Thursday, 7 September 2017

ਬਾਦਲ ਪਰਿਵਾਰ ਦਾ ਨਾਮ ਇਤਿਹਾਸ ਦੇ ਕਾਲੇ ਪੰਨਿਆਂ ‘ਤੇ ਦਰਜ ਹੋਵੇਗਾ-ਨਵਜੋਤ ਸਿੰਘ ਸਿੱਧੂ

ਸੂਬੇ ਨੂੰ ਆਰਥਿਕ ਪੱਖੋਂ ਪੈਰਰਾਂ ਸਿਰ ਕਰਨ ਲਈ ਥੋਡ਼ਾ ਸਮਾਂ ਹੋਰ ਦਿਓ-ਮਨਪ੍ਰੀਤ ਸਿੰਘ ਬਾਦਲ

ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਦੇ ਇੱਕ-ਇੱਕ ਵੋਟ ਦਾ ਮੁੱਲ ਮੋਡ਼ਿਆ ਜਾਵੇਗਾ-ਜਾਖਡ਼

ਲੁਧਿਆਣਾ :  ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰ. ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਬਾਦਲ ਪਰਿਵਾਰ ਨੇ ਪਿਛਲੇ ਸਮੇਂ ਦੌਰਾਨ ਪੰਜਾਬ ਅਤੇ ਇਥੋਂ ਦੇ ਲੋਕਾਂ ਨੂੰ ਬੁਰੀ ਤਰਾਂ ਨਾਲ ਆਰਥਿਕ ਤੌਰ ‘ਤੇ ਤੋਡ਼ ਦਿੱਤਾ ਹੈ। ਜਿਸ ਕਾਰਨ ਇਸ ਪਰਿਵਾਰ ਦਾ ਨਾਮ ਇਤਿਹਾਸ ਦੇ ਕਾਲੇ ਪੰਨਿਆਂ ‘ਤੇ ਦਰਜ ਹੋਵੇਗਾ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋਡ਼ ਦੀ ਸਰਕਾਰ ਦੇ ਸਮੇਂ ਨੂੰ ਆਰਥਿਕ ਅੱਤਵਾਦ ਦੇ ਦੌਰ ਵਜੋਂ ਯਾਦ ਕੀਤਾ ਜਾਂਦਾ ਰਹੇਗਾ।


