ਈ.ਓਜ਼ ਤੇ ਬੀ.ਡੀ.ਪੀ.ਓਜ਼ ਨੂੰ ਸਵਾਈਨ ਫਲੂ ਸਬੰਧੀ ਜਾਗਰੂਕਤਾ ਬੈਨਰ ਲਗਵਾਉਣ ਦੀ ਕੀਤੀ ਹਦਾਇਤ
ਸਿਹਤ ਵਿਭਾਗ ਕੋਲ ਸਵਾਈਨ ਫਲੂ ਦੇ ਮਰੀਜਾਂ ਦੇ ਇਲਾਜ ਲਈ ਲੋੜੀਂਦੀਆਂ ਦਵਾਈਆਂ ਮੌਜੂਦ
ਸਵਾਈਨ ਫਲੂ ਸਬੰਧੀ ਕਿਸੇ ਕਿਸਮ ਦੀ ਜਾਣਕਾਰੀ ਲੈਣ ਲਈ ਟੈਲੀਫੋਨ ਨੰ: 01763-232136 'ਤੇ ਕੀਤਾ ਜਾ ਸਕਦੈ ਸੰਪਰਕ
ਫ਼ਤਹਿਗੜ੍ਹ ਸਾਹਿਬ, 3 ਅਕਤੂਬਰ: ਸਵਾਈਨ ਫਲੂ ਇੱਕ ਅਜਿਹੀ ਬਿਮਾਰੀ ਹੈ ਜਿਸ ਦੇ ਮਰੀਜ ਦਾ ਜੇਕਰ ਪਹਿਲੀ ਸਟੇਜ 'ਤੇ ਪਤਾ ਚੱਲ ਜਾਵੇ ਤਾਂ ਮਰੀਜ ਦਾ ਆਸਾਨੀ ਨਾਲ ਇਲਾਜ ਕੀਤਾ ਜਾ ਸਕਦਾ ਹੈ ਅਤੇ ਜੇਕਰ ਕਿਧਰੇ ਇਲਾਜ ਵਿੱਚ ਜਿਆਦਾ ਦੇਰੀ ਹੋ ਜਾਵੇ ਤਾਂ ਮਰੀਜ਼ ਦੀ ਜਾਨ ਬਚਾਉਣ ਵਿੱਚ ਵੀ ਮੁਸ਼ਕਲ ਆ ਸਕਦੀ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਅਮਨਦੀਪ ਬਾਂਸਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਵਾਈਨ ਫਲੂ ਦੀ ਰੋਕਥਾਮ ਸਬੰਧੀ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਇਸ ਲਈ ਹਰੇਕ ਨਾਗਰਿਕ ਨੂੰ ਚਾਹੀਦਾ ਹੈ ਕਿ ਜੇਕਰ ਕਿਸੇ ਨੂੰ ਆਪਣੇ ਘਰ ਜਾਂ ਗੁਆਂਢ 'ਚ ਬਿਮਾਰ ਵਿਅਕਤੀ ਬਾਰੇ ਪਤਾ ਚੱਲੇ ਤਾਂ ਤੁਰੰਤ ਨੇੜਲੇ ਸਿਹਤ ਕੇਂਦਰ ਵਿੱਚ ਜਾਂਚ ਕਰਵਾਉਣ ਲਈ ਭੇਜਣ ਤਾਂ ਜੋ ਸਮੇਂ ਸਿਰ ਇਲਾਜ ਕਰ ਕੇ ਵਿਅਕਤੀ ਦੀ ਜਾਨ ਬਚਾਈ ਜਾ ਸਕੇ। ਉਨ੍ਹਾਂ ਜ਼ਿਲ੍ਹੇ ਦੀਆਂ ਸਮੂਹ ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫਸਰਾਂ ਨੂੰ ਸ਼ਹਿਰਾਂ 'ਚ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਨੂੰ ਪਿੰਡਾਂ ਦੇ ਲੋਕਾਂ ਨੂੰ ਸਵਾਈਨ ਫਲੂ ਤੋਂ ਬਚਾਅ ਸਬੰਧੀ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਈ.ਓਜ਼ ਤੇ ਬੀ.ਡੀ.ਪੀ.ਓਜ਼ ਨੂੰ ਇਹ ਹਦਾਇਤ ਵੀ ਕੀਤੀ ਕਿ ਸ਼ਹਿਰਾਂ ਤੇ ਪਿੰਡਾਂ ਵਿੱਚ ਸਵਾਈਨ ਫਲੂ ਸਬੰਧੀ ਜਾਗਰੂਕਤਾ ਬਾਰੇ ਵਾਲ ਪੇਟਿੰਗ ਜਾਂ ਬੈਨਰ ਲਗਵਾਏ ਜਾਣ।
