Saturday 16 September 2017

ਮੁੱਖ ਮੰਤਰੀ ਵੱਲੋਂ ਲੰਡਨ ਤੋਂ ‘ਆਪਣੀਆਂ ਜੜਾਂ ਨਾਲ ਜੁੜੋ’ ਪ੍ਰੋਗਰਾਮ ਦਾ ਆਗਾਜ਼

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਡਨ ਤੋਂ ਆਪਣੀ ਸਰਕਾਰ ਦੇ ਨਿਵੇਕਲੇ ਉੱਦਮ ਦਾ ਆਰੰਭ ਕਰਦਿਆਂ ‘ਆਪਣੀਆਂ ਜੜਾਂ ਨਾਲ ਜੁੜੋ’ ਆਲਮੀ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਮੌਕੇ ਉਨਾਂ ਆਖਿਆ ਕਿ ਇਹ ਪ੍ਰੋਗਰਾਮ ਦੂਜੇ ਮੁਲਕਾਂ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਨੌਜਵਾਨਾਂ ਨੂੰ ਪੰਜਾਬ ਦੀਆਂ ਜ਼ਮੀਨੀ ਹਕੀਕਤਾਂ ਬਾਰੇ ਜਾਣੂੰ ਕਰਵਾੳਣ ਦੇ ਨਾਲ-ਨਾਲ ਉਨਾਂ ਨੂੰ ਖਾਲਿਸਤਾਨੀਆਂ ਦੇ ਝੂਠੇ ਪ੍ਰਚਾਰ ਤੋਂ ਦੂਰ ਰੱਖਣ ਵਿੱਚ ਸਹਾਈ ਹੋਵੇਗਾ।
ਮੁੱਖ ਮੰਤਰੀ ਨੇ ਆਖਿਆ ਕਿ ਉਹ ਤੇ ਉਨਾਂ ਦੇ ਸਾਥੀ ਖੁਦ ਪੰਜਾਬ ਵਿੱਚ ਇਨਾਂ ਨੌਜਵਾਨਾਂ ਦਾ ਸਵਾਗਤ ਕਰਨਗੇ ਅਤੇ ਇਨਾਂ ਨੌਜਵਾਨਾਂ ਦੇ ਘੁੰਮਣ-ਫਿਰਣ ’ਤੇ ਕੋਈ ਬੰਦਿਸ਼ ਨਹੀਂ ਹੋਵੇਗੀ ਸਗੋਂ ਉਹ ਜਿੱਥੇ ਵੀ ਜਾਣਾ ਚਾਹੁਣ, ਜਾ ਸਕਦੇ ਹਨ।
    ਪਹਿਲੇ ਪੜਾਅ ਵਿੱਚ ਇਸ ਪ੍ਰੋਗਰਾਮ ਦੇ ਹਿੱਸੇ ਵਜੋਂ ਬਰਤਾਨੀਆ ਤੋਂ ਇਲਾਵਾ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਅਤੇ ਯੂਰਪੀਅਨ ਯੂਨੀਅਨ ਦੇ ਨੌਜਵਾਨ ਲਿਆਉਣ ਦਾ ਪ੍ਰਸਤਾਵ ਹੈ ਜਿਸ ਲਈ ਅਰਜ਼ੀਕਰਤਾ ਨੂੰ ਭਾਰਤ ਆਉਣ-ਜਾਣ ਦਾ ਖਰਚਾ ਸਹਿਣ ਕਰਨਾ ਹੋਵੇਗਾ ਜਦਕਿ ਪੰਜਾਬ ਵਿੱਚ ਰਹਿਣ-ਸਹਿਣ, ਸਥਾਨਕ ਆਉਣ-ਜਾਣ ਲਈ ਅਤੇ ਵੱਖ-ਵੱਖ ਥਾਵਾਂ ਦੇਖਣ ਦਾ ਖਰਚਾ ਪੰਜਾਬ ਸਰਕਾਰ ਵੱਲੋਂ ਸਹਿਣ ਕੀਤਾ ਜਾਵੇਗਾ। ਪ੍ਰਚਾਰ ਸਮਗਰੀ ਸਬੰਧਤ ਮੁਲਕਾ ਦੇ ਦੂਤਘਰਾਂ/ਹਾਈ ਕਮਿਸ਼ਨਾਂ ਨੂੰ ਪਹੁੰਚਾਈ ਜਾਵੇਗੀ। ਇਸ ਸਕੀਮ ਨੂੰ ਅੱਗੇ ਲਿਜਾਣ ਦਾ ਜ਼ਿੰਮਾ ਐਨ.ਆਰ.ਆਈ. ਮਾਮਲਿਆਂ ਦੇ ਸਕੱਤਰ ਨੂੰ ਸੌਂਪਿਆ ਗਿਆ ਹੈ।
