Thursday 14 September 2017

ਸਵੱਛਤਾ ਹੀ ਸੇਵਾ' ਮੁਹਿੰਮ ਦਾ ਆਗਾਜ਼ 15 ਸਤੰਬਰ ਤੋਂ : ਡਿਪਟੀ ਕਮਿਸ਼ਨਰ - 2 ਅਕਤੂਬਰ ਤੱਕ ਪੂਰੇ ਜ਼ਿਲ੍ਹੇ 'ਚ ਚਲਾਈ ਜਾਵੇਗੀ ਸਵੱਛਤਾ ਮੁਹਿੰਮ : ਗੁਪਤਾ -ਲੋਕ ਵੱਧ ਚੜ੍ਹ ਕੇ ਇਸ ਮੁਹਿੰਮ 'ਚ ਆਪਣਾ ਯੋਗਦਾਨ ਪਾਉਣ

ਮਾਨਸਾ : 'ਸਵਛੱਤਾ  ਹੀ ਸੇਵਾ' ਮੁਹਿੰਮ ਜ਼ਿਲ੍ਹਾ ਮਾਨਸਾ 'ਚ 15 ਸਤੰਬਰ ਤੋਂ ਪਿੰਡ ਜਵਾਹਰਕੇ ਤੋਂ ਸ਼ੁਰੂ ਕੀਤੀ ਜਾਵੇਗੀ, ਜੋ 2 ਅਕਤੂਬਰ ਤੱਕ ਪੂਰੇ ਜ਼ਿਲ੍ਹੇ 'ਚ ਨਿਰਵਿਘਨ ਚਲਾਈ ਜਾਵੇਗੀ। ਸਵੱਛਤਾ ਮੁਹਿੰਮ ਤਹਿਤ ਲੋਕਾਂ ਨੂੰ ਆਪਣੇ ਆਲਾ- ਦੁਆਲਾ ਸਾਫ਼ ਰੱਖਣ ਲਈ ਪ੍ਰੇਰਿਤ ਕੀਤਾ ਜਾਵੇਗਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਧਰਮ ਪਾਲ ਗੁਪਤਾ ਨੇ ਅੱਜ ਬੱਚਤ ਭਵਨ ਵਿਖੇ ਚੱਲਣ ਵਾਲੀ ਸਵੱਛਤਾ ਮੁਹਿੰਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਬੁਲਾਈ ਮੀਟਿੰਗ ਦੌਰਾਨ ਕੀਤਾ।
ਸ਼੍ਰੀ ਗੁਪਤਾ ਨੇ ਹਦਾਇਤ ਕੀਤੀ ਕਿ ਸਮੂਹ ਵਿਭਾਗਾਂ ਦੇ ਅਧਿਕਾਰੀ ਸਵੱਛਤਾ ਮੁਹਿੰਮ ਨੂੰ ਜ਼ਿਲ੍ਹੇ ਵਿੱਚ ਜ਼ਮੀਨੀ ਪੱਧਰ 'ਤੇ ਲਾਗੂ ਕਰਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਆਲੇ-ਦੁਆਲੇ ਨੂੰ ਪੱਕੇ ਤੌਰ 'ਤੇ ਸਾਫ਼ ਰੱਖਣ ਲਈ ਪ੍ਰੇਰਿਆ ਜਾਵੇ, ਤਾਂ ਜੋ ਹਰ ਵਿਅਕਤੀ ਬਿਮਾਰੀਆਂ ਰਹਿਤ ਜ਼ਿੰਦਗੀ ਬਤੀਤ ਕਰੇ। ਉਨ੍ਹਾਂ ਸਮੂਹ ਕਾਰਜ ਸਾਧਕ ਅਫ਼ਸਰਾਂ, ਬਲਾਕ ਵਿਕਾਸ ਪੰਚਾਇਤ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਸ਼ਹਿਰਾਂ ਅਤੇ ਪਿੰਡਾਂ ਦੀ ਸਫ਼ਾਈ ਲਈ ਸਮੂਹ ਐਨ.ਜੀ.ਓ., ਐਸੋਸੀਏਸ਼ਨਾਂ, ਮੁਹੱਲਾ ਸੁਧਾਰ ਕਮੇਟੀਆਂ, ਨਗਰ ਕੌਂਸਲਾਂ ਦੇ ਪ੍ਰਧਾਨ, ਕੌਂਸਲਰ, ਸਰਪੰਚ, ਪੰਚ,  ਨੰਬਰਦਾਰਾਂ  ਅਤੇ ਸਮਾਜਿਕ ਜਥੇਬੰਦੀਆਂ ਨੂੰ ਨਾਲ ਲੈ ਕੇ ਗੰਦਗੀ ਦਾ ਖਾਤਮਾ ਕੀਤਾ  ਜਾਵੇ, ਤਾਂ ਜੋ ਚੌਗਿਰਦੇ ਨੂੰ ਸਾਫ਼ ਸੁਥਰਾ ਰੱਖਿਆ ਜਾ ਸਕੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸਫ਼ਾਈ ਮੁਹਿੰਮ ਨੂੰ ਲੋਕ ਲਹਿਰ ਬਣਾ ਕੇ ਸਵੱਛਤਾ 'ਚ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ।
