20 ਮਰੀਜਾਂ ਦਾ ਕੀਤਾ ਗਿਆ ਸਿਵਲ ਹਸਪਤਾਲ ਬਰਨਾਲਾ ਵਿਖੇ ਮੁਫ਼ਤ ਆਪ੍ਰੇਸ਼ਨ
ਦਵਾਈਆਂ ਤੇ ਹੋਣ ਵਾਲਾ ਸਾਰਾ ਖਰਚ ਰੈੱਡ ਕਰਾਸ ਸੁਸਾਇਟੀ ਵੱਲੋਂ ਕੀਤਾ ਗਿਆ
ਤਿਉਹਾਰਾਂ ਦੇ ਸੀਜਨ ਤੋਂ ਬਾਅਦ ਲਗਾਏ ਜਾਣਗੇ ਵੱਖ-ਵੱਖ ਪਿੰਡਾਂ 'ਚ ਸਕਰੀਨਿੰਗ ਕੈਂਪ
ਬਰਨਾਲਾ, 8 ਅਕਤੂਬਰ : ਗਰੀਬ ਤੇ ਜਰੂਰਤਮੰਦ ਲੋਕਾਂ ਨੂੰ ਬਿਹਤਰ ਅਤੇ ਮੁਫ਼ਤ ਸਿਹਤ ਸਹੂਲਤਾਂ ਮੁਹੱਈਆਂ ਕਰਵਾਉਣ ਦੇ ਮੰਤਵ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਅਤੇ ਸਿਹਤ ਵਿਭਾਗ ਬਰਨਾਲਾ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਨਵੀਂ ਰੋਸ਼ਨੀ ਸਕੀਮ ਦਾ ਲੋਕਾਂ ਨੂੰ ਭਰਪੂਰ ਲਾਭ ਮਿਲ ਰਿਹਾ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਘਣਸ਼ਿਆਮ ਥੋਰੀ ਨੇ ਦੱਸਿਆ ਕਿ 20 ਸਤੰਬਰ 2017 ਤੋਂ 30 ਸਤੰਬਰ 2017 ਤੱਕ ਵੱਖ ਵੱਖ ਪਿੰਡਾਂ ਵਿੱਚ ਅੱਖਾਂ ਦੇ ਮੋਤੀਆਬਿੰਦ ਦੇ ਮਰੀਜ਼ਾਂ ਦੀ ਪਹਿਚਾਣ ਕਰਨ ਲਈ ਸਕਰੀਨਿੰਗ ਕੈਂਪ ਲਗਾ ਕੇ 1540 ਮਰੀਜਾਂ ਦੀ ਜਾਂਚ ਕੀਤੀ ਗਈ ਹੈ। ਜਿੰਨ੍ਹਾਂ ਵਿੱਚੋਂ 137 ਮੋਤੀਆਬਿੰਦ ਦੇ ਮਰੀਜ ਪਾਏ ਗਏ, ਅਤੇ 20 ਮਰੀਜਾਂ ਦਾ ਆਪ੍ਰੇਸ਼ਨ ਸਿਵਲ ਹਸਪਤਾਲ ਬਰਨਾਲਾ ਵਿਖੇ ਕੀਤਾ ਗਿਆ ਅਤੇ ਇਸ ਦੌਰਾਨ ਦਵਾਈਆਂ ਤੇ ਹੋਣ ਵਾਲਾ ਸਾਰਾ ਖਰਚ ਰੈੱਡ ਕਰਾਸ ਸੁਸਾਇਟੀ ਵੱਲੋਂ ਕੀਤਾ ਗਿਆ। ਉਹਨਾਂ ਦੱਸਿਆ ਕਿ ''ਰੋਸ਼ਨੀ ਸਕੀਮ'' ਤਹਿਤ ਜਿਲ੍ਹੇ ਦੇ 100 ਫੀਸਦੀ ਮਰੀਜ਼ਾ ਨੂੰ ਮੋਤੀਆਬਿੰਦ ਦੀ ਬਿਮਾਰੀ ਤੋਂ ਨਿਜਾਤ ਦਵਾਈ ਜਾਵੇਗੀ।
