Tuesday, 3 October 2017

ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਨੂੰ ਮਿਲਿਆ ' ਸਵੱਛਤਾ ਦਰਪਣ ' ਵਿੱਚ ਦੇਸ਼ ਦਾ ਪਹਿਲਾ ਜ਼ਿਲ੍ਹਾ ਹੋਣ ਦਾ ਮਾਣ: ਬਰਾੜ

ਦੇਸ਼ ਦਾ ਨੰਬਰ ਇੱਕ ਜ਼ਿਲ੍ਹਾ ਬਣਨ 'ਤੇ ਕੇਂਦਰੀ ਰਾਜ ਮੰਤਰੀ ਆਹਲੂਵਾਲੀਆ ਨੇ ਵਿਗਿਆਨ ਭਵਨ ਵਿਖੇ ਡੀ.ਸੀ. ਬਰਾੜ ਨੂੰ ਕੀਤਾ ਸਨਮਾਨਤ
ਡੀ.ਸੀ. ਨੇ ਸਵੱਛਤਾ ਮਿਸ਼ਨ ਵਿੱਚ ਉਸਾਰੂ ਯੋਗਦਾਨ ਪਾਉਣ ਲਈ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ, ਮੋਟੀਵੇਟਰਾਂ, ਮੀਡੀਆ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਕੀਤੀ ਸ਼ਲਾਘਾ

ਫ਼ਤਹਿਗੜ੍ਹ ਸਾਹਿਬ, 3 ਅਕਤੂਬਰ: ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪੇਂਡੂ ਖੇਤਰ ਨੂੰ ਖੁਲੇ ਵਿੱਚ ਪਖਾਨੇ ਜਾਣ ਤੋਂ ਮੁਕਤ ਕਰਨ ਲਈ  ਜੁਲਾਈ, 2015 ਤੋਂ ਸ਼ੁਰੂ ਕੀਤੇ ਗਏ ' ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ' ਅਧੀਨ ਚਲਾਈ ਗਈ ਸਵੱਛਤਾ ਮੁਹਿੰਮ ਦੌਰਾਨ ਜ਼ਿਲ੍ਹੇ ਦੇ ਸਾਰੇ 440 ਪਿੰਡ 14 ਜੁਲਾਈ, 2016 ਤੱਕ ਓ.ਡੀ.ਐਫ. ਘੋਸ਼ਿਤ ਕਰ ਦਿੱਤੇ ਗਏ ਸਨ। ਜਿਸ ਨਾਲ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਨੂੰ ਪੰਜਾਬ ਵਿੱਚ ਪਹਿਲਾ ਤੇ ਸਮੁੱਚੇ ਭਾਰਤ ਵਿੱਚ ਪੇਂਡੂ ਖੇਤਰ ਵਾਲਾ ਖੁਲ੍ਹੇ ਵਿੱਚ ਪਖਾਨੇ ਜਾਣ ਤੋਂ ਮੁਕਤ ਹੋਣ ਦਾ 17ਵਾਂ ਸਥਾਨ ਪ੍ਰਾਪਤ ਹੋਇਆ। ਇਸ ਮਿਸ਼ਨ ਦਾ ਮੁੱਖ ਮੰਤਵ ਲੋਕਾਂ ਦੇ ਵਿਵਹਾਰ ਵਿੱਚ ਤਬਦੀਲੀ ਲਿਆਉਣਾ ਸੀ, ਜਿਸ ਨਾਲ ਪਖਾਨਿਆਂ ਦੀ ਉਸਾਰੀ ਦੇ ਨਾਲ-ਨਾਲ ਲੋਕਾਂ ਨੂੰ ਇਨ੍ਹਾਂ ਪਖਾਨਿਆਂ ਦੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਸਮਾਜਿਕ ਗਤੀਵਿਧੀਆਂ ਰਾਹੀਂ ਵੱਧ ਤੋਂ ਵੱਧ ਜਾਗਰੂਕ ਕੀਤਾ ਗਿਆ। ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨੂੰ ਖੁਲੇ ਵਿੱਚ ਪਖਾਨੇ ਜਾਣ ਤੋਂ ਮੁਕਤ ਕਰਨ ਉਪਰੰਤ ਇਸ ਪ੍ਰਾਪਤੀ ਨੂੰ ਲਗਾਤਾਰ ਬਰਕਰਾਰ ਰੱਖਣ ਲਈ ਇੱਕ ਸਾਲ ਸਸਟੇਨੇਬਿਲਟੀ ਨਾਲ ਸਬੰਧਤ ਸਮਾਜਿਕ ਗਤੀਵਿਧੀਆਂ ਕੀਤੀਆਂ ਗਈਆਂ ਜਿਸ ਰਾਹੀਂ ਪੂਰੇ ਦੇਸ਼ ਸਾਹਮਣੇ ਇੱਕ ਮਿਸਾਲ ਪੇਸ਼ ਕੀਤੀ ਗਈ, ਜਦੋਂ ਕਿ ਇਨ੍ਹਾਂ ਗਤੀਵਿਧੀਆਂ ਲਈ ਸਿਰਫ 6 ਮਹੀਨੇ ਦਾ ਸਮਾਂ ਦਿੱਤਾ ਗਿਆ ਸੀ।
ਭਾਰਤ ਸਰਕਾਰ ਦੇ ਜਲ ਸਪਲਾਈ ਤੇ ਸਵੱਛਤਾ ਮੰਤਰਾਲੇ ਵੱਲੋਂ ਜੁਲਾਈ 2017 ਤੋਂ ਸਵੱਛਤਾ ਦਰਪਣ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਸ ਵਿੱਚ ਭਾਰਤ ਦੇ ਸਾਰੇ ਜ਼ਿਲ੍ਹਿਆਂ ਦੁਆਰਾ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਅਧੀਨ ਕੀਤੀਆਂ ਗਈਆਂ ਵੱਖ-ਵੱਖ ਗਤੀਵਿਧੀਆਂ ਦਾ ਮੁਲਾਂਕਣ ਕੀਤਾ ਗਿਆ। ਜਿਸ ਵਿੱਚ ਨਿੱਜੀ ਘਰਾਂ ਵਿੱਚ ਬਣੇ ਪਖਾਨਿਆਂ ਦੀ ਕਵਰੇਜ, ਓ.ਡੀ.ਐਫ. ਕਵਰੇਜ, ਓ.ਡੀ.ਐਫ. ਕਵਰੇਜ ਮਿਸਿੰਗ ਹਾਊਸ ਹੋਲਡ, ਨਾ ਵਰਤੋਂਯੋਗ ਪਖਾਨੇ ਚਾਲੂ ਕਰਨ ਦੇ 50 ਨੰਬਰ, ਓ.ਡੀ.ਐਫ. ਨੂੰ ਲਗਾਤਾਰ ਬਰਕਰਾਰ ਰੱਖਣ ਦੇ 15 ਨੰਬਰ ਅਤੇ ਕੰਮ ਦੀ ਪਾਰਦਰਸ਼ਤਾ ਦੇ 25 ਨੰਬਰ (ਕੁੱਲ 90 ਨੰਬਰ) ਰੱਖੇ ਗਏ ਸਨ। ਪ੍ਰੋਗਰਾਮ ਦੇ ਸ਼ੁਰੂ ਵਿੱਚ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦਾ ਰਾਸ਼ਟਰ ਪੱਧਰ 'ਤੇ 158ਵਾਂ ਅਤੇ ਰਾਜ ਪੱਧਰ 'ਤੇ 7ਵਾਂ ਸਥਾਨ ਸੀ, ਪ੍ਰੰਤੂ ਇੱਕ ਹਫਤੇ ਦੇ ਵਿੱਚ-ਵਿੱਚ ਹੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨੇ ਇਹ ਸਾਰੀਆਂ ਗਤੀਵਿਧੀਆਂ ਮੁਕੰਮਲ ਕਰਕੇ 90 ਵਿੱਚੋਂ 90 ਅੰਕ ਪ੍ਰਾਪਤ ਕੀਤੇ ਅਤੇ ਕੌਮੀ ਪੱਧਰ 'ਤੇ ਪਹਿਲਾ ਅਤੇ ਰਾਜ ਪੱਧਰ 'ਤੇ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਉਪਲਬਧੀ ਨੂੰ ਮੁੱਖ ਰੱਖਦਿਆਂ ਭਾਰਤ ਸਰਕਾਰ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਰਾਜ ਮੰਤਰੀ ਸ. ਐਸ.