Thursday, 14 September 2017

ਸਨਅਤਕਾਰਾਂ ਅਤੇ ਵਪਾਰੀਆਂ ਨੂੰ ਜੀ.ਐਸ.ਟੀ. ਦੀ ਜਾਣਕਾਰੀ ਦੇਣ ਲਈ ਪੀ.ਐਚ.ਡੀ. ਚੈਂਬਰ ਨੇ ਸੈਮੀਨਾਰ ਲਗਾਇਆ

ਅੰਮਿ੍ਰਤਸਰ, - ਪੀ.ਐਚ.ਡੀ. ਚੈਂਬਰ ਵੱਲੋਂ ਕੇ.ਏ. ਫਾਊਂਡੇਸ਼ਨ ਦੇ ਸਹਿਯੋਗ ਨਾਲ ਅੰਮਿ੍ਰਤਸਰ ਵਿਖੇ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਜੀ.ਐਸ.ਟੀ. ਸਬੰਧੀ ਜਾਣਕਾਰੀ ਦੇਣ ਲਈਇੱਕ ਜਾਗਰੂਕਤਾ ਸੈਮੀਨਾਰ ਕਰਾਇਆ ਗਿਆ। ਇਸ ਸੈਮੀਨਾਰ ਦੌਰਾਨ ਜੀ.ਐਸ.ਟੀ. ਤਹਿਤ ਆਉਂਦੇ ਈ-ਵੇਅ ਬਿੱਲ ਸਬੰਧੀ ਮਾਹਿਰਾਂ ਵੱਲੋਂ ਵਿਸ਼ੇਸ਼ ਤੌਰ ’ਤੇ ਚਾਨਣਾ ਪਾਇਆ ਗਿਆ।
ਇਸ ਮੌਕੇ ਸ੍ਰੀ ਪਵਨ ਗੌਰੀ, ਡੀ.ਈ.ਟੀ.ਸੀ. (ਜੀ.ਐਸ.ਟੀ) ਐਕਸਾਈਜ਼ ਤੇ ਟੈਕਸ਼ੇਸ਼ਨ ਵਿਭਾਗ ਪੰਜਾਬ ਨੇ ਕਿਹਾ ਕਿ ਜੀ.ਐਸ.ਟੀ. ਦੇ ਲਾਗੂ ਹੋਣ ਨਾਲ ਵੈਟ, ਸਰਵਿਸ ਟੈਕਸ ਅਤੇ ਕੇਂਦਰੀ ਉਤਪਾਦਨ ਕਰ ਹੁਣ ਸਮਾਪਤ ਹੋ ਗਏ ਹਨ ਅਤੇ ਪੂਰੇ ਦੇਸ਼ ਵਿੱਚ ਇੱਕੋ ਜੀ.ਐਸ.ਟੀ. ਕਰ ਲਾਗੂ ਹੋਣ ਨਾਲ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਇਸਦਾ ਲਾਭ ਹੋਵੇਗਾ। ਉਨਾਂ ਕਿਹਾ ਕਿ ਜੀ.ਐਸ.ਟੀ ਤਹਿਤ ਈ-ਬਿੱਲ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ, ਜਿਸਨੂੰ ਇੱਕ ਸੋਫਟਵੇਅਰ ਰਾਹੀਂ ਜਨਰੇਟ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਈ-ਬਿੱਲ ਰਾਹੀਂ ਲਿਜਾਈ ਜਾਣ ਵਾਲੀ ਵਸਤੂ ਦੀ ਜਾਣਕਾਰੀ, ਸਪਲਾਈ ਕਰਨ ਵਾਲੇ, ਪ੍ਰਾਪਤ ਕਰਨ ਵਾਲੇ ਅਤੇ ਟਰਾਂਸਪੋਟਰ ਦੀ ਜਾਣਕਾਰੀ ਵੀ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਈ-ਬਿੱਲ ਬਹੁਤ ਅਸਾਨ ਹੈ ਅਤੇ ਇਸ ਨਾਲ ਕੋਈ ਵਸਤੂ ਇਧਰੋਂ ਓਧਰ ਲਿਜਾਣ ’ਚ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ। ਇਸ ਮੌਕੇ ਸ੍ਰੀ ਪਵਨ ਕੁਮਾਰ ਪਾਹਵਾ, ਪਾਰਟਨਰ ਪਨੇਕਾ, ਲੀਗਲ ਸਰਵਿਸ ਚੰਡੀਗੜ ਨੇ ਵੀ ਜੀ.