-”ਆਓ! ਭਰੂਣ ਹੱਤਿਆ ਦਾ ਕਲੰਕ ਧੋ ਕੇ ਬੇਟੀਆਂ ਨੂੰ ਅੱਗੇ ਵਧਣ ਵਿੱਚ ਸਹਿਯੋਗ ਕਰੀਏ”
-ਬੇਟੀਆਂ ਨੂੰ ਆਪਣੇ ਆਲੇ-ਦੁਆਲੇ ਬਾਰੇ ਹਮੇਸ਼ਾਂ ਜਾਗਰੂਕ ਰਹਿਣ ਦੀ ਅਪੀਲ
ਲੁਧਿਆਣਾ, -ਕੋਈ ਸਮਾਂ ਹੁੰਦਾ ਸੀ, ਜਦੋਂ ਸ਼ਹਿਰ ਲੁਧਿਆਣਾ ਨੂੰ ਅਪਰਾਧਿਕ ਗਤੀਵਿਧੀਆਂ ਦਾ ਕੇਂਦਰ ਮੰਨਿਆ ਜਾਂਦਾ ਸੀ। ਖੇਤਰਫ਼ਲ ਪੱਖੋਂ ਵਿਸ਼ਾਲ ਅਤੇ ਸੰਘਣੀ ਆਬਾਦੀ ਵਾਲੇ ਸ਼ਹਿਰ ਵਿੱਚ ਗੈਰ ਸਮਾਜਿਕ ਤੱਤਾਂ ਦਾ ਬੋਲ-ਬਾਲਾ ਸੀ। ਪਰ ਪਿਛਲੇ ਸਮੇਂ ਦੌਰਾਨ ਇਸ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਬੂ ਕਰਨ ਵਿੱਚ ਵੱਡੇ ਪੱਧਰ ‘ਤੇ ਸਫ਼ਲਤਾ ਹਾਸਿਲ ਕੀਤੀ ਗਈ ਹੈ। ਇਸ ਲਈ ਜਿੱਥੇ ਪੂਰੀ ਲੁਧਿਆਣਾ ਪੁਲਿਸ ਦੀ ਪ੍ਰਸ਼ੰਸ਼ਾ ਕਰਨੀ ਬਣਦੀ ਹੈ, ਉਥੇ ਹੀ ਇਸ ਪਿੱਛੇ ਇਥੇ ਸੇਵਾਵਾਂ ਨਿਭਾਅ ਰਹੀਆਂ ਮਹਿਲਾ ਪੁਲਿਸ ਅਧਿਕਾਰਨਾਂ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਸ ਮੌਕੇ ਇਸ ਸ਼ਹਿਰ ਵਿੱਚ ਤਿੰਨ ਜਾਂਬਾਜ਼ ਮਹਿਲਾ ਪੁਲਿਸ ਅਧਿਕਾਰਨਾਂ ਅਣਥੱਕ ਸੇਵਾਵਾਂ ਨਿਭਾਅ ਰਹੀਆਂ ਹਨ।
ਜੇਕਰ ਇੰਨਾ ਮਹਿਲਾ ਪੁਲਿਸ ਅਧਿਕਾਰਨਾਂ ਬਾਰੇ ਗੱਲ ਕਰੀਏ ਤਾਂ ਪਹਿਲਾ ਨਾਮ ਮਿਹਨਤਕਸ਼ ਤੇ ਸਿਰੜੀ ਅਫ਼ਸਰ ਗੁਰਪ੍ਰੀਤ ਕੌਰ ਪੁਰੇਵਾਲ ਦਾ ਆਉਂਦਾ ਹੈ। ਮੈਡਮ ਪੁਰੇਵਾਲ ਆਪਣੇ ਸਮੇਂ ਦੀ ਹੈਂਡਬਾਲ ਦੀ ਅੰਤਰਰਾਸ਼ਟਰੀ ਪੱਧਰ ਦੀ ਖ਼ਿਡਾਰਨ ਰਹੇ ਹਨ। ਮੌਜੂਦਾ ਸਮੇਂ ਉਹ ਸਪੈਸ਼ਲ ਟਾਸਕ ਫੋਰਸ ਦੇ ਲੁਧਿਆਣਾ ਜ਼ੋਨ ਦੇ ਸੁਪਰਡੈਂਟ ਆਫ਼ ਪੁਲਿਸ ਵਜੋਂ ਤਾਇਨਾਤ ਹਨ। ਗੈਰ ਸਮਾਜੀ ਤੱਤਾਂ ਨੂੰ ਕਾਬੂ ਕਰਨ ਵਿੱਚ ਪਿਛਲੇ ਸਮੇਂ ਦੌਰਾਨ ਪ੍ਰਾਪਤ ਹੋਈਆਂ ਸਫ਼ਲਤਾਵਾਂ ਵਿੱਚ ਮੈਡਮ ਪੁਰੇਵਾਲ ਦਾ ਅਹਿਮ ਯੋਗਦਾਨ ਰਿਹਾ ਹੈ। ਉਹ ਸਾਲ 2002 ਵਿੱਚ ਬਤੌਰ ਇੰਸਪੈਕਟਰ ਪੰਜਾਬ ਪੁਲਿਸ ਵਿੱਚ ਭਰਤੀ ਹੋਏ ਸਨ। ਆਪਣੀ ਸਖ਼ਤ ਮਿਹਨਤ ਅਤੇ ਦ੍ਰਿੜ ਭਾਵਨਾ ਨਾਲ ਉਹ ਉਚ ਅਹੁਦੇ ‘ਤੇ ਪਹੁੰਚੇ ਹਨ।