ਐਸ. ਆਹਲੂਵਾਲੀਆ ਨੇ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਇੱਕ ਵਿਸ਼ੇਸ਼ ਸਮਾਗਮ ਦੌਰਾਨ 2 ਅਕਤੂਬਰ ਨੂੰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਕੰਵਲਪ੍ਰੀਤ ਬਰਾੜ ਅਤੇ ਜ਼ਿਲ੍ਹਾ ਸੈਨੀਟੇਸ਼ਨ ਅਫਸਰ-ਕਮ-ਕਾਰਜਕਾਰੀ ਇੰਜਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਇੰਜ: ਬਲਬੀਰ ਸਿੰਘ ਨੂੰ ਸਵੱਛਤਾ ਦਰਪਣ ਅਵਾਰਡ ਨਾਲ ਸਨਮਾਨਤ ਕੀਤਾ ਗਿਆ।
ਸਵੱਛਤਾ ਦਰਪਣ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਾੜ ਨੇ ਕਿਹਾ ਕਿ ਭਾਵੇਂ ਕਿ ਏਨੀ ਜਲਦੀ ਜ਼ਿਲ੍ਹੇ ਨੂੰ ਦੇਸ਼ ਦੇ ਹੋਰਨਾਂ ਜ਼ਿਲ੍ਹਿਆਂ ਤੋਂ ਅੱਗੇ ਲੈ ਜਾਣਾ ਕੋਈ ਸੌਖਾ ਕੰਮ ਨਹੀਂ ਸੀ ਪ੍ਰੰਤੂ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਦੇ ਜਾਗਰੂਕ ਲੋਕਾਂ, ਪਿੰਡਾਂ ਦੀਆਂ ਪੰਚਾਇਤਾਂ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ, ਕਰਮਚਾਰੀਆਂ ਤੇ ਮੋਟੀਵੇਟਰਾਂ ਵੱਲੋਂ ਕੀਤੇ ਗਏ ਸ਼ਲਾਘਾਯੋਗ ਯਤਨਾ ਸਦਕਾ ਹੀ ਜ਼ਿਲ੍ਹੇ ਨੂੰ ਇਹ ਮਾਣ ਹਾਸਲ ਹੋਇਆ ਹੈ। ਉਨ੍ਹਾਂ ਸਵੱਛਤਾ ਅਭਿਆਨ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਵਿਭਾਗਾਂ ਤੇ ਵਿਸ਼ੇਸ਼ ਤੌਰ 'ਤੇ ਮੀਡੀਆ ਤੋਂ ਮਿਲੇ ਭਰਵੇਂ ਸਹਿਯੋਗ ਦੀ ਵੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਕੋਈ ਵੀ ਕੰਮ ਉਦੋਂ ਤੱਕ ਸਫਲਤਾ ਪੂਰਵਕ ਸਿਰੇ ਨਹੀਂ ਚੜ੍ਹ ਸਕਦਾ ਜੇਕਰ ਮੀਡੀਆ ਉਸ ਵਿੱਚ ਉਸਾਰੂ ਸਹਿਯੋਗ ਨਾ ਦੇਵੇ। ਉਨ੍ਹਾਂ ਦੱਸਿਆ ਕਿ 15 ਸਤੰਬਰ ਤੋਂ 2 ਅਕਤੂਬਰ ਤੱਕ ' ਸਵੱਛਤਾ ਹੀ ਸੇਵਾ ' ਵਿਸ਼ੇ 'ਤੇ ਮਨਾਏ ਗਏ ਪੰਦਰਵਾੜੇ ਵਿੱਚ ਵੀ ਜ਼ਿਲ੍ਹੇ ਦੇ ਲੋਕਾਂ ਨੇ ਜੋ ਉਸਾਰੂ ਸਹਿਯੋਗ ਦੇ ਕੇ ਸਵੱਛਤਾ ਨੂੰ ਇੱਕ ਲੋਕ ਲਹਿਰ ਬਣਾਉਣ ਵਿੱਚ ਯੋਗਦਾਨ ਪਾਇਆ ਉਹ ਵੀ ਸ਼ਲਾਘਾਯੋਗ ਕਦਮ ਹੈ।
