Tuesday, 7 November 2017

ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਲਈ ਪ੍ਰਦੂਸ਼ਣ ਨੂੰ ਠੱਲ ਪਾਉਣਾ ਸਮੇਂ ਦੀ ਮੁੱਖ ਲੋੜ: ਪੰਨੂ

ਚੇਅਰਮੈਨ ਪੰਨੂ ਨੇ ਮੰਡੀ ਗੋਬਿੰਦਗੜ੍ਹ ਨੂੰ ਪ੍ਰਦੂਸ਼ਣ ਮੁਕਤ ਕਰਨ ਵਾਸਤੇ ਉਦਯੋਗਾਂ ਦੀ ਰਾਖ ਤੋਂ ਜਿੰਕ ਤੇ ਹੋਰ ਤੱਤ ਕੱਢਣ ਲਈ ਪਹਿਲੀ ਗੱਡੀ ਕੀਤੀ ਰਵਾਨਾਂ

ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਸ਼ਰਤਾਂ ਦੀ ਪਾਲਣਾ ਨਾ ਕਰਨ ਵਾਲੇ ਉਦਯੋਗਾਂ ਵਿਰੁੱਧ ਕੀਤੀ ਜਾਵੇਗੀ ਸਖਤ ਕਾਰਵਾਈ

