Thursday, 14 September 2017

ਝੋਨੇ ਦੀ ਪਰਾਲੀ ਨੂੰ ਨਾ ਸਾੜਨ ਲਈ ਕਿਸਾਨਾਂ ਨੂੰ ਹੁਣ ਤੋਂ ਹੀ ਪ੍ਰੇਰਿਤ ਕੀਤਾ ਜਾਵੇ : ਡਿਪਟੀ ਕਮਿਸ਼ਨਰ -ਮਹੀਨਾਵਾਰ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਲਿਆ ਵੱਖ-ਵੱਖ ਵਿਭਾਗਾਂ ਦੀ ਪ੍ਰਗਤੀ ਦਾ ਜਾਇਜਾ

ਮਾਨਸਾ : ਝੋਨੇ ਦੀ ਪਰਾਲੀ ਨੂੰ ਨਾ ਸਾੜਨ ਲਈ ਕਿਸਾਨਾਂ ਨੂੰ ਹੁਣ ਤੋਂ ਹੀ ਪਿੰਡ ਪਿੰਡ ਜਾ ਕੇ ਪ੍ਰੇਰਿਤ ਕੀਤਾ ਜਾਵੇ ਅਤੇ ਸੁਚੇਤ ਕੀਤਾ ਜਾਵੇ ਕਿ ਝੋਨੇ ਦੀ ਪਰਾਲੀ ਨੂੰ ਸਾੜਨ ਖਿਲਾਫ਼ ਜਿੱਥੇ ਕਿਸਾਨਾਂ ਨੂੰ ਜੁਰਮਾਨਾ ਲਾਉਣ ਦੀ ਵਿਵਸਥਾ ਕੀਤੀ ਹੈ, ਉਥੇ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂਪਰਾਲੀ ਸਾੜਨ 'ਤੇ ਸਖ਼ਤ ਰੋਕ ਲਗਾਈ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸੇ ਵੀ ਕਿਸਾਨ ਨੂੰ ਬਖ਼ਸ਼ਿਆ ਨਹੀਂ  ਜਾਵੇਗਾ ਅਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਧਰਮ ਪਾਲ ਗੁਪਤਾ ਨੇ ਅੱਜ ਬੱਚਤ ਭਵਨ ਵਿਖੇ ਵੱਖ-ਵੱਖ ਵਿਭਾਗਾਂ ਦੀ ਪ੍ਰਗਤੀ ਸਮੀਖਿਆ ਮਹੀਨਾਵਾਰ ਮੀਟਿੰਗ ਦੌਰਾਨ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਮਾਲ ਅਫ਼ਸਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਬਕਾਇਆ ਦੀ ਰਿਕਵਰੀ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਬਕਾਇਆ ਦੀ ਵਸੂਲੀ ਦੇ ਕੰਮ ਵਿਚ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਇੰਤਕਾਲਾਂ, ਗਿਰਦਾਵਰੀਆਂ ਅਤੇ ਨਿਸ਼ਾਨਦੇਹੀਆਂ ਸਬੰਧੀ ਵੀ ਗੰਭੀਰਤਾ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਨੂੰ ਗੰਭੀਰਤਾ ਨਾਲ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ, ਤਾਂ ਜੋ ਜ਼ਿਲ੍ਹਾ ਵਾਸੀਆਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਪਾਸੋਂ ਪ੍ਰਾਪਤ ਪੱਤਰਾਂ ਦਾ ਨਿਪਟਾਰਾ ਵੀ ਸਮੇਂ ਰਹਿੰਦੇ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਈ-ਗਵਰਨੈਸ ਤਹਿਤ ਮਿਲਣ ਵਾਲੀਆਂ ਸੇਵਾਵਾਂ ਲੋਕਾਂ ਨੂੰ ਮੁਹੱਈਆ ਕਰਵਾਉਣ ਵਿਚ ਦੇਰੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸੇਵਾ ਦੇ ਅਧਿਕਾਰ ਤਹਿਤ ਮਿਲਣ ਵਾਲੀਆਂ ਸੇਵਾਵਾਂ ਵੀ ਨਿਸ਼ਚਿਤ ਸਮੇਂ ਵਿਚ ਮੁਹੱਈਆ ਕਰਵਾਈਆਂ ਜਾਣ। ਸ਼੍ਰੀ ਗੁਪਤਾ ਨੇ ਐਮ.