Saturday 18 November 2017

2 ਕਰੋੜ 92 ਲੱਖ ਦੀ ਲਾਗਤ ਨਾਲ ਤਿਆਰ ਕੀਤਾ ਪੰਜਾਬ ਦਾ ਪਹਿਲਾ ਸਹਿਕਾਰਤਾ ਭਵਨ 19 ਨਵੰਬਰ ਨੂੰ ਹੋਵੇਗਾ ਲੋਕ ਅਰਪਣ-ਬਰਾੜ

2 ਕਰੋੜ 92 ਲੱਖ ਦੀ ਲਾਗਤ ਨਾਲ ਤਿਆਰ ਕੀਤਾ ਪੰਜਾਬ ਦਾ ਪਹਿਲਾ ਸਹਿਕਾਰਤਾ ਭਵਨ 19 ਨਵੰਬਰ ਨੂੰ ਹੋਵੇਗਾ ਲੋਕ ਅਰਪਣ-ਬਰਾੜ
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕਰਨਗੇ ਉਦਘਾਟਨ
ਤਿੰਨ ਮੰਜ਼ਿਲਾ ਇਮਾਰਤ ਵਿੱਚ ਸਹਿਕਾਰਤਾ ਨਾਲ ਜੁੜੀਆਂ ਸੇਵਾਵਾਂ ਮਿਲਣਗੀਆਂ ਇੱਕੋ ਛੱਤ ਹੇਠ
ਕਿਸਾਨਾਂ ਨੂੰ ਸਹਿਕਾਰਤਾ ਨਾਲ ਸਬੰਧਤ ਕੰਮ ਕਰਵਾਉਣ ਵਿੱਚ ਨਹੀਂ ਹੋਵੇਗੀ ਕੋਈ ਦਿੱਕਤ

