ਮਾਤਾ ਚੱਕਰੇਸ਼ਵਰੀ ਦੇਵੀ ਜੈਨ ਮੰਦਰ ਦੇ ਸਲਾਨਾ ਉਤਸਵ ਵਿੱਚ ਸ਼ਾਮਲ ਹੋਣ ਲਈ ਵਿਸ਼ੇਸ਼ ਤੌਰ ਤੇ ਪੁੱਜੇ ਸਕੱਤਰ ਲੋਕ ਨਿਰਮਾਣ ਵਿਭਾਗ
ਫਤਹਿਗੜ੍ਹ ਸਾਹਿਬ, 4 ਅਕਤੂਬਰ: ਧਾਰਮਿਕ ਸਥਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਕੀਤੀ ਜਾਂਦੀ ਸਮਾਜ ਸੇਵਾ ਨਾਲ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਜੀਵਨ ਵਿੱਚ ਅੱਗੇ ਵੱਧਣ ਦੇ ਵਧੇਰੇ ਮੌਕੇ ਮਿਲਦੇ ਹਨ। ਇਹ ਵਿਚਾਰ ਸਕੱਤਰ, ਲੋਕ ਨਿਰਮਾਣ ਵਿਭਾਗ ਪੰਜਾਬ ਸ਼੍ਰੀ ਹੁਸਨ ਲਾਲ ਨੇ ਮਾਤਾ ਸ਼੍ਰੀ ਚੱਕਰੇਸ਼ਵਰੀ ਦੇਵੀ ਜੈਨ ਤੀਰਥ ਦੇ ਸਲਾਨਾ ਉਤਸਵ ਮੌਕੇ ਸੰਗਤਾ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਇਸ ਜੈਨ ਮੰਦਰ ਦੀ ਪ੍ਰਬੰਧਕ ਕਮੇਟੀ ਵੱਲੋਂ ਲੜਕੀਆਂ ਦੀ ਭਲਾਈ ਅਤੇ ਉਹਨਾਂ ਨੂੰ ਸਿੱਖਿਅਤ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਉਹਨਾਂ ਜੈਨ ਮੰਦਰ ਕਮੇਟੀ ਵੱਲੋਂ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਅਡਾਪਟ ਕੀਤੇ ਗਏ 5 ਸਕੂਲਾਂ ਦੇ ਸ਼ਲਾਘਾਯੋਗ ਕਦਮ ਦੀ ਵੀ ਸਰਾਹਨਾ ਕੀਤੀ । ਉਹਨਾਂ ਕਿਹਾ ਕਿ ਚੱਕਰੇਸ਼ਵਰੀ ਜੈਨ ਮੰਦਰ ਕਮੇਟੀ ਵੱਲੋਂ ਕੀਤੇ ਗਏ ਇਹ ਉਪਰਾਲੇ ਹੋਰ ਧਾਰਮਿਕ ਸਥਾਨਾਂ ਲਈ ਵੀ ਪ੍ਰੇਰਣਾ ਦਾ ਸਰੋਤ ਹਨ। ਉਹਨਾਂ ਕਿਹਾ ਕਿ ਲੜਕੀਆਂ ਨੂੰ ਸਿੱਖਿਆ ਹਾਸਲ ਕਰਨ ਦੇ ਵਧੇਰੇ ਮੌਕੇ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਸਕਾਲਰਸ਼ਿਪ ਸਕੀਮ ਵੀ ਇੱਕ ਬਹੁਤ ਵਧੀਆ ਉਪਰਾਲਾ ਹੈ। ਇਸ ਨਾਲ ਗਰੀਬ ਅਤੇ ਪੜ੍ਹਣ ਦੀਆਂ ਇੱਛਕ ਲੜਕੀਆਂ ਉਚੇਰੀ ਸਿੱਖਿਆ ਹਾਸਲ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਜੀਵਨ ਪੱਧਰ ਉੱਚਾ ਚੁੱਕ ਸਕਦੀਆਂ ਹਨ। ਇਸ ਤੋਂ ਪਹਿਲਾਂ ਸ਼੍ਰੀ ਹੁਸਨ ਲਾਲ, ਮਾਤਾ ਸ਼੍ਰੀ ਚੱਕਰੇਸ਼ਵਰੀ ਦੇਵੀ ਮੰਦਰ ਵਿਖੇ ਨਤਮਸਤਕ ਹੋਏ। ਇਸ ਮੌਕੇ ਉਹਨਾਂ ਨੂੰ ਮੰਦਰ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਮਾਤਾ ਸ਼੍ਰੀ ਚੱਕਰੇਸ਼ਵਰੀ ਦੇਵੀ ਜੈਨ ਤੀਰਥ ਕਮੇਟੀ ਦੇ ਪ੍ਰਧਾਨ ਸ਼੍ਰੀ ਸੁਨੀਲ ਕੁਮਾਰ ਜੈਨ ਨੇ ਇਸ ਤੀਰਥ ਸਥਾਨ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਹਜਾਰਾਂ ਸਾਲ ਪੁਰਾਣੇ ਇਸ ਤੀਰਥ ਸਥਾਨ ਦੀ ਮਹਾਨਤਾ ਸਦਕਾ ਲੋਕ ਇਸ ਨਾਲ ਜੁੜਦੇ ਗਏ। ਜੈਨ ਤੀਰਥ ਦੇ ਇਸ ਸਲਾਨਾ ਉਤਸਵ ਵਿੱਚ ਸੰਗਤਾਂ ਦਾ ਭਾਰੀ ਇੱਕਠ ਇਸਦਾ ਸਬੂਤ ਹੈ। ਉਹਨਾਂ ਕਿਹਾ ਕਿ ਫਤਹਿਗੜ ਸਾਹਿਬ ਦੀ ਇਸ ਪਵਿੱਤਰ ਧਰਤੀ ਤੇ ਹਰ ਧਰਮ ਦੇ ਲੋਕ ਨਤਮਸਤਕ ਹੋਣ ਲਈ ਦੂਰ ਦਰਾਡੇ ਹੋਰ ਰਾਜਾਂ ਤੋਂ ਵੀਂ ਆਉਂਦੇ ਹਨ। ਉਹਨਾਂ ਕਿਹਾ ਕਿ ਇਸ ਤਰਾਂ ਦੇ ਤੀਰਥ ਸਥਾਨਾ ਤੇ ਆ ਕੇ ਇੱਕ ਅੰਦਰੂਨੀ ਸ਼ਾਂਤੀ ਤੇ ਸ਼ਕਤੀ ਮਿਲਦੀ ਹੈ । ਉਹਨਾਂ ਕਿਹਾ ਕਿ ਜੈਨ ਮੰਦਰ ਕਮੇਟੀ ਵੱਲੋਂ ਸ਼ੁਰੂ ਕੀਤੇ ਗਏ ਸਿੱਖਿਆ ਅਭਿਆਨ ਤਹਿਤ ਸਰਹਿੰਦ ਸ਼ਹਿਰ ਦੇ 5 ਸਕੂਲ ਅਡਾਪਟ ਕੀਤੇ ਗਏ ਹਨ। ਇਹਨਾਂ ਸਕੂਲਾਂ ਵਿੱਚ ਪੜ੍ਹਦੇ ਸਾਰੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਮੰਦਰ ਦੀ ਕਮੇਟੀ ਵੱਲੋਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਬੱਚਿਆਂ ਨੂੰ ਸਿੱਖਿਅਤ ਕਰਨਾ ਸਭ ਤੋਂ ਵੱਡੀ ਪੂਜਾ ਹੈ ਅਤੇ ਸਮਾਜ ਦੇ ਹਰੇਕ ਨਾਗਰਿਕ ਨੂੰ ਇਸ ਪੂਜਾ ਵਿੱਚ ਬਣਦਾ ਸਹਿਯੋਗ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਸਰਹਿੰਦ ਤੋਂ ਇਲਾਵਾ ਸੁਨਾਮ ਵਿੱਚ ਵੀ ਸਕੂਲ ਅਡਾਪਟ ਕੀਤਾ ਜਾ ਰਿਹਾ ਹੈ ਅਤੇ ਭਵਿੱਖ ਵਿੱਚ ਹੋਰ ਸ਼ਹਿਰਾਂ ਵਿੱਚ ਵੀ ਸਕੂਲ ਅਡਾਪਟ ਕਰਕੇ ਬੱਚਿਆਂ ਨੂੰ ਵਧੀਆ ਸਿੱਖਿਆ ਹਾਸਲ ਕਰਨ ਦੇ ਮੌਕੇ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਸਾਨੂੰ ਆਪਣੀਆਂ ਨਿੱਜੀ ਇੱਛਾਵਾਂ ਦੀ ਪੂਰਤੀ ਤੋਂ ਉਪਰ ਉਠ ਕੇ ਸਮਾਜ ਸੇਵਾ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਪੰਜਾਬ ਦੇ ਦੂਰ ਦਰਾਡੇ ਇਲਾਕਿਆਂ ਤੋਂ ਇਲਾਵਾ ਭਾਰਤ ਦੇ ਹੋਰ ਕਈ ਰਾਜਾਂ ਤੋਂ ਸ਼ਰਧਾਲੂ ਪੁੱਜੇ ਹੋਏ ਸਨ।
No comments:
Post a Comment