Saturday 21 October 2017

ਹੀਰੋ ਗਰੁੱਪ ਕਰੇਗਾ ਪੁਲਿਸ ਲਾਈਨਜ਼ ਲੁਧਿਆਣਾ ਦੇ ਖੇਡ ਮੈਦਾਨ ਦੀ ਕਾਇਆ ਕਲਪ – ਪੁਲਿਸ ਕਮਿਸ਼ਨਰ ਢੋਕੇ

-ਟਰੈਕ ਸਮੇਤ ਹੋਰ ਸਹੂਲਤਾਂ ਦਾ ਕੰਮ ਅਗਲੇ 2 ਮਹੀਨੇ ਵਿੱਚ ਹੋਵੇਗਾ ਪੂਰਾ

ਲੁਧਿਆਣਾ, 20 ਅਕਤੂਬਰ :-ਵਿਸ਼ਵ ਪ੍ਰਸਿੱਧ ਸਾਈਕਲ ਨਿਰਮਾਤਾ ਕੰਪਨੀ ਹੀਰੋ ਨੇ ਸਥਾਨਕ ਪੁਲਿਸ ਲਾਈਨਜ਼ ਸਥਿਤ ਖੇਡ ਮੈਦਾਨ ਦੀ ਪੂਰੀ ਤਰਾਂ ਕਾਇਆ ਕਲਪ ਕਰਨ ਦਾ ਫੈਸਲਾ ਕੀਤਾ ਹੈ। ਇਥੇ ਉਸਾਰੇ ਜਾਣ ਵਾਲੇ ਅਤਿ ਆਧੁਨਿਕ ਸਟੇਡੀਅਮ ਦੇ ਉਸਾਰੀ ਕਾਰਜਾਂ ਦਾ ਅੱਜ ਪੁਲਿਸ ਕਮਿਸ਼ਨਰ ਸ੍ਰੀ ਆਰ. ਐੱਨ. ਢੋਕੇ ਅਤੇ ਹੀਰੋ ਸਾਈਕਲ ਦੇ ਪ੍ਰਮੁੱਖ ਸ੍ਰੀ ਪੰਕਜ ਮੁੰਜ਼ਾਲ ਨੇ ਨੀਂਹ ਪੱਥਰ ਰੱਖਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਪੰਕਜ ਮੁੰਜ਼ਾਲ ਨੇ ਦੱਸਿਆ ਕਿ ਲੁਧਿਆਣਾ ਵਰਗੇ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਇਥੇ ਦਿਨ ਰਾਤ ਕਾਫੀ ਮਿਹਨਤ ਕਰਦੇ ਹਨ। ਨਿੱਤ ਦਿਨ ਦੀ ਦੌੜ ਭੱਜ ਵਾਲੀ ਜ਼ਿੰਦਗੀ ਵਿੱਚ ਉਹ ਨਾ ਤਾਂ ਆਪਣੇ ਆਪ ਨੂੰ ਫਿੱਟ ਰੱਖ ਸਕਦੇ ਹਨ ਅਤੇ ਨਾ ਹੀ ਉਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਚੰਗੀਆਂ ਸਹੂਲਤਾਂ ਮਿਲਦੀਆਂ ਹਨ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਉਨਾਂ ਦੀ ਕੰਪਨੀ ਵੱਲੋਂ ਚਲਾਈ ਜਾ ਰਹੀ ਓ. ਪੀ. ਮੁੰਜ਼ਾਲ ਫਾਊਂਡੇਸ਼ਨ ਨੇ ਫੈਸਲਾ ਕੀਤਾ ਹੈ ਕਿ ਪੁਲਿਸ ਲਾਈਨਜ਼ ਲੁਧਿਆਣਾ ਵਿੱਚ ਇੱਕ ਉੱਚ ਪੱਧਰ ਦਾ ਸਟੇਡੀਅਮ ਵਿਕਸਤ ਕੀਤਾ ਜਾਵੇਗਾ।
ਉਨਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਸਮੁੱਚੇ ਖੇਡ ਮੈਦਾਨ ਦੀ ਚਾਰ ਦੀਵਾਰੀ ਕੀਤੀ ਜਾਵੇਗੀ, ਜਿਸ ਵਿੱਚ 400 ਮੀਟਰ ਦਾ ਟਰੈਕ ਬਣਾਇਆ ਜਾਵੇਗਾ, ਜਿੱਥੇ ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਰੋਜ਼ਾਨਾ ਸੈਰ ਅਤੇ ਹੋਰ ਸਰੀਰਕ ਕਸਰਤ ਕਿਰਿਆਵਾਂ ਕਰ ਸਕਣਗੇ। ਬੱਚਿਆਂ ਦੇ ਮਨੋਰੰਜਨ ਲਈ ਵਿਸ਼ੇਸ਼ ਖੇਡਾਂ, ਥੀਏਟਰ ਅਤੇ ਹੋਰ ਮਨੋਰੰਜਨ ਦੇ ਸਾਧਨ ਸਥਾਪਤ ਕੀਤੇ ਜਾਣਗੇ ਤਾਂ ਜੋ ਹਰੇਕ ਵਰਗ ਦਾ ਇਥੇ ਮਨ ਪ੍ਰਚਾਇਆ ਜਾ ਸਕੇ। ਉਨਾਂ ਭਰੋਸਾ ਦਿੱਤਾ ਕਿ ਇਸ ਪ੍ਰੋਜੈਕਟ ‘ਤੇ ਅੱਜ ਹੀ ਕੰਮ ਸ਼ੁਰੂ ਹੋ ਗਿਆ ਹੈ, ਜੋ ਕਿ ਅਗਲੇ ਦੋ ਮਹੀਨਿਆਂ ਵਿੱਚ ਬਿਲਕੁਲ ਮੁਕੰਮਲ ਕਰ ਲਿਆ ਜਾਵੇਗਾ।
ਪੁਲਿਸ ਕਮਿਸ਼ਨਰ ਸ੍ਰੀ ਢੋਕੇ ਨੇ ਸੰਬੋਧਨ ਕਰਦਿਆਂ ਸ੍ਰੀ ਪੰਕਜ਼ ਮੁੰਜ਼ਾਲ, ਓ. ਪੀ. ਮੁੰਜ਼ਾਲ ਫਾਊਂਡੇਸ਼ਨ ਅਤੇ ਹੀਰੋ ਕੰਪਨੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨਾਂ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਕਿਹਾ ਕਿ ਉਹ ਡਿਊਟੀ ਦੇ ਨਾਲ-ਨਾਲ ਆਪਣੀ ਸਿਹਤ ਦਾ ਵੀ ਖ਼ਿਆਲ ਰੱਖਣ। ਤਨਦੇਹੀ ਨਾਲ ਡਿਊਟੀ ਤਾਂ ਹੀ ਹੋ ਸਕਦੀ ਹੈ ਜੇਕਰ ਵਿਅਕਤੀ ਸਰੀਰਕ ਤੌਰ ‘ਤੇ ਫਿੱਟ ਰਹੇਗਾ। ਉਨਾਂ ਅਪੀਲ ਕੀਤੀ ਕਿ ਅਧਿਕਾਰੀ ਅਤੇ ਮੁਲਾਜ਼ਮ ਆਪਣੀ ਅਤੇ ਪੁਲਿਸ ਵਿਭਾਗ ਦੀ ਰੈਪੂਟੇਸ਼ਨ ਦਾ ਪੂਰਾ-ਪੂਰਾ ਖ਼ਿਆਲ ਰੱਖਣ ਕਿਉਂਕਿ ਲੋਕ ਉਨਾਂ ਨੂੰ ਇਨਸਾਫ਼ ਅਤੇ ਸਹੀ ਵਰਤਾਅ ਦੀ ਉਮੀਦ ਰੱਖਦੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਚਾਰੂ ਮੁੰਜ਼ਾਲ, ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਧਰੁਮਨ ਨਿੰਬਲੇ, ਡਿਪਟੀ ਕਮਿਸ਼ਨਰ ਪੁਲਿਸ ਸ੍ਰ. ਗਗਨਅਜੀਤ ਸਿੰਘ, ਸ੍ਰੀ ਸੰਦੀਪ ਗਰਗ, ਸ੍ਰੀ ਸੁਰਿੰਦਰ ਲਾਂਬਾ, ਸ੍ਰ. ਸੁਖਪਾਲ ਸਿੰਘ ਬਰਾੜ ਅਤੇ ਸ੍ਰ. ਜਸਵੀਰ ਸਿੰਘ (ਸਾਰੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ) ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

No comments:

Post a Comment