ਅੱਜ ਇਤਿਹਾਸਕ ਪਿੰਡ ਛਪਾਰ ਦੇ ਮੇਲੇ ਦੌਰਾਨ ਭਰਵੀਂ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰ. ਸਿੱਧੂ ਨੇ ਕਿਹਾ ਕਿ ਪਿਛਲੀ ਸਰਕਾਰ ਨੇ ‘ਰਾਜ ਨਹੀਂ ਸੇਵਾ’ ਦਾ ਨਾਅਰਾ ਤਾਂ ਦਿੱਤਾ ਪਰ ਇਸ ਨਾਅਰੇ ਮੁਤਾਬਿਕ ਕੰਮ ਨਹੀਂ ਕੀਤੇ। ਬਾਦਲ ਪਰਿਵਾਰ ਨੇ ਪਿਛਲੇ 10 ਸਾਲਾਂ ਦੇ ਰਾਜ ਭਾਗ ਦੌਰਾਨ ਪੰਜਾਬ ਦੇ ਖ਼ਜ਼ਾਨੇ ਨੂੰ ਇਸ ਤਰਾਂ ਯੋਜਨਾਬੱਧ ਤਰੀਕੇ ਨਾਲ ਆਪਣੇ ਨਿੱਜੀ ਲਾਭ ਲਈ ਵਰਤਿਆ ਕਿ ਅੱਜ ਪੰਜਾਬ ਅਤੇ ਇਥੋਂ ਦੇ ਲੋਕ ਆਰਥਿਕ ਤੌਰ ‘ਤੇ ਪੂਰੀ ਤਰਾਂ ਟੁੱਟ ਚੁੱਕੇ ਹਨ। ਉਨਾਂ ਦੋਸ਼ ਲਗਾਇਆ ਕਿ ਬਾਦਲ ਪਰਿਵਾਰ ਨੇ ਪੰਜਾਬ ਦੇ ਸਾਰੇ ਕਾਰੋਬਾਰਾਂ ‘ਤੇ ਕਬਜ਼ਾ ਅਤੇ ਏਕਾਅਧਿਕਾਰ ਸਥਾਪਤ ਕਰਨ ਦੀ ਨੀਅਤ ਨਾਲ ਸੂਬੇ ਨੂੰ ਰੱਜ ਕੇ ਲੁੱਟਿਆ। ਜਿਸ ਕਾਰਨ ਬਾਦਲ ਪਰਿਵਾਰ ਅਤੇ ਇਨਾਂ ਦੇ ਰਿਸ਼ਤੇਦਾਰਾਂ ਦਾ ਨਾਮ ਇਤਿਹਾਸ ਦੇ ਪੰਨਿਆਂ ‘ਤੇ ਕਾਲੇ ਅੱਖ਼ਰਾਂ ਵਿੱਚ ਦਰਜ ਹੋਵੇਗਾ। ਜਦਕਿ ਪਿਛਲੇ 10 ਸਾਲਾਂ ਨੂੰ ਇਤਿਹਾਸ ਵਿੱਚ ਆਰਥਿਕ ਅੱਤਵਾਦ ਦੇ ਦੌਰ ਦੇ ਨਾਮ ਨਾਲ ਜਾਣਿਆ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਜਬਰ ਵਿਰੋਧੀ ਲਹਿਰ ਨੂੰ ਰਾਜਨੀਤਕ ਡਰਾਮਾ ਕਰਾਰ ਦਿੰਦਿਆਂ ਉਨਾਂ ਕਿਹਾ ਕਿ ਜੋ ਖੁਦ ਜ਼ਬਰ ਕਰਦੇ ਰਹੇ ਹੋਣ, ਉਹ ਲੋਕਾਂ ਵੱਲੋਂ ਚੁਣੀ ਗਈ ਸਰਕਾਰ ‘ਤੇ ਕਿਹਡ਼ੇ ਮੂੰਹ ਨਾਲ ਦੋਸ਼ ਲਗਾ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਦੇ ਲੋਕ ਭਲੀਭਾਂਤ ਜਾਣਦੇ ਹਨ ਕਿ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਹੀ ਬਰਗਾਡ਼ੀ ਕਾਂਡ, ਅਬੋਹਰ ਖੇਤਰ ਵਿੱਚ ਦਲਿਤ ਦੀ ਦਰਦਨਾਕ ਹੱਤਿਆ, ਮੋਗਾ ਬੱਸ ਕਾਂਡ ਅਤੇ ਹੋਰ ਕਾਂਡ ਹੋਏ। ਇਸ ਤੋਂ ਇਲਾਵਾ ਸਰਕਾਰ ਦੀ ਸ਼ਹਿ ‘ਤੇ ਚੱਲੇ ਨਸ਼ੇ ਦੇ ਦੌਰ ਨੇ ਕਈ ਨੌਜਵਾਨਾਂ ਦੀ ਜਾਨ ਲੈ ਲਈ, 7000 ਤੋਂ ਵਧੇਰੇ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ। ਉਨਾਂ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਪਿੰਡ ਛਪਾਰ ਦੇ ਵਿਕਾਸ ਕਾਰਜਾਂ ਲਈ 20 ਲੱਖ ਰੁਪਏ ਦੇਣ ਦਾ ਐਲਾਨ ਕੀਤਾ।


ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਸ੍ਰ. ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪਿਛਲੇ 10 ਸਾਲਾਂ ਦੇ ਕੁਸ਼ਾਸ਼ਨ ਦਾ ਨਤੀਜਾ ਇਹ ਹੈ ਕਿ ਅੱਜ ਪੰਜਾਬ 3.5 ਲੱਖ ਕਰੋਡ਼ ਰੁਪਏ ਦੇ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਹੈ। ਉਨਾਂ ਕਿਹਾ ਕਿ ਆਉਂਦੇ ਸਮੇਂ ਵਿੱਚ ਲੱਖਾਂ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰ ਦਿੱਤਾ ਜਾਵੇਗਾ। ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿਨ ਰਾਤ ਸਖ਼ਤ ਮਿਹਨਤ ਕਰ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜਿੱਥੇ ਅਕਾਲੀ ਭਾਜਪਾ ਗਠਜੋਡ਼ ਨੂੰ 10 ਸਾਲ ਦਾ ਸਮਾਂ ਦਿੱਤਾ, ਉਥੇ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਕੁਝ ਹੋਰ ਸਮਾਂ ਦੇਣ ਤਾਂ ਜੋ ਪੰਜਾਬ ਨੂੰ ਆਰਥਿਕ ਤੌਰ ‘ਤੇ ਪੈਰਾਂ ਸਿਰ ਕਰਕੇ ਸੂਬੇ ਦਾ ਯੋਜਨਾਬੱਧ ਤਰੀਕੇ ਨਾਲ ਵਿਕਾਸ ਸ਼ੁਰੂ ਕਰਵਾਇਆ ਜਾ ਸਕੇ। ਉਨਾਂ ਦੋਸ਼ ਲਗਾਇਆ ਕਿ ਅਕਾਲੀ ਭਾਜਪਾ ਗਠਜੋਡ਼ ਨੇ ਲੋਕਾਂ ਦੇ ਪੈਸੇ ਦੀ ਰੱਜ ਕੇ ਦੁਰਵਰਤੋਂ ਕੀਤੀ। ਨਤੀਜਾ ਇਹ ਹੋਇਆ ਕਿ ਕਾਂਗਰਸ ਪਾਰਟੀ ਵੱਲੋਂ ਸੂਬੇ ਦੀ ਵਾਗਡੋਰ ਸੰਭਾਲਣ ਮੌਕੇ ਪੰਜਾਬ ਗੰਭੀਰ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਸੀ।
ਜੰਗਲਾਤ ਮੰਤਰੀ ਸ੍ਰ. ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਪੰਜਾਬ ਨੂੰ ਅਕਾਲੀ ਭਾਜਪਾ ਗਠਜੋਡ਼ ਸਰਕਾਰ ਦੇ ਚੁੰਗਲ ਵਿੱਚੋਂ ਕੱਢਣ ਲਈ ਪੰਜਾਬ ਦੇ ਲੋਕਾਂ ਖਾਸ ਕਰਕੇ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਬਹੁਤ ਮਿਹਨਤ ਕੀਤੀ ਹੈ। ਉਨਾਂ ਦਾਅਵੇ ਨਾਲ ਕਿਹਾ ਕਿ ਪੰਜਾਬ ਵਿੱਚੋਂ ਅਕਾਲੀ ਭਾਜਪਾ ਗਠਜੋਡ਼ ਦਾ ਹੁਣ ਪੂਰੀ ਤਰਾਂ ਬੋਰੀਆ ਬਿਸਤਰਾ ਗੋਲ ਹੋ ਚੁੱਕਾ ਹੈ। ਸੂਬੇ ਦੇ ਲੋਕ ਹੁਣ ਮੁਡ਼ ਉਸ ਪੁਰਾਣੇ ਦੌਰ ਵਿੱਚ ਜਾਣਾ ਤਾਂ ਦੂਰ, ਉਸ ਦੌਰ ਬਾਰੇ ਸੋਚ ਵੀ ਨਹੀਂ ਸਕਦੇ। ਉਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ।

 

 


ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖਡ਼ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਦੇ ਇੱਕ-ਇੱਕ ਵੋਟ ਦਾ ਮੁੱਲ ਮੋਡ਼ਿਆ ਜਾਵੇਗਾ। ਉਨਾਂ ਕਿਹਾ ਕਿ ਕਰਜ਼ਾ ਮੁਆਫੀ ਬਾਰੇ ਅਕਾਲੀ ਭਾਜਪਾ ਗਠਜੋਡ਼ ਵੱਲੋਂ ਕਿਸਾਨਾਂ ਨੂੰ ਜਾਣ ਬੁੱਝ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ ਪਰ ਸੱਚਾਈ ਇਹ ਹੈ ਕਿ ਕਿਸਾਨਾਂ ਦਾ ਕਰਜ਼ਾ ਜਲਦ ਹੀ ਪੂਰੀ ਤਰਾਂ ਮੁਆਫ਼ ਹੋ ਜਾਵੇਗਾ। ਉਨਾਂ ਦੱਸਿਆ ਕਿ ਪਿਛਲੀ ਸਰਕਾਰ ਨੇ ਕਿਸਾਨੀ ਕਰਜ਼ੇ ਲਾਹੁਣ ਅਤੇ ਪੰਜਾਬ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨ ਬਾਰੇ ਸੋਚਿਆ ਹੁੰਦਾ ਤਾਂ ਅੱਜ ਸੂਬੇ ਦਾ ਕਿਸਾਨ ਖੁਸ਼ਹਾਲ ਹੁੰਦਾ ਅਤੇ ਵਿਕਾਸ ਵਿੱਚ ਦੁੱਗਣਾ ਯੋਗਦਾਨ ਪਾ ਰਿਹਾ ਹੁੰਦਾ। ਸਮਾਗਮ ਨੂੰ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੇ ਕੰਮਾਂ ਦਾ ਵੇਰਵਾ ਪੇਸ਼ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਆਸ਼ਾਵਾਂ ਅਤੇ ਸਧਰਾਂ ਪੂਰੀਆਂ ਹੁੰਦੀਆਂ ਦੇਖਣ ਲਈ ਸਰਕਾਰ ਨੂੰ ਥੋਡ਼ਾ ਜਿਹਾ ਸਮਾਂ ਜ਼ਰੂਰ ਦੇਣ। ਉਨਾਂ ਭਾਰੀ ਇਕੱਠ ਲਈ ਲੋਕਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸ੍ਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕ ਸ੍ਰ. ਗੁਰਕੀਰਤ ਸਿੰਘ ਕੋਟਲੀ, ਵਿਧਾਇਕ ਸ੍ਰ. ਅਮਰੀਕ ਸਿੰਘ ਢਿੱਲੋਂ, ਵਿਧਾਇਕ ਸ੍ਰੀ ਸੰਜੇ ਤਲਵਾਡ਼, ਵਿਧਾਇਕ ਸ੍ਰ. ਲਖ਼ਬੀਰ ਸਿੰਘ ਲੱਖਾ, ਵਿਧਾਇਕ ਸ੍ਰ. ਕੁਲਦੀਪ ਸਿੰਘ ਵੈਦ, ਸਾਬਕਾ ਮੰਤਰੀ ਸ੍ਰ. ਮਲਕੀਤ ਸਿੰਘ ਦਾਖਾ, ਸਾਬਕਾ ਵਿਧਾਇਕ ਸ੍ਰ. ਗੁਰਦੀਪ ਸਿੰਘ ਭੈਣੀ, ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਸ੍ਰ. ਅਮਰਜੀਤ ਸਿੰਘ ਟਿੱਕਾ, ਸ੍ਰ. ਮੇਜਰ ਸਿੰਘ ਭੈਣੀ, ਸ੍ਰ. ਜੱਸੀ ਖੰਗੂਡ਼ਾ, ਸ੍ਰ. ਆਨੰਦ ਸਰੂਪ ਮੋਹੀ, ਸ੍ਰ. ਪਰਮਜੀਤ ਸਿੰਘ ਘਵੱਦੀ, ਸ੍ਰ. ਭੁਪਿੰਦਰ ਸਿੰਘ ਸਿੱਧੂ, ਸ੍ਰੀਮਤੀ ਸਤਵਿੰਦਰ ਕੌਰ ਬਿੱਟੀ, ਜ਼ਿਲਾ ਪ੍ਰਧਾਨ ਸ੍ਰ. ਗੁਰਦੇਵ ਸਿੰਘ ਲਾਪਰਾਂ, ਡਾ. ਅਮਰ ਸਿੰਘ, ਸ੍ਰ. ਗੁਰਦੀਪ ਸਿੰਘ ਸਰਪੰਚ ਤੇ ਸ੍ਰ. ਹਰਜਿੰਦਰ ਸਿੰਘ ਢੀਂਡਸਾ (ਸਹਾਇਕ ਰਵਨੀਤ ਸਿੰਘ ਬਿੱਟੂ) ਤੋਂ ਇਲਾਵਾ ਕਈ ਪ੍ਰਮੁੱਖ ਸਖ਼ਸ਼ੀਅਤਾਂ ਵੀ ਹਾਜ਼ਰ ਸਨ।

No comments:

Post a Comment