Monday 11 September 2017

ਪੰਜਾਬ ਸ਼ਹਿਰੀ ਅਵਾਸ ਯੋਜਨਾ' ਤਹਿਤ ਬੇਘਰ ਸ਼ਹਿਰੀ ਐਸ.ਸੀ ਤੇ ਬੀ.ਸੀ ਪਰਿਵਾਰਾਂ ਨੂੰ ਮਿਲਣਗੇ ਮੁਫ਼ਤ ਮਕਾਨ : ਡਿਪਟੀ ਕਮਿਸ਼ਨਰ -ਲਾਭਪਾਤਰੀਆਂ ਨੂੰ ਮਕਾਨ ਮੁਹੱਈਆ ਕਰਵਾਉਣ ਲਈ ਸਰਵੇਖਣ 30 ਸਤੰਬਰ 2017 ਤੱਕ ਕੀਤਾ ਜਾਵੇ ਮੁਕੰਮਲ : ਗੁਪਤਾ

ਮਾਨਸਾ,  : ਸਭਨਾਂ ਲਈ ਮਕਾਨ ਮਿਸ਼ਨ ਦਾ ਸੁਪਨਾ ਸਾਕਾਰ ਕਰਨ ਅਤੇ ਪੰਜਾਬ ਸਰਕਾਰ ਦੀ 'ਪੰਜਾਬ ਸ਼ਹਿਰੀ ਅਵਾਸ ਯੋਜਨਾ' ਤਹਿਤ ਸ਼ਹਿਰੀ ਗਰੀਬਾਂ ਪਾਸੋਂ ਡਿਮਾਂਡ ਸਰਵੇਅ ਮੁਕੰਮਲ ਕਰਵਾਕੇ 30 ਸਤੰਬਰ ਤੱਕ ਦਰਖ਼ਾਸਤਾਂ ਪ੍ਰਾਪਤ ਕਰਨੀਆਂ ਯਕੀਨੀ ਬਣਾਈਆਂ ਜਾਣ, ਤਾਂ ਜੋ ਕੋਈ ਵੀ ਯੋਗ ਲਾਭਪਾਤਰੀ 'ਪੰਜਾਬ ਸ਼ਹਿਰੀ ਅਵਾਸ ਯੋਜਨਾ' ਤੋਂ ਵਾਂਝਾ ਨਾ ਰਹੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਧਰਮ ਪਾਲ ਗੁਪਤਾ ਨੇ ਅੱਜ ਇਸ ਸਕੀਮ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਬੁਲਾਈ ਗਈ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਿਤ ਕਰਦਿਆਂ ਕੀਤਾ।
ਡਿਪਟੀ ਕਮਿਸ਼ਨਰ ਸ਼੍ਰੀ ਗੁਪਤਾ ਨੇ ਦੱਸਿਆ ਕਿ ਸ਼ਹਿਰੀ ਆਵਾਸ ਯੋਜਨਾ ਤਹਿਤ ਈ.ਡਬਲਿਊ. ਐਸ. (ਇਕਨਾਮੀਕਲੀ ਵੀਕਰ ਸੈਕਸ਼ਨ) ਕੈਟਾਗਿਰੀ ਦੇ ਬੇਘਰੇ ਸ਼ਹਿਰੀ ਐਸ.ਸੀ. ਤੇ ਬੀ.ਸੀ., ਜਿਨ੍ਹਾਂ ਦੀ ਸਾਲਾਨਾ ਆਮਦਨ 3 ਲੱਖ ਰੁਪਏ ਤੱਕ ਹੈ, ਨੂੰ 325 ਵਰਗ ਗਜ਼ ਦੇ ਮੁਫ਼ਤ ਮਕਾਨ ਮੁਹੱਈਆ ਕਰਵਾਏ ਜਾਣਗੇ ਅਤੇ ਈ.ਡਬਲਿਊ. ਐਸ. ਕੈਟਾਗਿਰੀ ਦੇ ਐਸ.ਸੀ. ਤੇ ਬੀ.ਸੀ. ਤੋਂ ਬਿਨ੍ਹਾਂ ਲਾਭਪਾਤਰੀਆਂ ਨੂੰ 1.50 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਸ਼੍ਰੀ ਗੁਪਤਾ ਨੇ ਦੱਸਿਆ ਕਿ ਕਰੈਡਿਟ ਲਿੰਕਡ ਸਬਸਿਡੀ ਅਧੀਨ ਮਕਾਨ ਬਣਾਉਣ ਲਈ ਸਸਤੇ ਕਰਜ਼ੇ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ 6 ਲੱਖ ਤੱਕ ਦੀ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਨੂੰ 6 ਲੱਖ ਤੱਕ ਮਕਾਨ ਕਰਜ਼ੇ 'ਤੇ 6.5 ਫੀਸਦੀ ਵਿਆਜ਼ ਦੀ ਦਰ 'ਤੇ ਸਬਸਿਡੀ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਸ਼੍ਰੀ ਗੁਪਤਾ ਨੇ ਦੱਸਿਆ ਕਿ 12 ਲੱਖ ਰੁਪਏ ਸਾਲਾਨਾ ਪਰਿਵਾਰਿਕ ਆਮਦਨ ਵਾਲਿਆਂ ਨੂੰ 9 ਲੱਖ ਤੱਕ ਮਕਾਨ ਕਰਜ਼ੇ 'ਤੇ 4 ਫੀਸਦੀ ਅਤੇ 18 ਲੱਖ ਰੁਪਏ ਸਲਾਨਾ ਆਮਦਨ ਵਾਲਿਆਂ ਨੂੰ 12 ਲੱਖ ਰੁਪਏ ਮਕਾਨ ਕਰਜ਼ੇ 'ਤੇ 3 ਫੀਸਦੀ ਵਿਆਜ਼ ਵਿੱਚ ਸਬਸਿਡੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਲਾਭਪਾਤਰੀਆਂ ਨੂੰ ਮਕਾਨ ਉਸਾਰੀ ਲਈ ਜਾਂ ਵਰਤਮਾਨ ਮੌਜੂਦਾ ਮਕਾਨ ਦੇ 325 ਵਰਗ ਗਜ਼ ਦੇ ਵਧਾਵੇ ਲਈ 1.50 ਰੁਪਏ ਤੱਕ ਲਾਭ ਪ੍ਰਾਪਤ ਕਰ ਸਕਦਾ ਹੈ। ਸ਼੍ਰੀ ਗੁਪਤਾ ਨੇ ਦੱਸਿਆ ਕਿ ਝੁੱਗੀ ਝੋਪੜੀ ਵਿਚ ਰਹਿਣ ਵਾਲੇ ਯੋਗ ਵਿਅਕਤੀਆਂ ਦਾ ਸੀਤੂ ਸਲੱਮ ਰੀ-ਡਿਵੈਲਪਮੈਂਟ ਸਕੀਮ ਅਧੀਨ ਪੁਨਰਵਾਸ ਕੀਤਾ ਜਾਵੇਗਾ
ਸ਼੍ਰੀ ਧਰਮ ਪਾਲ ਗੁਪਤਾ ਨੇ ਦੱਸਿਆ ਕਿ ਇਸ ਸਕੀਮ ਦਾ ਲਾਭ ਪ੍ਰਾਪਤ ਕਰਨ ਵਾਲਾ ਵਿਅਕਤੀ ਬਾਲਗ ਹੋਵੇ, ਅਧਾਰ ਕਾਰਡ ਧਾਰਕ ਹੋਵੇ, ਪੰਜਾਬ ਦਾ ਨਿਵਾਸੀ ਹੋਵੇ ਅਤੇ 10 ਵਰ੍ਹਿਆਂ ਤੋਂ ਜ਼ਿਆਦਾ ਸਮੇਂ ਤੋਂ ਪੰਜਾਬ ਵਿਚ ਨਿਵਾਸ ਕਰ ਰਿਹਾ ਹੋਵੇ ਅਤੇ ਉਸਨੇ ਪਹਿਲਾਂ ਕਦੇ ਕੇਂਦਰ ਜਾਂ ਰਾਜ ਸਰਕਾਰ ਪਾਸੋਂ ਮਕਾਨ ਉਸਾਰੀ ਜਾਂ ਨਵੀਨੀਕਰਨ ਲਈ ਲਾਭ ਪ੍ਰਾਪਤ ਨਾ ਕੀਤਾ ਹੋਵੇ। ਸ਼੍ਰੀ ਗੁਪਤਾ ਨੇ ਕਿਹਾ ਕਿ ਇਛੁੱਕ ਲਾਭਪਾਤਰੀ ਇਸ ਸਕੀਮ ਲਈ ਡਿਮਾਂਡ ਸਰਵੇਅ ਫਾਰਮ ਨਗਰ ਕੌਂਸਲ ਤੇ ਨਗਰ ਪੰਚਾਇਤਾਂ ਪਾਸੋਂ ਮੁਫ਼ਤ ਪ੍ਰਾਪਤ ਕਰ ਸਕਦੇ ਹਨ ਜਾਂ ਵੈਬ ਸਾਈਟ pbhousing.gov.in ਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ। 
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਗੁਰਿੰਦਰਪਾਲ ਸਿੰਘ ਸਹੋਤਾ, ਐਸ.ਡੀ.ਐਮ. ਮਾਨਸਾ ਸ਼੍ਰੀ ਲਤੀਫ਼ ਅਹਿਮਦ, ਸਹਾਇਕ ਕਮਿਸ਼ਨਰ (ਜ) ਸ਼੍ਰੀ ਓਮ ਪ੍ਰਕਾਸ਼, ਕਾਰਜ ਸਾਧਕ ਅਫ਼ਸਰ ਮਾਨਸਾ ਸ਼੍ਰੀ ਰਵੀ ਕੁਮਾਰ, ਕਾਰਜ ਸਾਧਕ ਅਫ਼ਸਰ ਸਰਦੂਲਗੜ੍ਹ ਸ਼੍ਰੀ ਅਸ਼ੋਕ ਪਥਰੀਆ, ਕਾਰਜ ਸਾਧਕ ਅਫ਼ਸਰ ਬਰੇਟਾ/ਬੁਢਲਾਡਾ ਸ਼੍ਰੀ ਸੰਜੇ ਕੁਮਾਰ ਤੋਂ ਇਲਾਵਾ ਹੋਰ ਵੀ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

No comments:

Post a Comment