ਸ਼੍ਰੀਮਤੀ ਬਰਾੜ ਨੇ ਦੱਸਿਆ ਕਿ ਸਵੱਛ ਭਾਰਤ ਗ੍ਰਾਮੀਣ ਮਿਸ਼ਨ ਅਧੀਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਕਰਵਾਏ ਗਏ ਸਰਵੇ ਮੁਤਾਬਕ 12,570 ਅਜਿਹੇ ਘਰ ਪਾਏ ਗਏ ਜਿਥੇ ਕਿ ਪਖਾਨੇ ਨਹੀਂ ਬਣੇ ਹੋਏ ਸਨ। ਉਨ੍ਹਾਂ ਦੱਸਿਆ ਕਿ ਇਹ ਪਖਾਨੇ ਬਣਾਉਣ ਲਈ ਲਗਭਗ 20 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਬਣਾਏ ਗਏ ਬਾਥ-ਕਮ-ਟਾਇਲਟ ਦੇ ਮਾਡਲ ਨੂੰ ਏਨੀ ਵੱਡੀ ਪੱਧਰ 'ਤੇ ਸਰਾਹਨਾ ਮਿਲੀ ਕਿ ਲੋਕਾਂ ਨੇ ਸਰਕਾਰ ਵੱਲੋਂ ਦਿੱਤੇ ਜਾਂਦੇ 15 ਹਜਾਰ ਰੁਪਏ ਵਿੱਚ ਆਪਣੇ ਨਿੱਜੀ ਤੌਰ 'ਤੇ ਹੋਰ ਪੈਸੇ ਪਾ ਕੇ ਆਪਣੇ ਘਰਾਂ ਵਿੱਚ ਬਾਥ-ਕਮ-ਟਾਇਲਟ ਬਣਾਏ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਭਾਵੇਂ ਕਿ ਸਵੱਛਤਾ ਦਰਪਣ ਵਿੱਚ ਇਹ ਜ਼ਿਲ੍ਹਾ ਦੇਸ਼ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ ਪ੍ਰੰਤੂ ਇਸ ਨੂੰ ਬਰਕਰਾਰ ਰੱਖਣ ਲਈ ਲੋਕਾਂ ਦੇ ਸਹਿਯੋਗ ਦੀ ਹਮੇਸ਼ਾਂ ਜਰੂਰਤ ਰਹੇਗੀ। ਇਸ ਲਈ ਸਾਨੂੰ ਸਭ ਨੂੰ ਸਾਫ ਸਫਾਈ ਰੱਖਣ ਦੀ ਆਦਤ ਅਪਣਾਉਣੀ ਚਾਹੀਦੀ ਹੈ ਤਾਂ ਜੋ ਸਾਡਾ ਜ਼ਿਲ੍ਹਾ ਇਸੇ ਤਰ੍ਹਾਂ ਦੇਸ਼ ਦਾ ਮੋਹਰੀ ਜ਼ਿਲ੍ਹਾ ਬਣਿਆਂ ਰਹੇ।

ਕੈਪਸ਼ਨ:
ਭਾਰਤ ਸਰਕਾਰ ਦੇ ਸੈਨੀਟੇਸ਼ਨ ਵਿਭਾਗ ਦੇ ਰਾਜ ਮੰਤਰੀ ਸ਼੍ਰੀ ਐਸ.ਐਸ. ਆਹਲੂਵਾਲੀਆ, ਵਿਗਿਆਨ ਭਵਨ ਨਵੀਂ ਦਿੱਲੀ ਵਿਖੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ' ਸਵੱਛਤਾ ਦਰਪਣ ' ਵਿੱਚ ਦੇਸ਼ ਭਰ ਵਿੱਚੋਂ ਪਹਿਲੇ ਸਥਾਨ 'ਤੇ ਆਉਣ ਲਈ ਡਿਪਟੀ ਕਮਿਸ਼ਨਰ ਕੰਵਲਪ੍ਰੀਤ ਬਰਾੜ ਨੂੰ ਸਨਮਾਨਤ ਕਰਦੇ ਹੋਏ।

No comments:

Post a Comment