ਇਸੇ ਤਰਾਂ ਸ਼ਹਿਰ ਲੁਧਿਆਣਾ ਵਿੱਚ ਦੋ ਹੋਰ ਮਹਿਲਾ ਅਧਿਕਾਰਨਾਂ ਸ੍ਰੀਮਤੀ ਰੁਪਿੰਦਰ ਕੌਰ ਭੱਟੀ (ਸਹਾਇਕ ਕਮਿਸ਼ਨਰ ਪੁਲਿਸ ਸਥਾਨਕ) ਅਤੇ ਸ੍ਰੀਮਤੀ ਹਰਕਮਲ ਕੌਰ (ਸਹਾਇਕ ਕਮਿਸ਼ਨਰ ਪੁਲਿਸ ਸਾਹਨੇਵਾਲ) ਵੀ ਸੇਵਾਵਾਂ ਨਿਭਾਅ ਰਹੀਆਂ ਹਨ। ਇਹ ਦੋਵੇਂ ਸਾਲ 2012 ਬੈਚ ਦੀਆਂ ਪੀ. ਪੀ. ਐੱਸ. ਅਧਿਕਾਰਨਾਂ ਹਨ ਅਤੇ ਇੰਨਾ ਵੱਲੋਂ ਸ਼ਹਿਰ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਵਿੱਚ ਕਾਫੀ ਅਹਿਮ ਯੋਗਦਾਨ ਦਿੱਤਾ ਜਾ ਰਿਹਾ ਹੈ। ਸ੍ਰੀਮਤੀ ਭੱਟੀ ਅਤੇ ਸ੍ਰੀਮਤੀ ਹਰਕਮਲ ਕੌਰ ਨੇ ‘ਬੇਟੀ ਬਚਾਓ-ਬੇਟੀ ਪੜਾਓ’ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਰੂਣ ਹੱਤਿਆ ਦੇ ਕਲੰਕ ਨੂੰ ਸਮਾਜ ਦੇ ਮੱਥੇ ਤੋਂ ਲਾਹ ਕੇ ਬੇਟੀਆਂ ਨੂੰ ਸਮਾਜ ਵਿੱਚ ਆਉਣ ਦਾ ਮੌਕਾ ਦੇਣ। ਉਨਾਂ ਕਿਹਾ ਕਿ ਜੇਕਰ ਆਪਣੇ ਮਾਪਿਆਂ ਦੇ ਸਹਿਯੋਗ ਨਾਲ ਇਸ ਮੁਕਾਮ ਤੱਕ ਪਹੁੰਚ ਸਕਦੀਆਂ ਹਨ ਤਾਂ ਕੋਈ ਵੀ ਬੱਚੀ ਇਸ ਮੁਕਾਮ ਨੂੰ ਹਾਸਿਲ ਕਰ ਸਕਦੀ ਹੈ।
ਉਨਾਂ ਬੇਟੀਆਂ ਨੂੰ ਸਲਾਹ ਦਿੱਤੀ ਕਿ ਉਹਨਾਂ ਨੂੰ ਆਪਣੇ ਆਲੇ-ਦੁਆਲੇ ਬਾਰੇ ਹਮੇਸ਼ਾਂ ਜਾਗਰੂਕ ਰਹਿਣਾ ਚਾਹੀਦਾ ਹੈ। ਅੱਜ ਕੱਲ ਸੋਸ਼ਲ ਮੀਡੀਆ ਅਤੇ ਸਾਈਬਰ ਕਰਾਈਮ ਦੇ ਚੱਲਦਿਆਂ ਕਈ ਲੜਕੀਆਂ ਗੁੰਮਰਾਹਕੁੰਨ ਪ੍ਰਚਾਰ ਦਾ ਸ਼ਿਕਾਰ ਹੋ ਜਾਂਦੀਆਂ ਹਨ। ਉਨਾਂ ਲੜਕੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਾਲ ਸੰਬੰਧਤ ਜਾਣਕਾਰੀ ਅਣਜਾਣ ਵਿਅਕਤੀਆਂ ਜਾਂ ਕੰਪਨੀਆਂ ਨਾਲ ਸ਼ੇਅਰ ਨਾ ਕਰਨ। ਉਨਾਂ ਨੂੰ ਕਿਸੇ ਵੀ ਮੁਸੀਬਤ ਦਾ ਮੁਕਾਬਲਾ ਕਰਨ ਲਈ ਖੁਦ ਹੀ ਸਮਰੱਥ ਹੋਣਾ ਚਾਹੀਦਾ ਹੈ ਅਤੇ ਫਿਰ ਵੀ ਹੰਗਾਮੀ ਹਾਲਤ ਵਿੱਚ ਪੁਲਿਸ, ਮਾਪੇ ਅਤੇ ਹੋਰ ਜਾਣਕਾਰਾਂ ਨਾਲ ਗੱਲ ਕਰਨੀ ਚਾਹੀਦੀ ਹੈ। ਉਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਭਰੂਣ ਹੱਤਿਆ ਨੂੰ ਰੋਕ ਕੇ ਬੱਚੀਆਂ ਨੂੰ ਬਚਾਉਣ ਅਤੇ ਉਨਾਂ ਪੜਾ-ਲਿਖਾ ਕੇ ਅੱਗੇ ਵਧਣ ਵਿੱਚ ਸਹਿਯੋਗ ਕਰਨ।
No comments:
Post a Comment