ਮੁਦਰਾ ਯੋਜਨਾ ਦਾ ਦੇਸ਼ ਦੇ 9.25 ਕਰੋਡ਼ ਲੋਕਾਂ ਨੇ ਲਾਭ ਲਿਆ-ਵਿਜੇ ਸਾਂਪਲਾ
ਲੁਧਿਆਣਾ, 6 ਅਕਤੂਬਰ : ”ਆਮ ਲੋਕਾਂ ਨੂੰ ਆਪਣੇ ਪੈਰਾਂ ‘ਤੇ ਖਡ਼ਾ ਕਰਨ ਅਤੇ ਉਨਾਂ ਦੇ ਜੀਵਨ ਪੱਧਰ ਨੂੰ ਉੱਪਰ ਚੁੱਕਣ ਲਈ ਸ਼ੁਰੂ ਕੀਤੀ ਗਈ ਮੁਦਰਾ ਯੋਜਨਾ ਦਾ ਦੋ ਸਾਲਾਂ ਵਿੱਚ ਦੇਸ਼ ਦੇ 9.25 ਕਰੋਡ਼ ਲੋਕਾਂ ਨੇ ਲਾਭ ਲਿਆ ਹੈ, ਇਹ ਅੰਕਡ਼ਾ ਭਾਰਤ ਅਤੇ ਇਥੋਂ ਦੇ ਲੋਕਾਂ (ਖਾਸ ਕਰਕੇ ਗਰੀਬ ਲੋਕਾਂ) ਦੇ ਵਿਕਾਸ ਦੀ ਅਸਲ ਤਸਵੀਰ ਪੇਸ਼ ਕਰਦਾ ਹੈ।” ਇਹ ਵਿਚਾਰ ਅੱਜ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਸਥਾਨਕ ਗੁਰੂ ਨਾਨਕ ਭਵਨ ਵਿਖੇ ਮੁਦਰਾ ਯੋਜਨਾ ਦੇ ਪ੍ਰਚਾਰ ਸੰਬੰਧੀ ਲਗਾਏ ਗਏ ਰਾਜ ਪੱਧਰੀ ਕੈਂਪ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।
ਉਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਾਲ 2015 ਵਿੱਚ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਦਾ ਮੁੱਖ ਮੰਤਵ ਆਮ ਲੋਕਾਂ ਨੂੰ ਆਪਣਾ ਕੰਮ ਧੰਦਾ ਸ਼ੁਰੂ ਕਰਨ ਲਈ ਬਿਨਾਂ ਕਿਸੇ ਗਾਰੰਟੀ ਅਤੇ ਮੁਸ਼ਕਿਲ ਦੇ ਸਸਤੀਆਂ ਦਰਾਂ ‘ਤੇ ਕਰਜ਼ਾ ਮੁਹੱਈਆ ਕਰਾਉਣਾ ਸੀ।
ਇਸ ਲੋਕ ਹਿੱਤ ਯੋਜਨਾ ਨੂੰ ਦੇਸ਼ ਦੇ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਅਤੇ ਦੋ ਸਾਲਾਂ ਵਿੱਚ ਇਸ ਯੋਜਨਾ ਦਾ 9.25 ਕਰੋਡ਼ ਲਾਭਪਾਤਰੀਆਂ ਨੇ ਲਾਭ ਲਿਆ। ਕੁੱਲ ਲਾਭਪਾਤਰੀਆਂ ਵਿੱਚੋਂ 76 ਫੀਸਦੀ ਔਰਤਾਂ ਹਨ ਅਤੇ 55 ਫੀਸਦੀ ਲੋਕ ਅਨੁਸੂਚਿਤ ਜਾਤੀਆਂ ਅਤੇ ਪੱਛਡ਼ੀਆਂ ਸ਼੍ਰੇਣੀਆਂ ਨਾਲ ਸੰਬੰਧਤ ਹਨ।