ਸ਼੍ਰੀ ਬਾਂਸਲ ਨੇ ਸਮੂਹ ਸੀ.ਡੀ.ਪੀ.ਓਜ਼ ਨੂੰ ਹਦਾਇਤ ਕੀਤੀ ਕਿ ਸਿਹਤ ਵਿਭਾਗ ਵੱਲੋਂ ਸਵਾਈਨ ਫਲੂ ਦੇ ਮਰੀਜਾਂ ਬਾਰੇ ਕੀਤੇ ਜਾਣ ਵਾਲੇ ਸਰਵੇ ਵਿੱਚ ਆਂਗਨਵਾੜੀ ਵਰਕਰਾਂ ਨੂੰ ਸਹਿਯੋਗ ਦੇਣ ਲਈ ਹਦਾਇਤ ਕੀਤੀ ਜਾਵੇ ਅਤੇ ਜੇਕਰ ਕਿਸੇ ਆਂਗਣਵਾੜੀ ਸੈਂਟਰ ਦੇ ਨੇੜੇ ਕਿਸੇ ਵਿਅਕਤੀ ਵਿੱਚ ਸਵਾਈਨ ਫਲੂ ਦੇ ਲੱਛਣ ਪਾਏ ਜਾਂਦੇ ਹਨ ਤਾਂ ਤੁਰੰਤ ਨੇੜੇ ਦੀ ਸਿਹਤ ਸੰਸਥਾ ਵਿੱਚ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਸਵੇਰ ਦੀ ਸਭਾ ਵਿੱਚ ਸਵਾਈਨ ਫਲੂ ਬਾਰੇ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਕੂਲ 'ਚ ਪੜ੍ਹਦੇ ਕਿਸੇ ਬੱਚੇ ਵਿੱਚ ਸਵਾਈਨ ਫਲੂ ਦੇ ਲੱਛਣ ਪਾਏ ਜਾਂਦੇ ਹਨ ਤਾਂ ਉਸ ਨੂੰ ਤੁਰੰਤ ਨੇੜਲੇ ਸਿਹਤ ਕੇਂਦਰ ਵਿੱਚ ਇਲਾਜ ਲਈ ਭੇਜਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਾਰਜ ਸਾਧਕ ਅਫਸਰਾਂ ਨੂੰ ਇਹ ਵੀ ਕਿਹਾ ਕਿ ਸ਼ਹਿਰਾਂ ਵਿੱਚ ਨਿਰੰਤਰ ਫੌਗਿੰਗ ਜਾਰੀ ਰੱਖੀ ਜਾਵੇ ਤਾਂ ਜੋ ਮੱਛਰਾਂ ਨਾਲ ਕਿਸੇ ਕਿਸਮ ਦੀ ਬਿਮਾਰੀ ਨਾ ਫੈਲ ਸਕੇ।
ਏ.ਡੀ.ਸੀ. ਨੇ ਸਮੂਹ ਐਸ.ਐਮ.ਓਜ਼ ਨੂੰ ਕਿਹਾ ਕਿ ਰੈਪਿਡ ਰਿਸਪਾਂਸ ਟੀਮਾਂ ਨੂੰ ਹਰ ਸਮੇਂ ਤਿਆਰ ਰੱਖਿਆ ਜਾਵੇ । ਉਨ੍ਹਾਂ ਇਹ ਵੀ ਕਿਹਾ ਕਿ ਸਵਾਈਨ ਫਲੂ ਸਬੰਧੀ ਸਰਵੇ ਕਰਨ ਲਈ ਸਿਹਤ ਵਿਭਾਗ ਦੇ ਐਸ.ਆਈ., ਐਮ.ਪੀ.ਐਚ. ਡਬਲਿਊ ਅਤੇ ਏ.ਐਨ.ਐਮ ਦੀ ਡਿਊਟੀ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਸਵਾਈਨ ਫਲੂ ਸਬੰਧੀ ਨੋਡਲ ਅਫਸਰ ਬਣਾ ਕੇ ਰਿਪੋਰਟ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਭੇਜਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਸਵਾਈਨ ਫਲੂ ਸਬੰਧੀ ਹਦਾਇਤਾਂ ਅਨੁਸਾਰ ਬੀ ਕੈਟਾਗਿਰੀ ਦੇ ਮਰੀਜਾਂ ਦੀ ਰਿਪੋਰਟ ਭੇਜੀ ਜਾਵੇ ਅਤੇ ਹਸਪਤਾਲਾਂ ਵਿੱਚ ਸਵਾਈਨ ਫਲੂ ਸਬੰਧੀ ਜਾਗਰੂਕਤਾ ਬੈਨਰ ਲਗਾਏ ਜਾਣ। ਉਨ੍ਹਾਂ ਜ਼ਿਲ੍ਹੇ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਆਮ ਲੋਕਾਂ ਨੂੰ ਸਵਾਈਨ ਫਲੂ ਸਬੰਧੀ ਜਾਗਰੂਕ ਕਰਨ ਵਿੱਚ ਸਿਹਤ ਵਿਭਾਗ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ ਅਤੇ ਜੇਕਰ ਉਨ੍ਹਾਂ ਨੂੰ ਕਿਸੇ ਵਿਅਕਤੀ ਵਿੱਚ ਸਵਾਈਨ ਫਲੂ ਦੇ ਲੱਛਣ ਲੱਗਦੇ ਹੋਣ ਤਾਂ ਤੁਰੰਤ ਸਿਹਤ ਕੇਂਦਰ ਵਿਖੇ ਭੇਜਿਆ ਜਾਵੇ।
ਇਸ ਮੌਕੇ ਸਿਵਲ ਸਰਜਨ ਡਾ. ਹਰਮਿੰਦਰ ਕੌਰ ਸੋਢੀ ਨੇ ਦੱਸਿਆ ਕਿ ਸਵਾਈਨ ਫਲੂ ਦਾ ਸੰਚਾਰ ਮਨੁੱਖ ਤੋਂ ਮਨੁੱਖ ਨੂੰ ਹਵਾ ਰਾਹੀਂ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਸਵਾਈਨ ਫਲੂ ਇੰਫਲੂਐਂਜਾ ਨੇ ਹੁਣ ਪੰਜਾਬ ਵਿੱਚ ਦਸਤਕ ਦੇ ਦਿੱਤੀ ਹੈ ਪ੍ਰੰਤੂ ਖਤਰੇ ਦੀ ਕੋਈ ਗੱਲ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਵਾਈਨ ਫਲੂ ਦੇ ਮਰੀਜਾਂ ਲਈ ਲੋੜੀਂਦੀਆਂ ਦਵਾਈਆਂ ਦਾ ਪ੍ਰਬੰਧ ਕਰ ਲਿਆ ਗਿਆ ਹੈ ਅਤੇ ਇਸ ਬਿਮਾਰੀ ਨੂੰ ਰੋਕਣ ਲਈ ਲਗਾਤਾਰ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਵਾਈਨ ਫਲੂ ਦੇ ਲੱਛਣਾ ਵਿੱਚ ਬੁਖਾਰ, ਖਾਂਸੀ, ਗਲਾ ਦੁਖਣਾ, ਡਾਇਰੀਆ, ਉਲਟੀਆਂ ਅਤੇ ਸਾਹ ਆਉਣ ਵਿੱਚ ਤਕਲੀਫ ਹੋਣਾ ਸ਼ਾਮਲ ਹਨ। ਜੇਕਰ ਜ਼ਿਲ੍ਹੇ ਦੇ ਕਿਸੇ ਵੀ ਨਾਗਰਿਕ ਨੂੰ ਆਪਣੇ ਘਰ ਵਿੱਚ ਜਾਂ ਆਂਢ-ਗੁਆਂਢ ਵਿੱਚ ਅਜਿਹਾ ਮਾਮਲਾ ਵੇਖਣ ਨੂੰ ਮਿਲਦਾ ਹੈ ਜਾਂ ਪਿਛਲੇ 10 ਦਿਨਾਂ ਦੌਰਾਨ ਵਿਦੇਸ਼ਾਂ ਤੋਂ ਆਏ ਵਿਅਕਤੀਆਂ ਬਾਰੇ ਤੁਰੰਤ ਸਰਕਾਰੀ ਸਿਹਤ ਕੇਂਦਰਾਂ ਜਾਂ ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਸਵਾਈਨ ਫਲੂ ਤੋਂ ਬਚਣ ਲਈ ਖੰਘਦੇ ਜਾਂ ਛਿੱਕਦੇ ਹੋਏ ਆਪਣਾ ਮੂੰਹ ਤੇ ਨੱਕ ਰੁਮਾਲ ਨਾਲ ਢੱਕ ਕੇ ਰੱਖੋ, ਆਪਣਾ ਨੱਕ, ਮੂੰਹ ਅਤੇ ਅੱਖਾਂ ਸਾਫ ਕਰਨ ਤੋਂ ਬਾਅਦ ਆਪਣੇ ਹੱਥ ਸਾਬਣ ਨਾਲ ਸਾਫ ਕਰਨੇ ਯਕੀਨੀ ਬਣਾਏ ਜਾਣ। ਉਨ੍ਹਾਂ ਹੋਰ ਦੱਸਿਆ ਕਿ ਸਵਾਈਨ ਫਲੂ ਤੋਂ ਬਚਣ ਲਈ ਸਮੂਹਿਕ ਇਕੱਠ ਤੋਂ ਦੂਰ ਰਹਿਣਾ ਚਾਹੀਦਾ ਹੈ। ਖੰਘ, ਵਗਦੀ ਨੱਕ, ਛਿੱਕਾਂ ਅਤੇ ਬੁਖਾਰ ਨਾਲ ਪੀੜ੍ਹਤ ਵਿਅਕਤੀ ਤੋਂ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ, ਪੂਰੀ ਨੀਂਦ ਲੈਣੀ ਚਾਹੀਦੀ ਹੈ ਤੇ ਸਰੀਰਕ ਤੌਰ 'ਤੇ ਚੁਸਤ ਦਰੁਸਤ ਰਹਿਣ ਲਈ ਤਣਾਅ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਿਆ ਜਾਣਾ ਚਾਹੀਦਾ ਹੈ ਅਤੇ ਸਵਾਈਨ ਫਲੂ ਤੋਂ ਬਚਣ ਲਈ ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਹੈ ਤੇ ਪੌਸ਼ਟਿਕ ਆਹਾਰ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਵਾਈਨ ਫਲੂ ਸਬੰਧੀ ਕਿਸੇ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਉਨ੍ਹਾਂ ਦੇ ਦਫ਼ਤਰ ਦੇ ਟੈਲੀਫੋਨ ਨੰਬਰ 01763-232136 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਮੀਟਿੰਗ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ਼੍ਰੀਮਤੀ ਪਰਮਜੀਤ ਕੌਰ ਸਿੱਧੂ, ਆਈ.ਐਮ.ਏ. ਦੇ ਪ੍ਰਧਾਨ ਡਾ. ਅਮਰਪ੍ਰੀਤ ਸਿੰਘ, ਡਾ. ਹਰਬੀਰ ਸਿੰਘ, ਡਾ. ਬਿਮਲਾ ਚਾਲੀਆ, ਡਾ. ਸੰਦੀਪ ਸਿੰਘ, ਡਾ. ਕ੍ਰਿਸ਼ਨ ਸਿੰਘ, ਡਾ. ਸਰਬਜੀਤ ਸਿੰਘ, ਡਾ. ਹਰਭਜਨ ਰਾਮ, ਡਾ. ਆਰ.ਐਸ. ਭਾਟੀਆ ਤੇ ਡਾ. ਰਸ਼ਮੀ ਤੋਂ ਇਲਾਵਾ ਸਮੂਹ ਕਾਰਜ ਸਾਧਕ ਅਫਸਰ, ਬਲਾਕ ਵਿਕਾਸ ਤੇ ਪੰਚਾਇਤ ਅਫਸਰ ਤੇ ਸੀ.ਡੀ.ਪੀ.ਓਜ਼ ਨੇ ਸ਼ਿਰਕਤ ਕੀਤੀ।
No comments:
Post a Comment