        ਇਸ ਸਕੀਮ ਅਧੀਨ ਇਕ ਪਿੰਡ ਵਿੱਚ ਤਿੰਨ ਦਿਨਾਂ ਲਈ ਘਰ ਵਿੱਚ ਠਹਿਰ ਹੋਣ ਤੋਂ ਇਲਾਵਾ ਇਨਾਂ ਨੌਜਵਾਨਾਂ ਨੰੂ ਪੁਰਾਣੀਆਂ ਯਾਦਗਾਰਾਂ ਦਿਖਾਉਣ ਦੇ ਨਾਲ-ਨਾਲ ਪਟਿਆਲਾ, ਅੰਮਿ੍ਰਤਸਰ, ਲੁਧਿਆਣਾ ਅਤੇ ਉਨਾਂ ਦੀ ਇੱਛਾ ਮੁਤਾਬਕ ਹੋਰ ਥਾਵਾਂ ਤੋਂ ਖਾਣ-ਪੀਣ ਵਾਲੀਆਂ ਮਸ਼ਹੂਰ ਦੁਕਾਨਾਂ ਤੋਂ ਰਵਾਇਤੀ ਪਕਵਾਨਾਂ ਦਾ ਆਨੰਦ ਮਾਨਣ ਦਾ ਮੌਕਾ ਦਿੱਤਾ ਜਾਵੇਗਾ। ਇਸੇ ਤਰਾਂ ਸ੍ਰੀ ਹਰਿਮੰਦਰ ਸਾਹਿਬ, ਜਲਿਆਂ ਵਾਲਾ ਬਾਗ, ਵਾਹਗਾ ਬਾਰਡਰ, ਬੰਗਾ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਯਾਦਗਾਰ ਅਤੇ ਵਿਰਾਸਤ-ਏ-ਖਾਲਸਾ ਅਨੰਦਪੁਰ ਸਾਹਿਬ ਵਰਗੀਆਂ ਇਤਿਹਾਸਕ, ਸੱਭਿਆਚਾਰਕ ਅਤੇ ਸੈਰ-ਸਪਾਟੇ ਵਾਲੀਆਂ ਥਾਵਾਂ ’ਤੇ ਲਿਜਾਇਆ ਜਾਵੇਗਾ।
        ਇਸ ਪ੍ਰੋਗਰਾਮ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਫੇਸਬੁਕ ’ਤੇ ਵੀ ਇਕ ਪੇਜ ਬਣਾਇਆ ਗਿਆ ਹੈ। ਇਸ ਪ੍ਰੋਗਰਾਮ ਵਿੱਚ ਦਿਲਚਸਪੀ ਰੱਖਣ ਵਾਲੇ ਨੌਜਵਾਨ ਈ-ਮੇਲ connect_with_your_roots@punjab.gov.in ਤੇ cyr@punjab.gov.in. ਰਾਹੀਂ ਪਹੁੰਚ ਕਰ ਸਕਦੇ ਹਨ।
        ਸਰਕਾਰ ਦਾ ਇਕ ਹੋਰ ਪ੍ਰੋਗਰਾਮ ‘ਪੰਜਾਬ ਦੇ ਮਿੱਤਰ-ਮੁੱਖ ਮੰਤਰੀ ਗਰਿਮਾ ਗ੍ਰਾਮ ਯੋਜਨਾ’ ਰਾਹੀਂ ਪਰਵਾਸੀ ਪੰਜਾਬੀਆਂ ਨੂੰ ਆਪਣੀਆਂ ਜੜਾਂ ਨਾਲ ਜੋੜੇਗਾ ਜਿਨਾਂ ਨੇ ਵਿਦੇਸ਼ੀ ਧਰਤੀ ਨੂੰ ਆਪਣਾ ਘਰ ਬਣਾ ਲਿਆ ਅਤੇ ਸਖਤ ਮਿਹਨਤ ਅਤੇ ਸਮਰਪਤ ਭਾਵਨਾ ਨਾਲ ਦੁਨਿਆ ਭਰ ਦੇ ਮੁਲਕਾਂ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਇਆ। ਇਹ ਪ੍ਰੋਗਰਾਮ ਪਰਵਾਸੀ ਪੰਜਾਬੀਆਂ ਨੂੰ ਆਪਣੀਆਂ ਜੜਾਂ ਨਾਲ ਜੋੜੇਗਾ ਅਤੇ ਪੇਂਡੂ ਵਿਕਾਸ ਦੇ ਕੰਮਾਂ ਵਿੱਚ ਬਰਾਬਰ ਦੇ ਵਿੱਤੀ ਯੋਗਦਾਨ ਰਾਹੀਂ ਸਰਕਾਰ ਦੀ ਮਦਦ ਕਰਨ ਵਿੱਚ ਸਹਾਈ ਹੇਵਗਾ।

No comments:

Post a Comment