Saturday 9 September 2017

ਜ਼ਿਲਾ ਪ੍ਰਸਾਸ਼ਨ ਦੀ ਪਹਿਲਕਦਮੀ 'ਪ੍ਰਯਾਸ' ਨੂੰ ਭਾਰੀ ਸਫ਼ਲਤਾ -ਲੁਧਿਆਣਾ ਤੋਂ ਬਾਅਦ ਪਾਇਲ, ਖੰਨਾ ਤੇ ਸਮਰਾਲਾ ਦੇ ਵਿਦਿਆਰਥੀਆਂ ਲਈ ਵੀ ਕੋਚਿੰਗ ਸ਼ੁਰੂ

-ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਫ਼ਤ ਕਰਵਾਈ ਜਾਂਦੀ ਹੈ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ
-ਜ਼ਿਲਾ ਪ੍ਰਸਾਸ਼ਨ ਹੋਣਹਾਰ, ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਲਈ ਹਰ ਸਮੇਂ ਯਤਨਸ਼ੀਲ-ਡਿਪਟੀ ਕਮਿਸ਼ਨਰ

ਲੁਧਿਆਣਾ - ਜ਼ਿਲਾ ਪ੍ਰਸ਼ਾਸਨ, ਲੁਧਿਆਣਾ ਨੇ ਪਿਛਲੇ ਮਹੀਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਬੈਠਣ ਅਤੇ ਪਾਸ ਕਰਨ ਦੇ ਯੋਗ ਬਣਾਉਣ ਦੇ ਮੰਤਵ ਨਾਲ 'ਪ੍ਰਯਾਸ' ਪ੍ਰੋਗਰਾਮ ਤਹਿਤ ਮੁਫ਼ਤ ਕੋਚਿੰਗ ਦਿਵਾਉਣ ਦੀ ਨਿਵੇਕਲੀ ਪਹਿਲ ਕਦਮੀ ਕੀਤੀ ਸੀ। ਜਿਸ ਨੂੰ ਵਿਦਿਆਰਥੀਆਂ, ਮਾਪਿਆਂ ਅਤੇ ਸਿੱਖਿਆ ਖੇਤਰ ਨਾਲ ਜੁੜੇ ਲੋਕਾਂ ਵੱਲੋਂ ਭਾਰੀ ਸਹਿਯੋਗ ਦਿੱਤਾ ਗਿਆ ਹੈ, ਜਿਸ ਕਾਰਨ ਇਸ ਪ੍ਰੋਗਰਾਮ ਨੇ ਸ਼ਹਿਰ ਤੋਂ ਬਾਅਦ ਦਿਹਾਤੀ ਇਲਾਕਿਆਂ ਵਿੱਚ ਵੀ ਪੈਰ ਪਸਾਰੇ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਆਮ ਤੌਰ 'ਤੇ ਦੇਖਣ ਵਿੱਚ ਆਉਂਦਾ ਹੈ ਕਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਜ਼ਿਆਦਾਤਰ ਸਿਰਫ ਨਿੱਜੀ ਸਕੂਲਾਂ ਦੇ ਵਿਦਿਆਰਥੀ ਹੀ ਬੈਠਦੇ ਹਨ। ਸਰਕਾਰੀ ਸਕੂਲਾਂ ਦੇ ਵਿਦਿਆਰਥੀ ਲੋੜੀਂਦੀ ਕੋਚਿੰਗ ਅਤੇ ਸੇਧ ਤੋਂ ਸੱਖਣੇ ਹੋਣ ਕਰਕੇ ਇਨਾਂ ਪ੍ਰੀਖਿਆਵਾਂ ਵਿੱਚ ਬੈਠਣ ਤੋਂ ਖੁੰਝ ਜਾਂਦੇ ਹਨ। ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਪਈ ਇਸ ਵਿੱਥ ਨੂੰ ਦੂਰ ਕਰਨ ਲਈ ਜ਼ਿਲਾ ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਕੋਚਿੰਗ ਦਿਵਾਈ ਜਾਵੇ ਤਾਂ ਜੋ ਉਹ ਮੁਕਾਬਲੇ ਦੀਆਂ ਪ੍ਰੀਖਿਆਵਾਂ ਨੂੰ ਪਾਰ ਕਰ ਸਕਣ। ਜ਼ਿਲਾ ਪ੍ਰਸ਼ਾਸਨ ਦੇ ਇਸ ਪ੍ਰਸਤਾਵ ਨੂੰ ਪਹਿਲਾਂ ਲੁਧਿਆਣਾ ਦੀ ਪ੍ਰਸਿੱਧ ਕੋਚਿੰਗ ਸੰਸਥਾ ਐਜੂਸੁਕੇਅਰ ਨੇ ਸਵੀਕਾਰ ਕਰਦਿਆਂ ਪਹਿਲੇ ਬੈਂਚ ਵਿੱਚ 137 ਬੱਚਿਆਂ ਨੂੰ ਦਾਖਲਾ ਦੇ ਕੇ ਵੱਡਾ ਸਹਿਯੋਗ ਦਿੱਤਾ ਸੀ। ਜਦਕਿ ਹੁਣ ਹਲਕਾ ਪਾਇਲ, ਖੰਨਾ ਅਤੇ ਸਮਰਾਲਾ ਦੇ ਬੱਚਿਆਂ ਨੂੰ ਵੀ ਕੋਚਿੰਗ ਦੇਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ (ਲੜਕੀਆਂ) ਵਿਖੇ ਇਹ ਮੁਫਤ ਕੋਚਿੰਗ ਸ਼ੁਰੂ ਕਰਵਾਈ ਗਈ ਹੈ।
ਸ੍ਰੀ ਅਗਰਵਾਲ ਨੇ ਦੱਸਿਆ ਕਿ 80 ਦੇ ਕਰੀਬ ਇਹ ਵਿਦਿਆਰਥੀ ਗਿਆਰਵੀਂ ਅਤੇ ਬਾਰ•ਵੀਂ ਕਲਾਸ ਦੇ ਮੈਡੀਕਲ ਅਤੇ ਨਾਨ ਮੈਡੀਕਲ ਸਟਰੀਮ ਨਾਲ ਸਬੰਧਤ ਹਨ। ਇਨਾਂ ਨੂੰ ਸ਼ਨਿੱਚਰਵਾਰ ਅਤੇ ਐਤਵਾਰ ਵਾਲੇ ਦਿਨ ਮੁਫ਼ਤ ਕੋਚਿੰਗ ਦਿੱਤੀ ਜਾਇਆ ਕਰੇਗੀ। ਕਲਾਸਾਂ ਦਾ ਸਮਾਂ 5-6 ਘੰਟੇ ਹੋਇਆ ਕਰੇਗਾ, ਜਿਸ ਦੌਰਾਨ ਵਿਦਿਆਰਥੀਆਂ ਨੂੰ ਸਾਰੇ ਵਿਸ਼ਿਆਂ ਦੀ ਕੋਚਿੰਗ ਦਿੱਤੀ ਜਾਇਆ ਕਰੇਗੀ। ਦੱਸਣਯੋਗ ਹੈ ਕਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਲਈ ਆਮ ਤੌਰ 'ਤੇ ਵਿਦਿਆਰਥੀਆਂ ਨੂੰ ਲੱਖਾਂ ਰੁਪਏ ਫੀਸ ਵਜੋਂ ਅਦਾ ਕਰਨੇ ਪੈਂਦੇ ਹਨ ਪਰ ਐਜੂਸੁਕੇਅਰ ਅਤੇ ਵੱਖ-ਵੱਖ ਸਿੱਖਿਆ ਸਾਸ਼ਤਰੀਆਂ ਨੇ ਇਨਾਂ ਬੱਚਿਆਂ ਨੂੰ ਮੁਫ਼ਤ ਕੋਚਿੰਗ ਦੇਣ ਦੀ ਹਾਮੀ ਭਰ ਕੇ ਜ਼ਿਲਾ ਪ੍ਰਸ਼ਾਸਨ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ 'ਤੇ ਵੱਡਾ ਪਰਉਪਕਾਰ ਕੀਤਾ ਹੈ। ਜਿਸ 'ਤੇ ਜ਼ਿਲਾ ਪ੍ਰਸ਼ਾਸਨ, ਵਿਦਿਆਰਥੀ ਅਤੇ ਇਨਾਂ ਦੇ ਮਾਪੇ ਹਮੇਸ਼ਾਂ ਯਾਦ ਰੱਖਣਗੇ।
ਦੱਸਣਯੋਗ ਹੈ ਕਿ ਇਸ ਪ੍ਰੋਗਰਾਮ ਤਹਿਤ ਜ਼ਿਲਾ ਪ੍ਰਸਾਸ਼ਨ ਵੱਲੋਂ ਬੱਚਿਆਂ ਨੂੰ ਮੁਫ਼ਤ ਸਟੇਸ਼ਨਰੀ, ਬੈਗ, ਕਾਪੀਆਂ, ਕਿਤਾਬਾਂ ਅਤੇ ਹੋਰ ਸਮੱਗਰੀ ਮੁਹੱਈਆ ਕਰਵਾਉਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ। ਸ੍ਰੀ ਅਗਰਵਾਲ ਨੇ ਭਰੋਸਾ ਦਿੱਤਾ ਕਿ ਜ਼ਿਲਾ ਪ੍ਰਸਾਸ਼ਨ ਹੋਣਹਾਰ, ਲੋੜਵੰਦ ਅਤੇ ਗਰੀਬ ਵਿਦਿਆਰਥੀਆਂ ਦੀ ਉਚੇਰੀ ਸਿੱਖਿਆ ਲਈ ਹਰ ਸਮੇਂ ਯਤਨਸ਼ੀਲ ਹੈ।

No comments:

Post a Comment