Saturday, 9 September 2017

ਇੱਕ ਚੰਗੀ ਤਸਵੀਰ ਹਜ਼ਾਰ ਸ਼ਬਦਾਂ ਦੇ ਬਰਾਬਰ ਹੁੰਦੀ ਹੈ-ਡਿਪਟੀ ਕਮਿਸ਼ਨਰ



Ludhiana: (Public VIEWS/Arun Kaushal) : ”ਇਕ ਆਰਟਿਸਟ, ਚਾਹੇ ਉਹ ਕੋਈ ਵੀ ਕਲਾ ਦਾ ਮਾਹਿਰ ਹੋਵੇ, ਉਸ ਤਰਾਂ ਹੀ ਸਮਾਜ ਨੂੰ ਬਦਲਣ ਦੇ ਸਮਰੱਥ ਹੁੰਦਾ ਹੈ, ਜਿਵੇਂ ਕੋਈ ਲੇਖਕ ਆਪਣੀ ਰਚਨਾ ਨਾਲ ਸਮਾਜ ਨੂੰ ਬਦਲਣ ਦੇ ਯੋਗ ਹੁੰਦਾ ਹੈ, ਇਸ ਲਈ ਹਰੇਕ ਆਰਟਿਸਟ ਦਾ ਇਖ਼ਲਾਕੀ ਫਰਜ਼ ਬਣਦਾ ਹੈ ਕਿ ਉਹ ਸਮਾਜ ਵਿਚ ਫੈਲੀਆਂ ਗਲਤ ਕਦਰਾਂ ਕੀਮਤਾਂ ਨੂੰ ਰੋਕਣ ਲਈ ਆਪਣੇ ਹੁਨਰ ਨਾਲ ਆਪਣਾ ਯੋਗਦਾਨ ਪਾਵੇ।” ਇਹ ਵਿਚਾਰ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਅੱਜ ਸਥਾਨਕ ਪੰਜਾਬ ਕਾਲਜ ਆਫ਼ ਟੈਕਨੀਕਲ ਐਜੁਕੇਸ਼ਨ ਵਿਖੇ ਫੋਟੋ ਜਰਨਲਿਸਟ ਐਸੋਸੀਏਸ਼ਨ, ਲੁਧਿਆਣਾ ਵੱਲੋਂ ਲਗਾਈ ਗਈ ਇੱਕ ਰੋਜ਼ਾ ਫੋਟੋ ਪ੍ਰਦਰਸ਼ਨੀ ‘ਵਨ ਥਾਊਜ਼ੈਂਡ ਵਰਡਜ਼’ ਨੂੰ ਦੇਖਣ ਤੋਂ ਬਾਅਦ ਪ੍ਰਗਟ ਕੀਤੇ।