ਫ਼ਤਹਿਗੜ੍ਹ ਸਾਹਿਬ, :- ਸਹਿਕਾਰਤਾ ਦਾ ਪੰਜਾਬ ਦੀ ਆਰਥਿਕਤਾ ਵਿੱਚ ਬਹੁਤ ਵੱਡਾ ਯੋਗਦਾਨ ਹੈ ਅਤੇ ਸਹਿਕਾਰੀ ਸਭਾਵਾਂ ਕਿਸਾਨਾਂ ਨੂੰ ਸਸਤੇ ਭਾਅ 'ਤੇ ਖੇਤੀ ਸੰਦ ਕਿਰਾਏ 'ਤੇ ਮੁਹੱਈਆ ਕਰਵਾ ਕੇ ਕਿਸਾਨਾਂ ਲਈ ਕਾਫੀ ਸਹਾਈ ਸਿੱਧ ਹੋ ਰਹੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਕੰਵਲਪ੍ਰੀਤ ਬਰਾੜ ਨੇ ਦੱਸਿਆ ਕਿ ਸਹਿਕਾਰਤਾ ਨੂੰ ਹੋਰ ਹੁੰਗਾਰਾ ਦੇਣ ਲਈ ਸਾਰੇ ਸਹਿਕਾਰੀ ਅਦਾਰਿਆਂ ਨੂੰ ਇੱਕੋ ਛੱਤ ਹੇਠ ਇਕੱਠੇ ਕਰਨਾ ਜਰੂਰੀ ਹੈ ਤਾਂ ਜੋ ਕਿਸਾਨਾਂ ਨੂੰ ਸਹਿਕਾਰਤਾ ਨਾਲ ਜੁੜੇ ਕੰਮ ਕਰਵਾਉਣ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਸਹੂਲਤ ਨੂੰ ਵੇਖਦੇ ਹੋਏ ਫ਼ਤਹਿਗੜ੍ਹ ਸਾਹਿਬ ਵਿਖੇ ਜੋਤੀ ਸਰੂਪ ਮੋੜ 'ਤੇ 18,000 ਵਰਗ ਫੁੱਟ ਰਕਬੇ ਵਿੱਚ 2 ਕਰੋੜ 92 ਲੱਖ ਰੁਪਏ ਦੀ ਲਾਗਤ ਨਾਲ ਸਹਿਕਾਰਤਾ ਭਵਨ ਉਸਾਰਿਆ ਗਿਆ ਹੈ ਜਿਸ ਨੂੰ ਕਿ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ 19 ਨਵੰਬਰ ਨੂੰ ਲੋਕ ਅਰਪਣ ਕਰਨਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੀ ਫ਼ਤਹਿਗੜ੍ਹ ਸਾਹਿਬ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਸਰਹਿੰਦ ਵੱਲੋਂ ਉਸਾਰਿਆ ਗਿਆ ਇਹ ਸਹਿਕਾਰਤਾ ਭਵਨ ਪੰਜਾਬ ਦਾ ਪਹਿਲਾ ਸਹਿਕਾਰਤਾ ਭਵਨ ਹੈ ਅਤੇ ਇਸ ਤਿੰਨ ਮੰਜ਼ਿਲਾ ਭਵਨ ਦੀ ਉਸਾਰੀ ਅਗਸਤ 2015 ਵਿੱਚ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਲਗਭਗ 2 ਸਾਲ ਦੇ ਸਮੇਂ ਅੰਦਰ ਇਸ ਇਮਾਰਤ ਦੀ ਉਸਾਰੀ ਪੂਰੀ ਹੋਈ ਹੈ। ਉਨ੍ਹਾਂ ਹੋਰ ਦੱਸਿਆ ਕਿ ਇਸ ਇਮਾਰਤ ਵਿੱਚ ਦੀ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਫ਼ਤਹਿਗੜ੍ਹ ਸਾਹਿਬ ਦਾ ਜ਼ਿਲ੍ਹਾ ਦਫ਼ਤਰ, ਦੀ ਫ਼ਤਹਿਗੜ੍ਹ ਸਾਹਿਬ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਬੈਂਕ ਸਰਹਿੰਦ, ਦੀ ਫ਼ਤਹਿਗੜ੍ਹ ਸਾਹਿਬ ਸੈਂਟਰਲ ਸਹਿਕਾਰੀ ਬੈਂਕ ਫ਼ਤਹਿਗੜ੍ਹ ਸਾਹਿਬ ਦਾ ਮੁੱਖ ਦਫ਼ਤਰ ਅਤੇ ਮਾਰਕਫੈਡ ਦਾ ਜ਼ਿਲ੍ਹਾ ਦਫ਼ਤਰ ਸਥਿਤ ਹੋਣਗੇ।
ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਸ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਆਉਂਦੇ ਸਮੇਂ ਅੰਦਰ ਇਸ ਸਹਿਕਾਰਤਾ ਭਵਨ ਵਿਖੇ ਹਾਊਸਫੈਡ, ਲੇਬਰਫੈਡ ਤੇ ਜ਼ਿਲ੍ਹਾ ਮੈਨੇਜਰ ਜ਼ਿਲ੍ਹਾ ਸਹਿਕਾਰੀ ਯੂਨੀਅਨ ਦਾ ਦਫ਼ਤਰ ਵੀ ਸਥਾਪਤ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਭਵਨ ਦੇ ਨਿਰਮਾਣ ਨਾਲ ਇੱਕ ਜਗ੍ਹਾ 'ਤੇ ਸਹਿਕਾਰੀ ਅਦਾਰਿਆਂ ਨਾਲ ਸਬੰਧਤ  ਸਾਰੇ ਕੰਮ ਅਸਾਨੀ ਨਾਲ ਹੋਣਗੇ ਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀਂ ਆਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 114 ਬਹੁਮੰਤਵੀ ਸਹਿਕਾਰੀ ਸਭਾਵਾਂ ਹਨ ਜਿਨ੍ਹਾਂ ਵਿੱਚੋਂ 52 ਐਗਰੋ ਸਰਵਿਸ ਸੈਂਟਰ ਸਥਾਪਤ ਕੀਤੇ ਗਏ ਹਨ। ਜਿਨ੍ਹਾਂ ਵਿੱਚ ਟਰੈਕਟਰ, ਰੋਟਾਵੇਟਰ, ਲੈਂਡ ਲੈਵਲਰ, ਹੈਪੀ ਸੀਡਰ, ਕਟਰ ਅਤੇ ਜੀਰੋ ਟਿਲ ਟਰੇਲਰ ਵਰਗੇ ਆਧੁਨਿਕ ਸੰਦ ਵਾਜਬ ਕਿਰਾਏ 'ਤੇ ਕਿਸਾਨਾਂ ਨੂੰ ਮੁਹੱਈਆ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ 5 ਸਭਾਵਾਂ ਦੇ ਕੇਸ ਐਗਰੋ ਸੈਂਟਰ ਸਥਾਪਤ ਕਰਨ ਲਈ ਪੰਜਾਬ ਫਾਰਮਰ ਕਮਿਸ਼ਨ ਨੂੰ ਪ੍ਰਵਾਨਗੀ ਲਈ ਭੇਜੇ ਗਏ ਹਨ। ਉਨ੍ਹਾਂ ਹੋਰ ਦੱਸਿਆ ਕਿ 52 ਐਗਰੋ ਸੈਂਟਰਾਂ ਨੂੰ ਸਰਕਾਰ ਵੱਲੋਂ 1 ਕਰੋੜ 87 ਲੱਖ 86 ਹਜਾਰ ਰੁਪਏ ਦੀ ਸਬਸਿਡੀ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਪਹਿਲਾਂ ਹੀ 14 ਡੀਜ਼ਲ ਪੰਪ ਕੰਮ ਕਰ ਰਹੇ ਹਨ ਜੋ ਕਿ ਆਪਣੇ ਮੈਂਬਰਾਂ ਨੂੰ ਬਾਜਾਰ ਨਾਲੋਂ ਘੱਟ ਰੇਟ 'ਤੇ ਡੀਜ਼ਲ ਦਿੰਦੇ ਹਨ। ਇਸ ਤੋਂ ਇਲਾਵਾ 4 ਹੋਰ ਨਵੇਂ ਡੀਜ਼ਲ ਪੰਪ ਇਸ ਸਾਲ ਦੌਰਾਨ ਖੋਲੇ ਗਏ ਹਨ।

ਕੈਪਸ਼ਨ:
ਫਤਹਿਗੜ੍ਹ ਸਾਹਿਬ ਵਿਖੇ ਉਸਾਰੇ ਗਏ ਪੰਜਾਬ ਦੇ ਪਹਿਲੇ ਸਹਿਕਾਰਤਾ ਭਵਨ ਦਾ ਦ੍ਰਿਸ਼

No comments:

Post a Comment