Monday, 23 October 2017

ਪੰਜਾਬ ਦੇ ਰਾਜਪਾਲ ਸ੍ਰੀ ਵੀ. ਪੀ. ਸਿੰਘ ਬਦਨੌਰ ਨੇ ਅੱਜ ਸਵਰਗੀ ਰਵਿੰਦਰ ਗੋਸਾਂਈ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

ਲੁਧਿਆਣਾ : ਪੰਜਾਬ ਦੇ ਰਾਜਪਾਲ ਸ੍ਰੀ ਵੀ. ਪੀ. ਸਿੰਘ ਬਦਨੌਰ ਨੇ ਅੱਜ ਸਵਰਗੀ ਰਵਿੰਦਰ ਗੋਸਾਂਈ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਊਨਾ ਨੂੰ ਭਰੋਸਾ ਦਿਵਾਇਆ ਕਿ ਆਰ. ਐੱਸ. ਐੱਸ. ਦੇ ਸਾਬਕਾ ਆਗੂ ਮਰਹੂਮ ਗੋਸਾਂਈ ਦੇ ਕਾਤਲ ਜਲਦ ਹੀ ਸਲਾਖ਼ਾਂ ਦੇ ਪਿੱਛੇ ਹੋਣਗੇ। ਇਸ ਮੌਕੇ ਊਨਾ ਪੁਲਿਸ ਪ੍ਰਸਾਸ਼ਨ ਤੋਂ ਇਸ ਮਾਮਲੇ ਦੀ ਜਾਂਚ ਦੀ ਪ੍ਰਗਤੀ ਬਾਰੇ ਵੀ ਪੁੱਛ ਗਿੱਛ ਕੀਤੀ।
ਦੱਸਣਯੋਗ ਹੈ ਕਿ ਸ੍ਰੀ ਰਵਿੰਦਰ ਗੋਸਾਂਈ ਦਾ ਬੀਤੇ ਦਿਨੀਂ ਸਮਾਜ ਵਿਰੋਧੀ ਅਨਸਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ, ਜਿਸ ਨਾਲ ਸਮਾਜ ਦੇ ਹਰ ਵਰਗ ਵਿੱਚ ਕਾਫੀ ਰੋਸ ਦੀ ਲਹਿਰ ਹੈ। ਇਸ ਮਾਮਲੇ ਸੰਬੰਧੀ ਜਿੱਥੇ ਪੰਜਾਬ ਪੁਲਿਸ ਵੱਲੋਂ ਕਾਤਲਾਂ ਨੂੰ ਫੜਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਉਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਦੀ ਜਾਂਚ ਦਾ ਕੰਮ ਐੱਨ. ਆਈ. ਏ. ਨੂੰ ਸੌਂਪਣ ਦਾ ਵੀ ਐਲਾਨ ਕੀਤਾ ਸੀ। ਮਰਹੂਮ ਗੋਸਾਂਈ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਸ੍ਰੀ ਬਦਨੌਰ ਨੇ ਭਰੋਸਾ ਦਿੱਤਾ ਕਿ ਪੰਜਾਬ ਪੁਲਿਸ ਅਤੇ ਹੋਰ ਜਾਂਚ ਏਜੰਸੀਆਂ ਕਾਤਲਾਂ ਬਾਰੇ ਸੁਰਾਗ ਲੱਭਣ ਲਈ ਲਗਾਤਾਰ ਯਤਨਸ਼ੀਲ ਹਨ, ਕਾਤਲਾਂ ਨੂੰ ਜਲਦ ਹੀ ਕਾਬੂ ਕਰਕੇ ਸਲਾਖ਼ਾਂ ਪਿੱਛੇ ਸੁੱਟਿਆ ਜਾਵੇਗਾ।
ਇਸ ਮੌਕੇ ਊਨਾ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ੍ਰੀ ਆਰ. ਐੱਨ. ਢੋਕੇ ਅਤੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨਾਲ ਵੀ ਮੁਲਾਕਾਤ ਕੀਤੀ ਅਤੇ ਇਸ ਮਾਮਲੇ ਦੀ ਜਾਂਚ ਸੰਬੰਧੀ ਪ੍ਰਗਤੀ ਦਾ ਜਾਇਜ਼ਾ ਲਿਆ। ਊਨਾ ਅਧਿਕਾਰੀਆਂ ਨੂੰ ਕਿਹਾ ਕਿ ਇਸ ਮਾਮਲੇ ਨੂੰ ਬੇਹੱਦ ਗੰਭੀਰਤਾ ਨਾਲ ਲੈਂਦਿਆਂ ਜਾਂਚ ਕੀਤੀ ਜਾਵੇ ਕਿਉਂਕਿ ਇਹ ਮਾਮਲਾ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਨਾਲ ਜੁੜਿਆ ਹੋਇਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲਾ ਅਤੇ ਪੁਲਿਸ ਪ੍ਰਸਾਸ਼ਨ ਦੇ ਸੀਨੀਅਰ ਅਧਿਕਾਰੀ, ਭਾਜਪਾ ਆਗੂ ਸ੍ਰੀ ਰਵਿੰਦਰ ਅਰੋੜਾ, ਸ੍ਰੀ ਵਿਨੀਤ ਜੋਸ਼ੀ ਅਤੇ ਹੋਰ ਵੀ ਹਾਜ਼ਰ ਸਨ।

No comments:

Post a Comment