ਪੀ. ਕੋਟੇ ਦੇ ਜਾਰੀ ਫੰਡਜ਼ ਸਬੰਧੀ ਵਰਤੋਂ ਸਰਟੀਫਿਕੇਟ ਤੁਰੰਤ ਜਮ੍ਹਾਂ ਕਰਵਾਉਣ ਦੀ ਹਦਾਇਤ ਕੀਤੀ। ਸ਼੍ਰੀ ਗੁਪਤਾ ਨੇ ਰੂਰਲ ਮਿਸ਼ਨ ਅਤੇ ਅਰਬਨ ਮਿਸ਼ਨ ਤਹਿਤ ਚੱਲ ਰਹੇ ਵਿਕਾਸ ਕੰਮਾਂ ਨੂੰ ਜਲਦ ਨੇਪਰੇ ਚਾੜ੍ਹਨ ਦੇ ਆਦੇਸ਼ ਦਿੱਤੇ।
ਡਿਪਟੀ ਕਮਿਸ਼ਨਰ ਸ਼੍ਰੀ ਗੁਪਤਾ ਨੇ ਕਿਹਾ ਕਿ ਸੇਵਾ ਕੇਂਦਰਾਂ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ, ਤਾਂ ਜੋ ਲੋਕ ਇਨ੍ਹਾਂ ਦਾ ਲਾਭ ਪ੍ਰਾਪਤ ਕਰ ਸਕਣ। ਉਨ੍ਹਾਂ ਕਿਹਾ ਕਿ ਮਿਡ-ਡੇਅ-ਮੀਲ ਤਹਿਤ ਬੱਚਿਆਂ ਨੂੰ ਵਧੀਆ ਕੁਆਲਿਟੀ ਦੀ ਖੁਰਾਕ ਦੇਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਟ੍ਰੈਫਿਕ ਇੰਚਾਰਜ ਨੂੰ ਹਦਾਇਤ ਕੀਤੀ ਸਕੂਲ ਵਿਚ ਚੱਲਦੇ ਵਾਹਨਾਂ ਦੀ ਚੈਕਿੰਗ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਵਾਹਨਾਂ 'ਤੇ ਰਿਫਲੈਕਟਰ ਵੀ ਲਗਾਏ ਜਾਣ। ਉਨ੍ਹਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਣ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਸਿਹਤ ਵਿਭਾਗ, ਪਸ਼ੂ ਪਾਲਣ ਵਿਭਾਗ, ਡੇਅਰੀ ਵਿਭਾਗ, ਸਹਿਕਾਰੀ ਵਿਭਾਗ, ਬਾਗਬਾਨੀ ਵਿਭਾਗ, ਮੱਛੀ ਪਾਲਣ ਵਿਭਾਗ, ਵਣ ਵਿਭਾਗ ਦੇ ਕੰਮਾਂ ਸਬੰਧੀ ਵੀ ਜਾਣਕਾਰੀ ਹਾਸਲ ਕੀਤੀ।  
ਇਸ ਮੌਕੇ ਐਸ.ਡੀ.ਐਮ ਮਾਨਸਾ ਲਤੀਫ ਅਹਿਮਦ, ਐਸ.ਡੀ.ਐਮ ਬੁਢਲਾਡਾ ਸ਼੍ਰੀ ਗੁਰਸਿਮਰਨ ਸਿੰਘ, ਸਹਾਇਕ ਕਮਿਸ਼ਨਰ(ਜ) ਸ਼੍ਰੀ ਓਮ ਪ੍ਰਕਾਸ਼, ਸਹਾਇਕ ਕਮਿਸ਼ਨਰ (ਸ਼ਿਕਾਇਤਾ) ਦੀਪਕ ਰੁਹੇਲਾ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼੍ਰੀਮਤੀ ਬਲਜੀਤ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਕੁਲਭੂਸ਼ਣ ਸਿੰਘ ਬਾਜਵਾ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀ ਸਤੀਸ਼ ਕੁਮਾਰ,  ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ਼੍ਰੀ ਜਗਰੂਪ ਭਾਰਤੀ, ਉਪ ਜ਼ਿਲ੍ਹਾ ਸਿੱਖਿਆ (ਅ) ਸ਼੍ਰੀ ਰਾਮਜੀਤ ਸਿੰਘ, ਐਕਸੀਅਨ ਜਲ ਸਪਲਾਈ ਤੇ ਸੈਨੀੇਟੇਸ਼ਨ ਸ਼੍ਰੀ ਪਵਨ ਕੁਮਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ/ਨੁਮਾਇੰਦੇ ਮੌਜੂਦ ਸਨ।

No comments:

Post a Comment