾ ਜਾਂ ਕਾਰਜਕਾਰੀ ਮੈਜਿਸਟ੍ਰੇਟ, ਡਿਪਟੀ ਕਮਿਸ਼ਨਰ ਦਫ਼ਤਰ, ਲੁਧਿਆਣਾ ਨਾਲ ਸੰਪਰਕ ਕਰ ਸਕਦੇ ਹਨ।

No comments:

Post a Comment