ਸ਼੍ਰੀ ਗੁਪਤਾ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਪਣੇ ਆਪਣੇ ਅਦਾਰਿਆਂ ਅਤੇ ਵਿਭਾਗਾਂ ਦੇ ਆਲੇ-ਦੁਆਲੇ ਪੂਰੀ ਤਰ੍ਹਾਂ ਸਫ਼ਾਈ ਰੱਖਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਅਤੇ ਸੈਕੰਡਰੀ ਨੂੰ ਹਦਾਇਤ ਕੀਤੀ ਕਿ ਸਕੂਲੀ ਬੱਚਿਆਂ ਨੂੰ ਵੀ ਸਫ਼ਾਈ ਦੇ ਮਹੱਤਵ ਬਾਰੇ ਜਾਗਰੂਕ ਕੀਤਾ ਜਾਵੇ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਇਸ ਮੁਹਿੰਮ ਦੌਰਾਨ ਪੂਰੀ ਸਫ਼ਾਈ ਕਰਵਾਈ ਜਾਵੇ।  ਸ਼੍ਰੀ ਗੁਪਤਾ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਲੋਕਾਂ ਨੂੰ ਖੁਲ੍ਹੇ 'ਚ ਸ਼ੌਚਮੁਕਤ ਕਰਨ ਲਈ ਵੀ ਪ੍ਰੇਰਿਤ ਕੀਤਾ ਜਾਵੇਗਾ।
ਇਸ ਮੌਕੇ ਐਸ.ਡੀ.ਐਮ ਮਾਨਸਾ ਲਤੀਫ ਅਹਿਮਦ, ਐਸ.ਡੀ.ਐਮ ਬੁਢਲਾਡਾ ਸ਼੍ਰੀ ਗੁਰਸਿਮਰਨ ਸਿੰਘ, ਸਹਾਇਕ ਕਮਿਸ਼ਨਰ(ਜ) ਸ਼੍ਰੀ ਓਮ ਪ੍ਰਕਾਸ਼, ਸਹਾਇਕ ਕਮਿਸ਼ਨਰ (ਸ਼ਿਕਾਇਤਾ) ਦੀਪਕ ਰੁਹੇਲਾ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼੍ਰੀਮਤੀ ਬਲਜੀਤ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਕੁਲਭੂਸ਼ਣ ਸਿੰਘ ਬਾਜਵਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ਼੍ਰੀ ਜਗਰੂਪ ਭਾਰਤੀ, ਉਪ ਜ਼ਿਲ੍ਹਾ ਸਿੱਖਿਆ (ਅ) ਸ਼੍ਰੀ ਰਾਮਜੀਤ ਸਿੰਘ, ਐਕਸੀਅਨ ਜਲ ਸਪਲਾਈ ਤੇ ਸੈਨੀੇਟੇਸ਼ਨ ਸ਼੍ਰੀ ਪਵਨ ਕੁਮਾਰ ਤੋਂ ਇਲਾਵਾ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਅਤੇ ਕਾਰਜ ਸਾਧਕ ਅਫ਼ਸਰ ਮੌਜੂਦ ਸਨ।

No comments:

Post a Comment