Wednesday 25 October 2017

31 ਅਕਤੂਬਰ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਇਆ ਜਾਵੇਗਾ

ਲੋਕ ਇਸ ਦਿਵਸ ਨੂੰ ਵਧ ਚਡ਼ ਕੇ ਉਤਸ਼ਾਹ ਨਾਲ ਮਨਾਉਣ-ਡਿਪਟੀ ਕਮਿਸ਼ਨਰ

ਲੁਧਿਆਣਾ, 25 ਅਕਤੂਬਰ  :  ਦੇਸ਼ ਦੀ ਅਜ਼ਾਦੀ ਅਤੇ ਆਖੰਡਤਾ ਲਈ ਆਪਣਾ ਵਡਮੁੱਲਾ ਯੋਗਦਾਨ ਪਾਉਣ ਵਾਲੇ ਅਤੇ ਦੇਸ਼ ਦੇ ਪਹਿਲੇ ਉੱਪ ਪ੍ਰਧਾਨ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਵਸ ਸੰਬੰਧੀ ਮਿਤੀ 31 ਅਕਤੂਬਰ ਨੂੰ ਸਾਰੇ ਦੇਸ਼ ਵਿੱਚ ‘ਰਾਸ਼ਟਰੀ ਏਕਤਾ ਦਿਵਸ’ ਵਜੋਂ ਮਨਾਇਆ ਜਾ ਰਿਹਾ ਹੈ।
ਇਸ ਸੰਬੰਧੀ ਪੰਜਾਬ ਸਰਕਾਰ ਦੀ ਤਰਫੋਂ ਪ੍ਰਾਪਤ ਪੱਤਰ ਦਾ ਹਵਾਲਾ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਸ ਦਿਨ ਜਿੱਥੇ ਸਾਰੇ ਸਰਕਾਰੀ ਦਫ਼ਤਰਾਂ, ਸੰਸਥਾਵਾਂ ਅਤੇ ਹੋਰ ਅਦਾਰਿਆਂ ਵਿੱਚ ਸਵੇਰੇ 11 ਵਜੇ ਅਧਿਕਾਰੀਆਂ, ਕਰਮਚਾਰੀਆਂ, ਵਿਦਿਆਰਥੀਆਂ ਅਤੇ ਲੋਕਾਂ ਨੂੰ ਦੇਸ਼ ਵਿੱਚ ਏਕਤਾ, ਆਖੰਡਤਾ ਅਤੇ ਦੇਸ਼ ਦੀ ਸੁਰੱਖਿਆ ਨੂੰ ਬਣਾਈ ਰੱਖਣ ਲਈ ਆਪਾ ਸਮਰਪਿਤ ਕਰਨ ਸੰਬੰਧੀ ਸਹੁੰ ਚੁਕਾਈ ਜਾਵੇਗੀ, ਉਥੇ ਹੀ ਜ਼ਿਲਾ ਪ੍ਰਸਾਸ਼ਨ ਵੱਲੋਂ ਅਤੇ ਪੁਲਿਸ ਪ੍ਰਸਾਸ਼ਨ ਵੱਲੋਂ ‘ਏਕਤਾ ਲਈ ਦੌਡ਼’ (ਰਨ ਫਾਰ ਯੂਨਿਟੀ) ਦਾ ਵੀ ਆਯੋਜਨ ਕੀਤਾ ਜਾਵੇਗਾ।
ਇਹ ਦੌਡ਼ ਸਵੇਰੇ 6 ਵਜੇ ਤੋਂ 7 ਵਜੇ ਤੱਕ ਲਗਾਈ ਜਾਵੇਗੀ, ਜਿਸ ਵਿੱਚ ਹਰੇਕ ਜ਼ਿਲਾ ਵਾਸੀ ਭਾਗ ਲੈ ਸਕਦਾ ਹੈ। ਇਸ ਲਈ ਰਜਿਸਟਰੇਸ਼ਨ ਗੁਰੂ ਨਾਨਕ ਸਟੇਡੀਅਮ ਵਿਖੇ ਸਵੇਰੇ 5 ਵਜੇ ਸ਼ੁਰੂ ਹੋ ਜਾਵੇਗੀ। ਦੌਡ਼ ਸਟੇਡੀਅਮ ਤੋਂ ਸ਼ੁਰੂ ਹੋ ਕੇ ਫੁਹਾਰਾ ਚੌਕ, ਘੁਮਾਰ ਮੰਡੀ, ਭਾਈ ਬਾਲਾ ਚੌਕ, ਭਾਰਤ ਨਗਰ ਚੌਕ, ਦੁਰਗਾ ਮਾਤਾ ਮੰਦਿਰ ਅਤੇ ਸਟੇਡੀਅਮ ਵਿਖੇ ਸਮਾਪਤ ਹੋਵੇਗੀ। ਇਸ ਦੌਡ਼ ਵਿੱਚ ਹਾਲੇ ਤੱਕ 1200 ਤੋਂ ਵਧੇਰੇ ਲੋਕਾਂ ਨੇ ਭਾਗ ਲੈਣ ਦੀ ਸਹਿਮਤੀ ਦੇ ਦਿੱਤੀ ਹੈ।
ਇਸ ਤੋਂ ਇਲਾਵਾ ਇਸ ਦਿਨ ਪੁਲਿਸ ਵਿਭਾਗ ਵੱਲੋਂ ਆਪਣੇ-ਆਪਣੇ ਖੇਤਰਾਂ ਵਿੱਚ ਮਾਰਚ ਪਾਸਟ ਵੀ ਕੱਢਿਆ ਜਾਵੇਗਾ ਤਾਂ ਜੋ ਦੇਸ਼ ਦੀ ਏਕਤਾ, ਇਕਸਾਰਤਾ ਅਤੇ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਵਾਲੀਆਂ ਤਾਕਤਾਂ ਨੂੰ ਠੱਲ ਪਾਈ ਜਾ ਸਕੇ। ਸ੍ਰੀ ਅਗਰਵਾਲ ਨੇ ਸਮੂਹ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ-ਆਪਣੇ ਪੱਧਰ ‘ਤੇ ਇਸ ਦਿਨ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਉਣ ਲਈ ਉਪਰਾਲੇ ਕਰਨ।

No comments:

Post a Comment