ਪਲਾਸਟਿਕ ਉਤਪਾਦ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਇਮਾਰਤ ਢਹੀ
ਰਾਹਤ ਕਾਰਜ ਜਾਰੀ, ਸਿਹਤ ਮੰਤਰੀ ਸਮੇਤ ਕਈ ਸਖ਼ਸ਼ੀਅਤਾਂ ਵੱਲੋਂ ਸਥਿਤੀ ਦਾ ਜਾਇਜ਼ਾ
ਲੁਧਿਆਣਾ,( News TODAY | MEDIA HOUSE ) : ਸਥਾਨਕ ਸੋਫੀਆ ਚੌਕ ਵਿਖੇ ਪਲਾਸਟਿਕ ਉਤਪਾਦ ਨਾਲ ਸੰਬੰਧਤ ਇੱਕ ਫੈਕਟਰੀ ਵਿੱਚ ਅੱਜ ਸਵੇਰੇ ਭਿਆਨਕ ਅੱਗ ਲੱਗਣ ਨਾਲ ਜਿੱਥੇ ਪੰਜ ਮੰਜਿਲਾਂ ਇਮਾਰਤ ਢਹਿ ਢੇਰੀ ਹੋ ਗਈ, ਉਥੇ ਹੀ ਇਸ ਇਮਾਰਤ ਵਿੱਚ ਕਈ ਵਿਅਕਤੀਆਂ ਦੇ ਫਸੇ ਹੋਣ ਦਾ ਖਦਸ਼ਾ ਹੈ। ਘਟਨਾ ਸਥਾਨ ‘ਤੇ ਰਾਹਤ ਕਾਰਜ ਜਾਰੀ ਹਨ ਅਤੇ ਇਮਾਰਤ ਵਿੱਚ ਫਸੇ ਵਿਅਕਤੀਆਂ ਨੂੰ ਕੱਢਣ ਲਈ ਲਗਾਤਾਰ ਉਪਰਾਲੇ ਜਾਰੀ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਅੱਜ ਸਵੇਰੇ 8 ਵਜੇ ਦੇ ਕਰੀਬ ਇਸ ਇਮਾਰਤ ਵਿੱਚ ਅਚਾਨਕ ਅੱਗ ਲੱਗ ਗਈ, ਜੋ ਕਿ ਥੋਡ਼ੇ ਸਮੇਂ ਵਿੱਚ ਹੀ ਵਿਕਰਾਲ ਰੂਪ ਧਾਰਨ ਕਰ ਗਈ। ਘਟਨਾ ਦਾ ਪਤਾ ਲੱਗਣ ‘ਤੇ ਫਾਇਰ ਬ੍ਰਿਗੇਡ ਦੀਆਂ 10 ਦੇ ਕਰੀਬ ਗੱਡੀਆਂ ਵੱਲੋਂ ਅੱਗ ਨੂੰ ਕਾਬੂ ਪਾਉਣ ਲਈ ਲਗਾਤਾਰ ਮੁਸ਼ੱਕਤ ਕੀਤੀ ਜਾ ਰਹੀ ਸੀ ਕਿ ਕਰੀਬ 11.30 ਵਜੇ ਦੇ ਕਰੀਬ ਇਸ ਇਮਾਰਤ ਵਿੱਚ ਵੱਡਾ ਧਮਾਕਾ ਹੋਇਆ, ਜਿਸ ਨਾਲ ਇਹ ਇਮਾਰਤ ਪੂਰੀ ਤਰਾਂ ਢਹਿ ਢੇਰੀ ਹੋ ਗਈ।
ਧਮਾਕਾ ਹੋਣ ਵੇਲੇ ਫਾਇਰ ਬ੍ਰਿਗੇਡ ਦਸਤੇ ਦੇ ਮੁਲਾਜ਼ਮ ਅਤੇ ਸਥਾਨਕ ਲੋਕ ਇਮਾਰਤ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਯਤਨ ਕਰ ਰਹੇ ਸਨ। ਇਮਾਰਤ ਡਿੱਗਣ ਨਾਲ 20 ਦੇ ਕਰੀਬ ਵਿਅਕਤੀਆਂ ਦੇ ਇਮਾਰਤ ਦੇ ਮਲਬੇ ਵਿੱਚ ਦੱਬੇ ਜਾਣ ਦਾ ਖਦਸ਼ਾ ਹੈ। ਖ਼ਬਰ ਲਿਖੇ ਜਾਣ ਤੱਕ ਘਟਨਾ ਸਥਾਨ ‘ਤੇ ਰਾਹਤ ਕਾਰਜ ਪੂਰੀ ਤਰਾਂ ਜਾਰੀ ਸਨ, ਜਿਨਾਂ ਦੀ ਨਿਗਰਾਨੀ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ, ਕਮਿਸ਼ਨਰ ਪੁਲਿਸ ਆਰ. ਐੱਨ. ਢੋਕੇ, ਨਗਰ ਨਿਗਮ ਕਮਿਸ਼ਨਰ ਜਸਕਿਰਨ ਸਿੰਘ, ਡਿਪਟੀ ਕਮਿਸ਼ਨਰ ਪੁਲਿਸ ਧਿਰੂਮਨ ਨਿੰਬਲੇ ਅਤੇ ਹੋਰ ਸੀਨੀਅਰ ਅਧਿਕਾਰੀ ਖੁਦ ਕਰ ਰਹੇ ਸਨ।
ਇਸ ਦੌਰਾਨ ਘਟਨਾ ਦਾ ਪਤਾ ਲੱਗਣ ‘ਤੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ, ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ, ਸੁਰਿੰਦਰ ਡਾਬਰ, ਭਾਰਤ ਭੂਸ਼ਣ ਆਸ਼ੂ, ਸੰਜੇ ਤਲਵਾਡ਼, ਸ੍ਰ. ਸਿਮਰਜੀਤ ਸਿੰਘ ਬੈਂਸ, ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਰਾਜੀਵ ਭੱਲਾ, ਜ਼ਿਲਾ ਯੂਥ ਕਾਂਗਰਸ ਪ੍ਰਧਾਨ ਰਾਜੀਵ ਰਾਜਾ, ਜ਼ਿਲਾ ਕਾਂਗਰਸ ਪ੍ਰਧਾਨ ਗੁਰਪ੍ਰੀਤ ਗੋਗੀ ਤੇ ਗੁਰਦੇਵ ਸਿੰਘ ਲਾਪਰਾਂ, ਪੰਕਜ਼ ਖੰਨਾ ਅਤੇ ਹੋਰ ਕਈ ਪ੍ਰਮੁੱਖ ਸਖ਼ਸ਼ੀਅਤਾਂ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਜ਼ਿਲਾ ਪ੍ਰਸਾਸ਼ਨ ਵੱਲੋਂ ਰਾਹਤ ਕਾਰਜ ਪੂਰੀ ਤਰਾਂ ਜਾਰੀ ਹਨ।
No comments:
Post a Comment