Friday 6 October 2017

ਲੋੜੀਂਦੇ ਇਤਿਆਦ ਵਰਤ ਕੇ ਡੇਂਗੂ ਤੇ ਚਿਕਨਗੁਨੀਆਂ ਤੋਂ ਬਚਿਆ ਜਾ ਸਕਦਾ ਹੈ : ਸਿਵਲ ਸਰਜਨ

ਸਿਵਲ ਸਰਜਨ ਵੱਲੋਂ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਨਾ ਖੜਾ ਹੋਣ ਦੇਣ ਦੀ ਅਪੀਲ
ਘਰਾਂ ਦੇ ਕੂਲਰਾਂ, ਫਰਿੱਜਾਂ ਦੀਆਂ ਪਿਛਲੀਆਂ ਬਾਲਟੀਆਂ, ਫੁੱਲਾਂ ਦੇ ਗਮਲਿਆਂ ਦਾ ਪਾਣੀ ਹਫਤੇ ਵਿੱਚ ਇੱਕ ਵਾਰ ਬਦਲਣ ਲਈ ਕਿਹਾ
ਫ਼ਤਹਿਗੜ੍ਹ ਸਾਹਿਬ ਸਿਵਲ ਹਸਪਤਾਲ ਦੀ ਜ਼ਿਲ੍ਹਾ ਲਬਾਰਟਰੀ ਵਿੱਚ ਡੇਂਗੂ ਦਾ ਹੁੰਦੈ ਮੁਫਤ ਟੈਸਟ