ਉਨਾਂ ਕਿਹਾ ਕਿ ਇਸ ਯੋਜਨਾ ਦੇ ਸ਼ੁਰੂ ਹੋਣ ਨਾਲ ਬੈਂਕਾਂ ਦਾ ਆਮ ਲੋਕਾਂ ਪ੍ਰਤੀ ਨਜ਼ਰੀਆ ਵੀ ਬਦਲਿਆ ਹੈ ਕਿਉਂਕਿ ਕਿਸੇ ਵੇਲੇ ਬੈਂਕਾਂ ਵਾਲੇ ਆਮ ਲੋਕਾਂ ਨੂੰ ਬੈਂਕਾਂ ਦੇ ਅੰਦਰ ਤੱਕ ਨਹੀਂ ਵਡ਼ਨ ਦਿੰਦੇ ਸਨ ਪਰ ਹੁਣ ਹਰੇਕ ਬੈਂਕ ਦੇ ਮੁਦਰਾ ਯੋਜਨਾ ਤਹਿਤ ਆਮ ਲੋਕਾਂ ਨੂੰ ਕਰਜ਼ਾ ਮੁਹੱਈਆ ਕਰਾਉਣ ਲਈ ਟੀਚੇ ਤੈਅ ਕਰ ਦਿੱਤੇ ਗਏ ਹਨ। ਨਤੀਜਤਨ ਬੈਂਕਾਂ ਵਾਲੇ ਹੁਣ ਆਮ ਲੋਕਾਂ ਨੂੰ ਰੋਜ਼ਗਾਰ ਸ਼ੁਰੂ ਕਰਾਉਣ ਲਈ ਲੱਭਦੇ ਫਿਰ ਰਹੇ ਹਨ। ਉਨਾਂ ਕਿਹਾ ਕਿ ਇਸ ਅੰਕਡ਼ੇ ਤੋਂ ਇਹ ਸਾਬਿਤ ਹੁੰਦਾ ਹੈ ਕਿ ਇਸ ਯੋਜਨਾ ਨਾਲ ਦੇਸ਼ ਵਿੱਚੋਂ ਬੇਰੁਜ਼ਗਾਰੀ ਅਤੇ ਗਰੀਬੀ ਖ਼ਤਮ ਕਰਨ ਵਿੱਚ ਵੱਡੀ ਸਫ਼ਲਤਾ ਮਿਲ ਰਹੀ ਹੈ।
ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਯੋਜਨਾ ਦਾ ਲਾਭ ਲੈਣ ਲਈ ਵਿਚੋਲਿਆਂ ਦੀ ਬਿਜਾਏ ਬੈਂਕਾਂ ਨਾਲ ਸਿੱਧਾ ਰਾਬਤਾ ਕਰਨ। ਬੈਂਕਾਂ ਕੋਲ ਆਮ ਲੋਕਾਂ ਨੂੰ ਮੁਦਰਾ ਯੋਜਨਾ ਤਹਿਤ ਕਰਜ਼ਾ ਦੇਣ ਲਈ ਪੈਸੇ ਦੀ ਬਿਲਕੁਲ ਵੀ ਕਮੀ ਨਹੀਂ ਹੈ। ਇਸ ਸੰਬੰਧੀ ਕੇਂਦਰ ਸਰਕਾਰ ਵੱਲੋਂ ਬੈਂਕਾਂ ਨੂੰ ਬਹੁਤ ਹੀ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ। ਉਨਾਂ ਕਿਹਾ ਕਿ ਪੈਸੇ ਦੀ ਆਈ ਚਲਾਈ ਨਾਲ ਪੈਦਾ ਹੋਣ ਵਾਲੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਹੀ ਕੇਂਦਰ ਸਰਕਾਰ ਵੱਲੋਂ ਡਿਜ਼ੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਮੰਤਵ ਲਈ ਲੋਕਾਂ ਨੂੰ ਅਦਾਇਗੀਆਂ ਲਈ ‘ਭੀਮ’ ਮੋਬਾਈਲ ਐਪਲੀਕੇਸ਼ਨ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦੀ ਆਰਥਿਕਤਾ ਨੂੰ ਨਗਦੀ ਰਹਿਤ ਕਰਨ ਲਈ ਸਰਕਾਰ ਦਾ ਸਹਿਯੋਗ ਕਰਨ, ਤਾਂ ਜੋ ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਅਤੇ ਕਾਲਾ ਧੰਨ ਦੀ ਸਮੱਸਿਆ ਨੂੰ ਖ਼ਤਮ ਕੀਤਾ ਜਾ ਸਕੇ।