ਡਿਪਟੀ ਕਮਿਸ਼ਨਰ ਸ਼੍ਰੀ ਥੋਰੀ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜਨ ਤੋਂ ਬਾਅਦ ਨਵੀਂ ਰੋਸ਼ਨੀ ਸਕੀਮ ਤਹਿਤ ਰੈੱਡ ਕਰਾਸ ਸੁਸਾਇਟੀ ਅਤੇ ਸਿਹਤ ਵਿਭਾਗ ਬਰਨਾਲਾ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਹੋਰ ਸਕਰੀਨਿੰਗ ਕੈਂਪ ਲਗਾ ਕੇ ਅੱਖਾਂ 'ਚ ਮੋਤੀਆਬਿੰਦ ਦੇ ਮਰੀਜਾਂ ਦੀ ਪਹਿਚਾਣ ਕਰਨਗੇ ਅਤੇ ਅੱਖਾਂ ਦੇ ਮੁਫ਼ਤ ਅਪਰੇਸ਼ਨ ਸਿਵਲ ਹਸਪਤਾਲ ਬਰਨਾਲਾ ਵਿਖੇ ਕੀਤੇ ਜਾਣਗੇ। ਸ਼੍ਰੀ ਥੋਰੀ ਨੇ ਕਿਹਾ ਕਿ ਇਹ ਸਕਰੀਨਿੰਗ ਕੈਂਪ 31 ਮਾਰਚ 2018 ਤੱਕ ਲਗਾਏ ਜਾਣਗੇ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇੰਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾ ਕੇ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਉਣ।
ਡਿਪਟੀ ਕਮਿਸ਼ਨਰ ਸ਼੍ਰੀ ਥੋਰੀ ਨੇ ਕਿਹਾ ਕਿ ਰੋਸ਼ਨੀ ਸਕੀਮ ਤਹਿਤ 5 ਹੈਲਥ ਬਲਾਕ ਉੱਤੇ ਛੇ ਆਫਥੈਲਮਿਕ ਅਫਸਰ ਚਰਨਜੀਤ ਸਿੰਘ, ਕਰਮਜੀਤ ਸਿੰਘ, ਯੋਗਰਾਜ, ਰਾਜ ਕੁਮਾਰ, ਸਿੰਗਾਰਾ ਸਿੰਘ ਅਤੇ ਸੁਰੇਸ਼ ਰਾਣੀ ਆਪਣੇ-ਆਪਣੇ ਬਲਾਕ ਵਿੱਚ ਇਹ ਸਕਰੀਨਿੰਗ ਕੈਂਪ ਲਗਾਉਣਗੇ ਅਤੇ ਮੋਤੀਆਬਿੰਦ ਦੀ ਬਿਮਾਰੀ ਤੋਂ ਪੀੜਤ ਮਰੀਜਾਂ ਦੀ ਪਹਿਚਾਣ ਕਰਨਗੇ। ਇਸ ਉਪਰੰਤ ਮੋਤੀਆਬਿੰਦ ਦੀ ਬਿਮਾਰੀ ਤੋਂ ਪੀੜਤ ਮਰੀਜਾਂ ਦੇ ਅਪ੍ਰੇਸ਼ਨ ਡਾ. ਅਵਿਨਾਸ਼ ਬਾਂਸਲ, ਡਾ. ਇੰਦੂ ਅਤੇ ਡਾ. ਸੋਨਿਕਾ ਸਿਵਲ ਹਸਪਤਾਲ ਬਰਨਾਲਾ ਵਿਖੇ ਕਰਨਗੇ ਅਤੇ ਇਸ ਦੌਰਾਨ ਦਵਾਈਆਂ ਤੇ ਹੋਣ ਵਾਲਾ ਸਾਰਾ ਖਰਚ ਰੈੱਡ ਕਰਾਸ ਸੁਸਾਇਟੀ ਵੱਲੋਂ ਕੀਤਾ ਜਾਵੇਗਾ।
No comments:
Post a Comment