ਉਨਾਂ  ਕਿਹਾ ਕਿ ਇੱਕ ਫੋਟੋ ਪੱਤਰਕਾਰ ਭਾਵੇਂ ਖ਼ਬਰ ਲਿਖਣ ਦਾ ਮਾਹਿਰ ਨਾ ਹੋਵੇ ਪਰ ਉਸ ਦੁਆਰਾ ਸਹੀ ਮਨਸ਼ਾ ਨਾਲ ਖਿੱਚੀ ਤਸਵੀਰ ਪਾਠਕਾਂ ਦੇ ਮਨਾਂ ‘ਤੇ ਡੂੰਘੀ ਛਾਪ ਛੱਡ ਜਾਂਦੀ ਹੈ। ਇੱਕ ਚੰਗੀ ਤਸਵੀਰ ਨੂੰ ਜੇਕਰ ਗਹੁ ਨਾਲ ਵੇਖਿਆ ਜਾਵੇ ਤਾਂ ਇਹ ਤਸਵੀਰ ਹਜ਼ਾਰਾਂ ਸ਼ਬਦਾਂ ਦੀ ਆਪਣੇ ਆਪ ਵਿੱਚ ਇੱਕ ਕਹਾਣੀ ਬਿਆਨ ਕਰਦੀ ਹੁੰਦੀ ਹੈ। ਕਈ ਵਾਰ ਜੋ ਸੁਨੇਹਾ ਖ਼ਬਰ ਦੇਣ ਤੋਂ ਅਸਮਰੱਥ ਰਹਿ ਜਾਂਦੀ ਹੈ, ਉਹ ਤਸਵੀਰ ਸਪੱਸ਼ਟ ਕਰ ਦਿੰਦੀ ਹੈ। ਉਨਾਂ  ਫੋਟੋ ਪੱਤਰਕਾਰਾਂ ਵੱਲੋਂ ਪ੍ਰਦਰਸ਼ਨੀ ਲਗਾਉਣ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਇਸ ਸ਼ੌਕ ਨੂੰ ਹੋਰ ਅੱਗੇ ਤੱਕ ਲਿਜਾਉਣ ਦਾ ਸੱਦਾ ਦਿੱਤਾ। ਇਸ ਤੋਂ ਪਹਿਲਾਂ ਉਨਾਂ  ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਅਤੇ ਤਸਵੀਰਾਂ ਨੂੰ ਬਹੁਤ ਸਰਾਹਿਆ।
ਐਸੋਸੀਏਸ਼ਨ ਦੇ ਪ੍ਰਧਾਨ ਸ੍ਰ. ਗੁਰਮੀਤ ਸਿੰਘ ਨੇ ਦੱਸਿਆ ਕਿ ਉਨਾਂ  ਨੇ ਕੁਝ ਦਿਨ ਪਹਿਲਾਂ ਸਥਾਨਕ ਪੰਜਾਬੀ ਭਵਨ ਵਿਖੇ ਪ੍ਰਦਰਸ਼ਨੀ ਲਗਾਈ ਸੀ, ਜਿਸ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ ਸੀ। ਜਿਸ ਉਪਰੰਤ ਕਈ ਵਿਦਿਅਕ ਸੰਸਥਾਵਾਂ ਨੇ ਆਪਣੀਆਂ ਸੰਸਥਾਵਾਂ ਵਿੱਚ ਇਹ ਪ੍ਰਦਰਸ਼ਨੀ ਲਗਾਉਣ ਦੀ ਇੱਛਾ ਪ੍ਰਗਟ ਕੀਤੀ ਸੀ। ਇਸੇ ਹੁੰਗਾਰੇ ਨੂੰ ਦੇਖਦਿਆਂ ਐਸੋਸੀਏਸ਼ਨ ਨੇ ਫੈਸਲਾ ਕੀਤਾ ਹੈ ਕਿ ਇਹ ਪ੍ਰਦਰਸ਼ਨੀ ਸ਼ਹਿਰ ਦੇ ਹੋਰ ਵਿਦਿਅਕ ਅਦਾਰਿਆਂ ਵਿੱਚ ਵੀ ਲਗਾਈ ਜਾਵੇਗੀ। ਉਨਾਂ  ਕਿਹਾ ਕਿ ਡਿਪਟੀ ਕਮਿਸ਼ਨਰ ਸ੍ਰੀ ਅਗਰਵਾਲ ਨੇ ਇਸ ਲਡ਼ੀ ਦਾ ਆਰੰਭ ਕੀਤਾ ਹੈ। ਇਸ ਮੌਕੇ ਜ਼ਿਲਾ ਲੋਕ ਸੰਪਰਕ ਅਫ਼ਸਰ ਸ੍ਰ. ਪ੍ਰਭਦੀਪ ਸਿੰਘ ਨੱਥੋਵਾਲ, ਕਾਲਜ ਦੇ ਪ੍ਰਬੰਧਕ, ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਹੋਰ ਹਾਜ਼ਰ ਸਨ।

No comments:

Post a Comment