Thursday, 14 September 2017

ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਰਕਾਰੀ ਅਧਿਆਪਕ ਹੋਰ ਮਿਹਨਤ ਕਰਨ - ਡਿਪਟੀ ਕਮਿਸ਼ਨਰ ਬੇਟੀਆਂ ਨੂੰ ਸਿੱਖਿਆ ਗ੍ਰਹਿਣ ਕਰਨ ਲਈ ਕੀਤਾ ਜਾਵੇ ਉਤਸ਼ਾਹਤ

ਅੰਮਿ੍ਰਤਸਰ,- ਡਿਪਟੀ ਕਮਿਸ਼ਨਰ ਅੰਮਿ੍ਰਤਸਰ ਸ. ਕਮਲਦੀਪ ਸਿੰਘ ਸੰਘਾ ਨੇ ਜ਼ਿਲੇ ਦੇ ਸਰਕਾਰੀ ਸਕੂਲਾਂ ਦੇ ਸਮੂਹ ਅਧਿਆਪਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੀ ਡਿਊਟੀ ਹੋਰ ਤਨਦੇਹੀ, ਮਿਹਨਤ ਅਤੇ ਲਗਨ ਨਾਲ ਨਿਭਾਉਣ ਤਾਂ ਜੋ ਸਿੱਖਿਆ ਦਾ ਪੱਧਰ ਹੋਰ ਉੱਚਾ ਚੁੱਕਿਆ ਜਾ ਸਕੇ। ਅੱਜ ਜ਼ਿਲਾ ਸਿੱਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰੀ ਸਕੂਲਾਂ ’ਚ ਪੜਦੇ ਬੱਚੇ ਪੜਾਈ ਦੇ ਪੱਖ ਤੋਂ ਨਿੱਜੀ ਸਕੂਲਾਂ ਦੇ ਬੱਚਿਆਂ ਨਾਲੋਂ ਕਿਸੇ ਗੱਲੋਂ ਘੱਟ ਨਹੀਂ ਹੋਣੇ ਚਾਹੀਦੇ। ਉਨਾਂ ਕਿਹਾ ਕਿ ਭਾਂਵੇਂ ਕਿ ਅਧਿਆਪਕਾਂ ਸਾਹਮਣੇ ਕਈ ਚਣੌਤੀਆਂ ਵੀ ਹੋਣਗੀਆਂ ਪਰ ਦਿ੍ਰੜ ਇਰਾਦੇ ਅਤੇ ਮਿਹਨਤ ਨਾਲ ਕੋਈ ਵੀ ਟੀਚਾ ਹਾਸਲ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲਾ ਸਿੱਖਿਆ ਅਫਸਰ ਨੂੰ ਕਿਹਾ ਕਿ ਪੜਾਈ ’ਚ ਕਮਜ਼ੋਰ ਵਿਦਿਆਰਥੀਆਂ ’ਤੇ ਵਿਸ਼ੇਸ਼ ਸਮਾਂ ਲਗਾਇਆ ਜਾਵੇ ਅਤੇ ਅਜਿਹੇ ਵਿਦਿਆਰਥੀਆਂ ਦੇ ਵਿਸ਼ੇਸ਼ ਗਰੁੱਪ ਬਣਾ ਉਨਾਂ ਦੀ ਸਕੂਲ ਤੋਂ ਬਾਅਦ ਵੀ ਪੜਾਈ ਕਰਾਈ ਜਾਵੇ। ਉਨਾਂ ਕਿਹਾ ਕਿ ਇਸ ਕਾਰਜ ਲਈ ਰਿਟਾਇਡ ਕਰਮਚਾਰੀਆਂ, ਸਾਬਕਾ ਫੌਜੀਆਂ ਜਾਂ ਨੌਜਵਾਨਾਂ ਦੀ ਸਹਾਇਤਾ ਵੀ ਲਈ ਜਾ ਸਕਦੀ ਹੈ। ਉਨਾਂ ਕਿਹਾ ਕਿ ਜ਼ਿਲੇ ’ਚ ਬੇਟੀਆਂ ਨੂੰ ਸਿੱਖਿਆ ਲਈ ਉਤਸ਼ਾਹਤ ਕਰਨ ਲਈ ਵੀ ਵਿਸ਼ੇਸ਼ ਯਤਨ ਕੀਤੇ ਜਾਣ। ਉਨਾਂ ਕਿਹਾ ਕਿ ਬੇਟੀ ਪੜਾਓ, ਬੇਟੀ ਬਚਾਓ’ ਮੁਹਿੰਮ ਨੂੰ ਵੱਡੀ ਪੱਧਰ ’ਤੇ ਚਲਾਇਆ ਜਾਵੇ ਅਤੇ ਇਸ ਮੁਹਿੰਮ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਕਰਾਈ ਜਾਵੇ।
ਮਿੱਡ ਡੇ ਮੀਲ ਸਕੀਮ ਦਾ ਜਾਇਜਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਕੂਲਾਂ ’ਚ ਬੱਚਿਆਂ ਨੂੰ ਦਿੱਤੇ ਜਾਂਦੇ ਦੁਪਿਹਰ ਦੇ ਖਾਣੇ ਦੀ ਕੁਆਲਟੀ ਦਾ ਖਾਸ ਧਿਆਨ ਰੱਖਿਆ ਜਾਵੇ। ਉਨਾਂ ਕਿਹਾ ਖਾਣਾ ਬਣਨ ਵਾਲੀ ਥਾਂ ’ਤੇ ਪੂਰੀ ਸਫਾਈ ਹੋਣੀ ਚਾਹੀਦੀ ਹੈ ਅਤੇ ਬੱਚਿਆਂ ਨੂੰ ਸਹੀ ਸਮੇਂ ’ਤੇ ਪੂਰੀ ਮਿਕਦਾਰ ’ਚ ਖਾਣਾ ਮਿਲਣਾ ਚਾਹੀਦਾ ਹੈ। ਉਨਾਂ ਕਿਹਾ ਕਿ ਮਿੱਡ-ਡੇ-ਮੀਲ ਸਬੰਧੀ ਕੋਈ ਵੀ ਅਣਗਿਹਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਜ਼ਿਲਾ ਸਿੱਖਿਆ ਅਫਸਰ ਨੇ ਸਕੂਲਾਂ ’ਚ ਚੱਲ ਰਹੇ ਵੱਖ-ਵੱਖ ਪ੍ਰੋਗਰਾਮਾਂ ਬਾਰੇ ਵਿਸਥਾਰ ’ਚ ਜਾਣਕਾਰੀ ਦਿੱਤੀ ਅਤੇ ਜ਼ਿਲੇ ’ਦ ਸਿੱਖਿਆ ਵਿਭਾਗ ਦੀ ਪ੍ਰਗਤੀ ਰਿਪੋਰਟ ਤੋਂ ਜਾਣੂ ਕਰਾਇਆ। ਮੀਟਿੰਗ ਦੌਰਾਨ ਏ.ਡੀ.ਸੀ. ਸ੍ਰੀ ਰਵਿੰਦਰ ਸਿੰਘ, ਐਸ.ਡੀ.ਐਮ. ਸਾਹਿਬਾਨ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

No comments:

Post a Comment