ਫ਼ਤਹਿਗੜ੍ਹ ਸਾਹਿਬ, 4 ਅਕਤੂਬਰ: ਡੇਂਗੂ ਤੇ ਚਿਕਨਗੁਨੀਆਂ ਫੈਲਾਉਣ ਵਾਲੇ ਮੱਛਰ ਖੜੇ ਪਾਣੀ ਜਿਵੇਂ ਕੂਲਰਾਂ ਵਿੱਚ, ਪਾਣੀ ਦੀਆਂ ਟੈਂਕੀਆਂ, ਫੁੱਲਾਂ ਦੇ ਗਮਲਿਆਂ, ਟੁੱਟੇ, ਭੱਜੇ ਤੇ ਸੁੱਟੇ ਭਾਂਡਿਆਂ ਅਤੇ ਟਾਇਰਾਂ ਵਿੱਚ ਪਲਦੇ ਹਨ। ਇਹ ਮੱਛਰ ਸਾਫ ਖੜ੍ਹੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦਾ ਹੈ ਅਤੇ ਇਹ ਸਿਰਫ ਦਿਨ ਵੇਲੇ ਹੀ ਕੱਟਦਾ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰਮਿੰਦਰ ਕੌਰ ਸੋਢੀ ਨੇ ਦੱਸਿਆ ਕਿ ਤੇਜ ਬੁਖਾਰ, ਸਿਰ ਦਰਦ, ਮਾਸ ਪੇਸ਼ੀਆਂ ਵਿੱਚ ਦਰਦ, ਚਮੜੀ ਦੇ ਦਾਣੇ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ਹੋਣਾ ਤੇ ਮਸੂੜਿਆਂ ਅਤੇ ਨੱਕ ਵਿੱਚ ਖੂਨ ਦਾ ਵਗਣਾ ਡੇਂਗੂ ਦੇ ਲੱਛਣ ਹਨ ਜਦੋਂ ਕਿ ਤੇਜ ਬੁਖਾਰ, ਸਿਰ ਦਰਦ, ਜੋੜਾਂ ਵਿੱਚ ਦਰਦ ਅਤੇ ਸੋਜ ਤੇ ਚਮੜੀ ਦੇ ਦਾਣੇ ਅਤੇ ਖਾਰਸ਼ ਹੋਣਾ ਚਿਕਨਗੁਨੀਆਂ ਦੀਆਂ ਨਿਸ਼ਾਨੀਆਂ ਹਨ। ਇਸ ਲਈ ਜੇਕਰ ਕਿਸੇ ਨਾਗਰਿਕ ਵਿੱਚ ਅਜਿਹੇ ਲੱਛਣ ਪਾਏ ਜਾਂਦੇ ਹਨ ਤਾਂ ਤੁਰੰਤ ਨੇੜਲੇ ਸਿਹਤ ਕੇਂਦਰ ਵਿੱਚ ਸੰਪਰਕ ਕਰਨਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਡੇਂਗੂ ਦੇ ਮੱਛਰ ਨੂੰ ਪਲਣ ਤੋਂ ਰੋਕਣ ਲਈ ਸਾਨੂੰ ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਖੜਾ ਨਹੀਂ ਹੋਣ ਦੇਣਾ ਚਾਹੀਦਾ, ਪਾਣੀ ਭਰੇ ਭਾਂਡਿਆਂ ਅਤੇ ਟੈਂਕੀਆਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖਣਾ ਚਾਹੀਦਾ ਹੈ ਅਤੇ ਹਫਤੇ ਦੇ ਹਰੇਕ ਸ਼ੁਕਰਵਾਰ ਨੂੰ ਮਨਾਏ ਜਾਂਦੇ ਡਰਾਈ ਡੇਅ ਤਹਿਤ ਕੂਲਰਾਂ ਦੇ ਪਾਣੀ ਨੂੰ ਬਦਲ ਕੇ ਸੁਕਾਉਣਾ ਚਾਹੀਦਾ ਹੈ ਅਤੇ ਫਰਿੱਜਾਂ ਦੀਆਂ ਬੈਕ ਸਾਈਡ ਬਾਲਟੀਆਂ ਨੂੰ ਵੀ ਇੱਕ ਵਾਰ ਜਰੂਰ ਸਾਫ ਕਰਨਾ ਚਾਹੀਦਾ ਹੈ। ਉਨ੍ਹਾਂ ਹੋਰ ਦੱਸਿਆ ਕਿ ਜਿਸ ਕਿਸੇ ਜਗ੍ਹਾ ਜਾਂ ਬਰਤਨ ਜਿਥੇ ਕੁਝ ਦਿਨ ਪਾਣੀ ਖੜਾ ਰਹੇ ਉਥੇ ਮੱਛਰ ਦਾ ਲਾਰਵਾ ਪੈਦਾ ਹੋ ਸਕਦਾ ਹੈ, ਇਸ ਲਈ ਘਰਾਂ ਦੇ ਬਾਹਰ ਜਾਨਵਰਾਂ ਲਈ ਰੱਖੇ ਪੀਣ ਲਈ ਪਾਣੀ ਦੇ ਕਿਸੋਰਿਆਂ ਵਿਚਲੇ ਪਾਣੀ ਨੂੰ ਹਰ ਰੋਜ਼ ਬਦਲਣਾ ਚਾਹੀਦਾ ਹੈ।
ਸਿਵਲ ਸਰਜਨ ਨੇ ਹੋਰ ਦੱਸਿਆ ਕਿ ਘਰਾਂ ਵਿੱਚ ਰੱਖੇ ਫੁੱਲਦਾਨ ਦਾ ਪਾਣੀ ਵੀ ਹਫਤੇ ਵਿੱਚ ਇੱਕ ਵਾਰ ਜਰੂਰ ਬਦਲਿਆ ਜਾਵੇ ਅਤੇ ਬੰਦ ਪਈਆਂ ਫੈਕਟਰੀਆਂ ਤੇ ਗੋਦਾਮਾਂ ਵਿਚਲੇ ਚਬੱਚਿਆਂ ਵਿੱਚ ਬਰਸਾਤੀ ਪਾਣੀ ਖੜਾ ਨਹੀਂ ਹੋਣ ਦੇਣਾ ਚਾਹੀਦਾ। ਉਨ੍ਹਾਂ ਇਹ ਵੀ ਕਿਹਾ ਕਿ ਕਬਾੜੀਆਂ ਦੀਆਂ ਦੁਕਾਨਾਂ 'ਤੇ ਪਿਆ ਕਬਾੜ ਦਾ ਟੁੱਟਿਆ ਭੱਜਿਆ ਸਮਾਨ ਅਤੇ ਟਾਇਰ ਢੱਕ ਕੇ ਰੱਖਣੇ ਚਾਹੀਦੇ ਹਨ ਅਤੇ ਰਿਹਾਇਸ਼ੀ ਖੇਤਰਾਂ ਦੇ ਨਜ਼ਦੀਕ ਲੰਘਦੀਆਂ ਡਰੇਨਾਂ ਤੇ ਸੂਇਆਂ ਦੇ ਖੜੇ ਪਾਣੀ ਵਿੱਚ ਕਾਲੇ ਤੇਲ ਦਾ ਛਿੜਕਾਓ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਉਂਕਿ ਡੇਂਗੂ ਦਾ ਮੱਛਰ ਦਿਨ ਵੇਲੇ ਕੱਟਦਾ ਹੈ ਇਸ ਲਈ ਅਜਿਹੇ ਕੱਪੜੇ ਪਹਿਨਣੇ ਚਾਹੀਦੇ ਹਨ ਜਿਨ੍ਹਾਂ ਨਾਲ ਪੂਰਾ ਸਰੀਰ ਢੱਕਿਆ ਰਹੇ।
ਡਾ. ਸੋਢੀ ਨੇ ਆਖਿਆ ਕਿ ਸੌਣ ਵੇਲੇ ਮੱਛਰਦਾਨੀਆਂ, ਮੱਛਰ ਭਜਾਊ ਕਰੀਮਾਂ ਅਤੇ ਮੱਛਰ ਭਜਾਊ ਬਿਜਲੀ ਯੰਤਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਤੇਜ ਬੁਖਾਰ ਹੋਣ ਦੀ ਸੂਰਤ ਵਿੱਚ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਜਾਂ ਡਿਸਪੈਂਸਰੀ ਵਿੱਚ ਚੈਕਅੱਪ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਲੈਬਾਰਟਰੀ ਫ਼ਤਹਿਗੜ੍ਹ ਸਾਹਿਬ ਵਿਖੇ ਡੇਂਗੂ ਦਾ ਟੈਸਟ ਮੁਫਤ ਕੀਤਾ ਜਾਂਦਾ ਹੈ।

No comments:

Post a Comment