ਮੰਡੀ ਗੋਬਿੰਦਗੜ੍ਹ,: ਧਰਤੀ 'ਤੇ ਵੱਧ ਰਿਹਾ ਪ੍ਰਦੂਸ਼ਣ ਨਾ ਕੇਵਲ ਆਮ ਲੋਕਾਂ ਲਈ ਕਈ ਬਿਮਾਰੀਆਂ ਲੱਗਣ ਦਾ ਕਾਰਨ ਬਣ ਰਿਹਾ ਹੈ ਸਗੋਂ ਪ੍ਰਦੂਸ਼ਣ ਦੀ ਮਾਰ ਕੁੱਖ 'ਚ ਪਲ ਰਹੇ ਬੱਚਿਆਂ ਨੂੰ ਵੀ ਸਹਿਣੀ ਪੈ ਰਹੀ ਹੈ। ਕਿਉਂਕਿ ਡਾਕਟਰਾਂ ਅਨੁਸਾਰ ਕਈ ਜੰਮਦੇ ਬੱਚਿਆਂ ਦੇ ਫੇਫੜੇ ਕਾਲੇ ਪਾਏ ਗਏ ਹਨ ਜੋ ਕਿ ਸਾਡੇ ਸਾਰਿਆਂ ਲਈ ਗੰਭੀਰਤਾ ਨਾਲ ਸੋਚਣ ਦਾ ਵਿਸ਼ਾ ਹੈ। ਵੱਧ ਰਹੇ ਪ੍ਰਦੂਸ਼ਣ ਨੂੰ ਠੱਲ ਪਾਉਣ ਲਈ ਜੇਕਰ ਅਸੀਂ ਹੁਣ ਵੀ ਕੁਝ ਨਾ ਕੀਤਾ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਵੀ ਮੁਆਫ ਨਹੀਂ ਕਰਨਗੀਆਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸ. ਕਾਹਨ ਸਿੰਘ ਪੰਨੂ ਨੇ ਮੰਡੀ ਗੋਬਿੰਦਗੜ੍ਹ-ਅਮਲੋਹ ਰੋਡ 'ਤੇ ਸਥਿਤ ਵਿਮਲ ਅਲਾਏ ਫੈਕਟਰੀ ਤੋਂ ਉਦਯੋਗਾਂ ਦੀ ਰਾਖ ਦੀ ਪਹਿਲੀ ਗੱਡੀ ਮਾਧਵ ਅਲਾਏ ਤੱਕ ਭੇਜਣ ਨੂੰ ਹਰੀ ਝੰਡੀ ਵਿਖਾ ਕੇ ਰਵਾਨਾਂ ਕਰਨ ਉਪਰੰਤ ਉਦਯੋਗਪਤੀਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਪ੍ਰਦੂਸ਼ਣ ਕਾਰਨ ਬੱਚਿਆਂ ਦਾ ਦਿਮਾਗੀ ਵਿਕਾਸ ਵੀ ਰੁੱਕ ਜਾਂਦਾ ਹੈ ਅਤੇ ਉਹ ਮੰਦਬੁੱਧੀ ਜਾਂ ਹੋਰ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ।
ਸ. ਪੰਨੂ ਨੇ ਦੱਸਿਆ ਕਿ ਅੱਜ ਰਵਾਨਾਂ ਕੀਤੇ ਟਰੱਕ ਵਿੱਚ ਮੈਸ: ਬਾਂਸਲ ਅਲਾਏ ਪ੍ਰਾਈਵੇਟ ਲਿਮਟਿਡ, ਜੇ.ਐਸ. ਖਾਲਸਾ ਸਟੀਲ ਪ੍ਰਾਈਵੇਟ ਲਿਮਟਿਡ ਤੇ ਵਿਮਲ ਅਲਾਏ ਪ੍ਰਾਈਵੇਟ ਲਿਮਟਿਡ ਦੀ 9515 ਕਿਲੋਗ੍ਰਾਮ ਰਹਿੰਦ ਖੂੰਹਦ ਮਾਧਵ ਅਲਾਏ ਪ੍ਰਾਈਵੇਟ ਲਿਮਟਿਡ ਵਿਖੇ ਭੇਜੀ ਗਈ ਹੈ ਜਿਥੇ ਕਿ ਇਸ ਵਿੱਚੋਂ ਜਿੰਕ, ਲੋਹਾ, ਸਿਲਿਕਾ ਤੇ ਸਿੱਕਾ ਆਦਿ ਵਰਗੇ ਹੋਰ ਤੱਤ ਵੱਖਰੇ ਕਰਨ ਲਈ ਇੱਕ ਪ੍ਰੋਜੈਕਟ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਤੱਤ ਕੱਢਣ ਉਪਰੰਤ ਬਾਕੀ ਬਚੀ ਰਾਖ ਨੂੰ ਡੇਰਾ ਬਸੀ ਨੇੜੇ ਨਿੰਬੂਆਂ ਵਿਖੇ ਡੰਪ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਉਹ ਰਾਖ ਹੈ ਜੋ ਕਿ ਉਦਯੋਗਾਂ ਦੀਆਂ ਚਿਮਨੀਆਂ ਵਿੱਚੋਂ ਨਿਕਲਦੇ ਧੂੰਏ ਤੋਂ ਬਣਦੀ ਹੈ। ਉਨ੍ਹਾਂ ਹੋਰ ਦੱਸਿਆ ਕਿ ਪਿੰਡ ਭਗਵਾਨਪੁਰਾ ਵਿਖੇ ਸਥਿਤ ਮਾਧਵ ਅਲਾਏਜ਼ ਪ੍ਰਾਈਵੇਟ ਲਿਮਟਿਡ ਵੱਲੋਂ ਜੋ ਪ੍ਰੋਜੈਕਟ ਲਗਾਇਆ ਗਿਆ ਹੈ ਉਸ ਦੀ ਰੋਜਾਨਾਂ 20 ਮੀਟਰਕ ਟਨ ਰਹਿੰਦ ਖੂੰਹਦ ਵਿੱਚੋਂ ਜਰੂਰੀ ਤੱਤ ਕੱਢਣ ਦੀ ਸਮਰੱਥਾ ਹੈ। ਉਨ੍ਹਾਂ ਦੱਸਿਆ ਕਿ ਇਸ ਉਦਯੋਗਿਕ ਇਕਾਈ ਵੱਲੋਂ ਲਗਾਏ ਗਏ ਇੱਕ ਹੋਰ ਯੁਨਿਟ ਤੋਂ ਹੀ ਟਨ ਰੋਜ਼ਾਨਾਂ  3 ਮੀਟਰਕ ਟਨ ਰਾਖ ਨਿਕਲਦੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੇਕਟ ਦੇ ਲੱਗਣ ਨਾਲ ਜਿਥੇ ਇਸ ਰਹਿੰਦ ਖੂੰਹਦ ਦੀ ਸੁਚੱਜੀ ਸੰਭਾਲ ਹੋ ਸਕੇਗੀ ਉਥੇ ਹੀ ਇਹ ਉਦਯੋਗਿਕ ਇਕਾਈਆਂ ਦੀ ਕਮਾਈ ਦਾ ਸਾਧਨ ਵੀ ਬਣੇਗਾ।
ਸ. ਪੰਨੂ ਨੇ ਕਿਹਾ ਕਿ ਮੰਡੀ ਗੋਬਿੰਦਗੜ੍ਹ ਦੀਆਂ  ਉਦਯੋਗਿਕ ਇਕਾਈਆਂ ਦੇ ਧੂੰਏਂ ਕਾਰਨ ਇਹ ਇਲਾਕਾ ਭਾਰਤ ਦੇ ਸਭ ਤੋਂ ਵੱਧ ਪ੍ਰਦੂਸ਼ਤ ਇਲਾਕਿਆਂ ਵਿੱਚ ਸ਼ਾਮਲ ਹੈ, ਜਿਸ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਉਦਯੋਗਪਤੀ ਆਪਣੇ ਉਦਯੋਗ ਵਿੱਚ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਸ਼ਰਤਾਂ ਦੀ ਪਾਲਣਾ ਨਹੀਂ ਕਰੇਗਾ ਤਾਂ ਉਸ ਉਦਯੋਗ ਨੂੰ ਜੁਰਮਾਨਾ ਕਰਨ ਦੇ ਨਾਲ ਹੀ ਬੰਦ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਬੋਰਡ ਵੱਲੋਂ ਛੇਤੀ ਹੀ ਮੰਡੀ ਗੋਬਿੰਦਗੜ੍ਹ ਦੇ ਉਦਯੋਗਾਂ ਨੂੰ ਇਸ ਸਾਲ ਦੇ ਅੰਤ ਤੱਕ ਸੀ.ਐਨ.ਜੀ. ਗੈਸ ਦੀ ਸਪਲਾਈ ਸ਼ੁਰੂ ਹੋ ਜਾਵੇਗੀ ਜਿਸ ਨਾਲ ਉਦਯੋਗਾਂ ਨੂੰ ਕੋਇਲੇ ਦੀ ਵਰਤੋਂ ਨਹੀਂ ਕਰਨੀ ਪਵੇਗੀ।
ਸ: ਪੰਨੂ ਨੇ ਕਿਹਾ ਕਿ ਪੰਜਾਬ ਵਿੱਚ 3000 ਦੇ ਕਰੀਬ ਇੱਟਾਂ ਦੇ ਭੱਠੇ ਹਨ ਅਤੇ ਹਰ ਸਾਲ ਤਕਰੀਬਨ 2 ਹਜਾਰ ਕਰੋੜ ਇੱਟਾਂ ਦੀ ਜਰੂਰਤ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਚਾਵਲਾਂ ਦੀ ਫੱਕ ਦੀ 30 ਤੋਂ 40 ਫੀਸਦੀ ਰਾਖ ਨੂੰ ਜੇਕਰ ਮਿੱਟੀ ਵਿੱਚ ਮਿਲਾ ਕੇ ਇੱਟਾਂ ਬਣਾਈਆਂ ਜਾਣ ਤਾਂ ਉਸ ਇੱਟ ਦੀ ਕੁਆਲਿਟੀ ਬਿਹਤਰ ਹੋਵੇਗ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਈ ਭੱਠਿਆਂ ਦੇ ਮਾਲਕਾਂ ਨੂੰ ਵਿਸ਼ੇਸ ਟਰੇਨਿੰਗ ਦਿਵਾਈ ਜਾ ਰਹੀ ਹੈ ਅਤੇ ਇਸ ਸਾਲ ਦੇ ਅੰਤ ਤੱਕ ਇਸ ਦੀ ਵਰਤੋਂ ਸ਼ੁਰੂ ਹੋ ਜਾਵੇਗੀ।
ਇਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੀਫ ਇੰਜਨੀਅਰ ਸ਼੍ਰੀ ਰਮੇਸ਼ ਗਰਗ, ਐਸ.ਈ. ਸ. ਕੁਲਵੰਤ ਸਿੰਘ, ਵਾਤਾਵਰਣ ਇੰਜਨੀਅਰ ਸ਼੍ਰੀ ਆਰ.ਕੇ. ਨਈਅਰ, ਐਸ.ਡੀ.ਓ. ਸ਼੍ਰੀ ਜੀ.ਡੀ. ਗਰਗ, ਮੰਡੀ ਗੋਬਿੰਦਗੜ੍ਹ ਇੰਡਕਸ਼ਨ ਐਂਡ ਫਰਨੈਸ਼ ਬੋਰਡ ਸ਼੍ਰੀ ਮਹਿੰਦਰ ਗੁਪਤਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਉਦਯੋਗਪਤੀ ਤੇ ਸ਼ਹਿਰੀ ਪਤਵੰਤੇ ਹਾਜਰ ਸਨ।

No comments:

Post a Comment