ਉਨਾਂ ਬੈਂਕਾਂ ਨੂੰ ਦੇਸ਼ ਅਤੇ ਲੋਕਾਂ ਦੀ ਆਰਥਿਕਤਾ ਦੀ ਰੀਡ਼ ਦੀ ਹੱਡੀ ਕਰਾਰ ਦਿੰਦਿਆਂ ਬੈਂਕ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਉਹ ਆਮ ਲੋਕਾਂ ਪ੍ਰਤੀ ਆਪਣੇ ਰਵੱਈਏ ਅਤੇ ਵਰਤਾਅ ਵਿੱਚ ਹਾਂ-ਪੱਖੀ ਬਦਲਾਅ ਲਿਆਉਣ ਕਿਉਂਕਿ ਆਮ ਲੋਕਾਂ ਦਾ ਜੀਵਨ ਪੱਧਰ ਉੱਪਰ ਚੁੱਕਣ ਲਈ ਬੈਂਕਾਂ ਅਹਿਮ ਰੋਲ ਅਦਾ ਕਰ ਸਕਦੀਆਂ ਹਨ। ਇਸ ਮੌਕੇ ਸ੍ਰੀ ਸਾਂਪਲਾ ਨੇ ਮੁਦਰਾ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਕਰਜ਼ਾ ਪ੍ਰਵਾਨਗੀ ਪੱਤਰ ਅਤੇ ਵੱਖ-ਵੱਖ ਬੀਮਾ ਯੋਜਨਾਵਾਂ ਦੇ ਲਾਭਪਾਤਰੀਆਂ ਨੂੰ ਆਰਥਿਕ ਸਹਾਇਤਾ ਚੈੱਕ ਭੇਟ ਕੀਤੇ। ਇਸ ਮੌਕੇ ਉਨਾਂ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਵੱਖ-ਵੱਖ ਯੋਜਨਾਵਾਂ ਦੇ ਲਾਭਪਾਤਰੀਆਂ ਦਾ ਵੇਰਵਾ ਵੀ ਪੇਸ਼ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਕਿਹਾ ਕਿ ਕਿਸੇ ਦੇਸ਼ ਦੀ ਤਰੱਕੀ ਲਈ ਉਥੇ ਕਾਰਜਸ਼ੀਲ ਹਰੇਕ ਅਦਾਰੇ ਦਾ ਬਰਾਬਰ ਦਾ ਯੋਗਦਾਨ ਹੁੰਦਾ ਹੈ। ਪਰ ਸਰਕਾਰੀ ਯੋਜਨਾਵਾਂ ਨੂੰ ਸਫ਼ਲ ਕਰਨ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੁੰਦਾ ਹੈ। ਉਨਾਂ ਵਿੱਤੀ ਲੈਣ-ਦੇਣ ਨਾਲ ਜੁਡ਼ੀਆਂ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਆਮ ਲੋਕਾਂ ਦੀ ਆਰਥਿਕਤਾ ਨੂੰ ਸਹਾਰਾ ਦੇਣ ਲਈ ਖੁੱਲ ਦਿਲੀ ਨਾਲ ਕੰਮ ਕਰਨ।
ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਪੰਜਾਬ ਨੈਸ਼ਨਲ ਬੈਂਕ ਦੇ ਜਨਰਲ ਮੈਨੇਜਰ ਸ੍ਰੀ ਪੀ. ਐੱਸ. ਚੌਹਾਨ, ਪੰਜਾਬ ਐਂਡ ਸਿੰਧ ਬੈਂਕ ਦੇ ਕਾਰਜਕਾਰੀ ਡਾਇਰੈਕਟਰ ਫਰੀਦ ਅਹਿਮਦ, ਸ੍ਰੀਮਤੀ ਭੂਮਿਕਾ ਵਰਮਾ ਸੰਯੁਕਤ ਸਕੱਤਰ ਵਿੱਤ ਮੰਤਰਾਲਾ, ਸ੍ਰ. ਜਸ਼ਨਪ੍ਰੀਤ ਸਿੰਘ ਵਧੀਕ ਸਕੱਤਰ ਵਿੱਤ ਵਿਭਾਗ, ਪੰਜਾਬ, ਵਧੀਕ ਡਿਪਟੀ ਕਮਿਸ਼ਨਰ ਖੰਨਾ ਸ੍ਰੀ ਅਜੇ ਸੂਦ, ਸ੍ਰ. ਵਰਿੰਦਰਜੀਤ ਸਿੰਘ ਵਿਰਕ ਜ਼ੋਨਲ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ, ਲੀਡ ਬੈਂਕ ਜ਼ਿਲਾ ਮੈਨੇਜਰ ਸ੍ਰ. ਅਨੂਪ ਸਿੰਘ ਚਾਵਲਾ ਅਤੇ ਹੋਰ ਹਾਜ਼ਰ ਸਨ।
No comments:
Post a Comment