ਐਸ.ਟੀ ਤਹਿਤ ਈ-ਬਿੱਲ ਬਾਰੇ ਵਿਸਥਾਰ ’ਚ ਜਾਣਕਾਰੀ ਸਾਂਝੀ ਕੀਤੀ।
ਇਸ ਤੋਂ ਪਹਿਲਾਂ ਪੀ.ਐਚ.ਡੀ. ਚੈਂਬਰ ਅੰਮਿ੍ਰਤਸਰ ਚੈਪਟਰ ਦੇ ਚੇਅਰਮੈਨ ਸ. ਜੈਦੀਪ ਸਿੰਘ ਨੇ ਕਿਹਾ ਕਿ ਜੀ.ਐਸ.ਟੀ ਨੇ ਇੱਕ ਹੱਲੇ ’ਚ ਸਮੁੱਚੇ ਭਾਰਤ ਨੂੰ ਯੂਨੀਫਾਈਡ ਮਾਰਕਿਟ ’ਚ ਤਬਦੀਲ ਕਰ ਦਿੱੱਤਾ ਹੈ। ਉਨਾਂ ਕਿਹਾ ਕਿ ਜੀ.ਐਸ.ਟੀ ਭਾਰਤ ਨੂੰ ਆਰਥਿਕ ਮੁਹਾਜ ’ਤੇ ਨਵੀਆਂ ਉਚਾਈਆਂ ’ਤੇ ਲਿਜਾਏਗਾ। ਉਨਾਂ ਕਿਹਾ ਕਿ ਜੀ.ਐਸ.ਟੀ ਤਾਂ ਹੀ ਚੰਗਾ ਤੇ ਸੌਖਾ ਹੋ ਸਕਦਾ ਹੈ ਜੇਕਰ ਸਮੁੱਚਾ ਦੇਸ਼ ਇਸਨੂੰ ਕਾਮਯਾਬ ਕਰਨ ਦੀਆਂ ਕੋਸ਼ਿਸ਼ਾਂ ਕਰੇ।
ਜੀ.ਐਸ.ਟੀ ਮਾਹਿਰ ਅਨਿਲ ਸ਼ਰਮਾਂ ਨੇ ਵੀ ਇਸ ਨਵੀਂ ਕਰ ਪ੍ਰਣਾਲੀ ਬਾਰੇ ਵਪਾਰੀਆਂ ਨੂੰ ਵਿਸਥਾਰ ਵਿੱਚ ਦੱਸਿਆ। ਉਨਾਂ ਕਿਹਾ ਕਿ ਜੀ.ਐਸ.ਟੀ ਤੋਂ ਕਿਸੇ ਵੀ ਵਪਾਰੀ ਜਾਂ ਉਦਯੋਗਪਤੀ ਨੂੰ ਡਰਨ ਦੀ ਲੋੜ ਨਹੀਂ ਹੈ ਬਲਕਿ ਇਸ ਟੈਕਸ ਪ੍ਰਣਾਲੀ ਦੀ ਪੂਰੀ ਜਾਣਕਾਰੀ ਹਾਸਲ ਕਰਕੇ ਇਸਨੂੰ ਅਸਾਨੀ ਨਾਲ ਲਾਗੂ ਕੀਤਾ ਜਾ ਸਕਦਾ ਹੈ। ਇਸ ਮੌਕੇ ਵਪਾਰੀਆਂ ਨੇ ਜੀ.ਐਸ.ਟੀ ਸਬੰਧੀ ਆਪਣੇ ਸਵਾਲ ਵੀ ਉਠਾਏ ਜਿਨਾਂ ਦਾ ਜੁਆਬ ਮਾਹਿਰਾਂ ਵੱਲੋਂ ਦਿੱਤਾ ਗਿਆ। ਇਸ ਸੈਮੀਨਾਰ ਵਿੱਚ ਅੰਮਿ੍ਰਤਸਰ ਅਤੇ ਆਸ ਪਾਸ ਦੇ 50 ਡੈਲੀਗੇਟਸ ਨੇ ਭਾਗ ਲਿਆ। ਇਸ ਮੌਕੇ ਸ੍ਰੀ ਦੀਪਕ ਖੰਨਾ, ਰਕੇਸ਼ ਠੁਕਰਾਲ, ਪਿਆਰਾ ਲਾਲ ਸੇਠ ਤੋਂ ਇਲਾਵਾ ਉੱਘੇ ਸਨਅਤਕਾਰ ਤੇ ਵਪਾਰੀ ਹਾਜ਼ਰ ਸਨ।

No comments:

Post a Comment