Thursday 14 September 2017

ਬਾਲ ਮਜ਼ਦੂਰੀ ਰੋਕਣ ਲਈ ਹੁਣ ਸਬ ਡਵੀਜ਼ਨ ਪੱਧਰ 'ਤੇ ਵੀ ਹੋਣਗੀਆਂ ਕਾਰਵਾਈਆਂ -ਐੱਸ. ਡੀ. ਐੱਮਜ਼ ਨੂੰ ਟਾਸਕ ਫੋਰਸ ਕਮੇਟੀਆਂ ਗਠਨ ਕਰਨ ਦੇ ਆਦੇਸ਼ -ਛੁਡਾਏ ਬਾਲ ਮਜ਼ਦੂਰਾਂ ਦੇ ਮੁੜ ਵਸੇਬੇ 'ਤੇ ਸਭ ਤੋਂ ਵਧੇਰੇ ਤਵੱਜੋਂ ਦਿੱਤੀ ਜਾਵੇ-ਡਿਪਟੀ ਕਮਿਸ਼ਨਰ

ਲੁਧਿਆਣਾ - ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਪਿਛਲੇ ਸਮੇਂ ਤੋਂ ਸ਼ਹਿਰ ਲੁਧਿਆਣਾ ਵਿੱਚ ਬਾਲ ਮਜ਼ਦੂਰਾਂ ਨੂੰ ਮਜ਼ਦੂਰੀ ਤੋਂ ਮੁਕਤ ਕਰਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਦਿਹਾਤੀ ਖੇਤਰਾਂ ਵਿੱਚ ਵੀ ਸ਼ੁਰੂ ਕਰਨ ਦੀ ਹਦਾਇਤ ਕੀਤੀ ਹੈ। ਇਸ ਸੰੰਬੰਧੀ ਜ਼ਿਲਾ ਟਾਸਕ ਫੋਰਸ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨਾਂ ਕਿਹਾ ਕਿ ਬਾਲ ਮਜ਼ਦੂਰੀ ਦੀ ਪ੍ਰਥਾ ਨੂੰ ਖ਼ਤਮ ਕਰਨ ਲਈ ਤਿਆਰ ਕੀਤਾ ਗਿਆ ਰਾਜ ਪੱਧਰੀ ਐਕਸ਼ਨ ਪਲਾਨ ਪੂਰੀ ਦ੍ਰਿੜਤਾ ਨਾਲ ਲਾਗੂ ਕੀਤਾ ਜਾਵੇ। ਹਦਾਇਤ ਕੀਤੀ ਗਈ ਕਿ ਬਾਲ ਮਜ਼ਦੂਰੀ ਤੋਂ ਛੁਡਾਏ ਗਏ ਬਾਲਾਂ ਦੇ ਮੁੜ ਵਸੇਬੇ ਲਈ ਸਭ ਤੋਂ ਵਧੇਰੇ ਯਤਨ ਕੀਤੇ ਜਾਣ।
ਉਨਾਂ ਕਿਹਾ ਕਿ ਹੁਣ ਤੱਕ ਸ਼ਹਿਰ ਲੁਧਿਆਣਾ ਵਿੱਚ ਪਿਛਲੇ ਸਮੇਂ ਦੌਰਾਨ ਕੀਤੀਆਂ ਗਈਆਂ ਲਗਾਤਾਰ ਕਾਰਵਾਈਆਂ ਦੌਰਾਨ ਕਰੀਬ 88 ਬਾਲਾਂ ਨੂੰ ਮਜ਼ਦੂਰੀ ਦੇ ਜੰਜ਼ਾਲ ਵਿੱਚੋਂ ਕੱਢਿਆ ਗਿਆ ਹੈ, ਇਨਾਂ ਵਿੱਚੋਂ ਕੁਝ ਬੱਚਿਆਂ ਦਾ ਫਾਲੋਅੱਪ ਵੀ ਕੀਤਾ ਗਿਆ ਹੈ, ਜਿਸ ਵਿੱਚ ਪਤਾ ਲੱਗਾ ਹੈ ਕਿ ਉਹ ਬਾਲ ਮਜ਼ਦੂਰੀ ਛੱਡ ਕੇ ਹੁਣ ਸਕੂਲ ਜਾਣ ਲੱਗੇ ਹਨ, ਜੋ ਕਿ ਇੱਕ ਸ਼ੁਭ ਸੰਕੇਤ ਹੈ। ਉਨਾਂ ਕਿਹਾ ਕਿ ਹੁਣ ਇਹ ਕਾਰਵਾਈ ਸ਼ਹਿਰ ਦੇ ਨਾਲ-ਨਾਲ ਸਬ ਡਵੀਜ਼ਨ ਪੱਧਰ 'ਤੇ ਵੀ ਕੀਤੀਆਂ ਜਾਣਗੀਆਂ, ਜਿਸ ਲਈ ਉੱਪ ਮੰਡਲ ਮੈਜਿਸਟ੍ਰੇਟ ਆਪਣੇ ਪੱਧਰ 'ਤੇ ਕਮੇਟੀਆਂ ਬਣਾ ਕੇ ਇਹ ਕਾਰਵਾਈਆਂ ਕਰਨੀਆਂ ਅਤੇ ਮਹੀਨਾਵਾਰ ਰਿਪੋਰਟ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਭੇਜਣੀਆਂ ਯਕੀਨੀ ਬਣਾਉਣਗੇ।
ਸ੍ਰੀ ਅਗਰਵਾਲ ਨੇ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਇਸ ਸੰਬੰਧੀ ਕੀਤੀ ਜਾਂਦੀ ਰੇਡ ਦੌਰਾਨ ਆਪਣਾ ਪੂਰਨ ਸਹਿਯੋਗ ਦੇਣ। ਰੇਡ ਅਤੇ ਸਮੁੱਚੀ ਪ੍ਰਕਿਰਿਆ ਦੌਰਾਨ ਏ. ਸੀ. ਪੀ. ਪੱਧਰ ਦਾ ਅਧਿਕਾਰੀ ਨਾਲ ਹੋਣਾ ਜ਼ਰੂਰੀ ਹੈ। ਰੇਡ ਤੋਂ ਬਾਅਦ 48 ਘੰਟੇ ਵਿੱਚ ਐੱਫ. ਆਈ. ਆਰ. ਦਰਜ ਕਰਨਾ ਯਕੀਨੀ ਬਣਾਇਆ ਜਾਵੇ। ਸਿਹਤ ਵਿਭਾਗ ਨੂੰ ਹਦਾਇਤ ਕੀਤੀ ਗਈ ਕਿ ਛੁਡਾਏ ਗਏ ਬਾਲਾਂ ਦਾ ਮੈਡੀਕਲ ਕਰਾਉਣ ਨੂੰ ਪਹਿਲ ਦਿੱਤੀ ਜਾਵੇ ਅਤੇ ਇਸ ਸੰਬੰਧੀ ਡਾਕਟਰਾਂ ਨੂੰ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਜਾਣ। ਕਿਰਤ ਵਿਭਾਗ ਨੂੰ ਹਦਾਇਤ ਕੀਤੀ ਗਈ ਕਿ ਉਹ ਸਮੁੱਚੀ ਰੇਡ ਪ੍ਰਕਿਰਿਆ ਅਤੇ ਬਾਲਾਂ ਦੀ ਸਪੁਰਦਗੀ ਤੱਕ ਸਮੁੱਚੀ ਲੋਜਿਸਟਿਕ ਜਿੰਮੇਵਾਰੀ ਆਪਣੇ ਪੱਧਰ 'ਤੇ ਉਠਾਉਣ। ਇਸ ਤੋਂ ਇਲਾਵਾ ਮਿਹਨਤਾਨੇ ਸੰਬੰਧੀ ਰਿਪੋਰਟ ਤੁਰੰਤ ਦੇਣ ਅਤੇ ਬਣਦੀ ਰਿਕਵਰੀ ਮੌਕੇ 'ਤੇ ਕਰਨ ਦੀ ਹਦਾਇਤ ਕੀਤੀ ਗਈ।
ਮੀਟਿੰਗ ਦੌਰਾਨ ਧਿਆਨ ਵਿੱਚ ਆਇਆ ਕਿ ਬਾਲ ਭਲਾਈ ਕਮੇਟੀ ਦੇ ਕੁਝ ਮੈਂਬਰ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੇ ਤਾਂ ਸ੍ਰੀ ਅਗਰਵਾਲ ਨੇ ਕਿਹਾ ਕਿ ਅਜਿਹੇ ਮੈਂਬਰਾਂ ਨੂੰ ਕਮੇਟੀ ਤੋਂ ਬਾਹਰ ਕਰਨ ਲਈ ਮੁੱਖ ਦਫ਼ਤਰ ਨੂੰ ਲਿਖ ਦਿੱਤਾ ਜਾਵੇ ਤਾਂ ਜੋ ਹੋਰ ਮੈਂਬਰਾਂ ਨੂੰ ਸ਼ਾਮਿਲ ਕਰਕੇ ਕਮੇਟੀ ਨੂੰ ਐਕਟੀਵੇਟ ਰੱਖਿਆ ਜਾ ਸਕੇ। ਇਸ ਤੋਂ ਇਲਾਵਾ ਜੋ ਸਰਕਾਰੀ ਅਧਿਕਾਰੀ/ਕਰਮਚਾਰੀ ਰੇਡ 'ਤੇ ਜਾਣ ਲਈ ਆਨਾਕਾਨੀ ਕਰਦੇ ਹਨ, ਉਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਵਿਭਾਗੀ ਕਾਰਵਾਈ ਲਈ ਲਿਖ ਦਿੱਤਾ ਜਾਵੇ। ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਗਈ ਕਿ ਉਹ ਇਹ ਯਕੀਨੀ ਬਣਾਉਣ ਕਿ ਜੋ ਬਾਲ ਮਜ਼ਦੂਰੀ ਤੋਂ ਛੁਡਵਾਏ ਜਾਂਦੇ ਹਨ, ਉਹ ਬਕਾਇਦਾ ਸਕੂਲ ਜਾਣ ਅਤੇ ਉਨ•ਾਂ ਦੀ ਹਾਜ਼ਰੀ 'ਤੇ ਨਜ਼ਰ ਰੱਖੀ ਜਾਵੇ। ਮੀਟਿੰਗ ਦੌਰਾਨ ਸਹਾਇਕ ਕਮਿਸ਼ਨਰ (ਸ਼ਿ) ਡਾ. ਪੂਨਮ ਪ੍ਰੀਤ ਕੌਰ, ਏ. ਸੀ. ਪੀ. ਟਰੈਫਿਕ ਸ੍ਰ. ਗੁਰਦੇਵ ਸਿੰਘ, ਜ਼ਿਲਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਰੁਪਿੰਦਰ ਕੌਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

No comments:

Post a Comment