Tuesday 22 August 2017

ਕੈਪਟਨ ਅਮਰਿੰਦਰ ਸਿੰਘ ਨੇ ਪੁਲਸ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੂੰ ਦਿੱਤੇ ਨਿਰਦੇਸ਼

ਹਰਿਆਣਾ ਪੁਲਸ ਵੱਲੋਂ ਡੇਰਾ ਸੱਚਾ ਸੌਦਾ ਦੇ ਮੁਖੀ ਦੇ ਵਿਰੁੱਧ ਦਰਜ ਕੀਤੇ ਬਲਾਤਕਾਰ ਦੇ ਕੇਸ ਦੇ ਸਬੰਧ ਵਿੱਚ ਪੰਚਕੂਲਾ ਅਦਾਲਤ ਵੱਲੋਂ 25 ਅਗਸਤ ਨੂੰ ਫੈਸਲਾ ਦਿੱਤਾ ਜਾ ਰਿਹਾ ਹੈ। ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਸ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਨਿੱਜੀ ਤੌਰ 'ਤੇ ਨਾਜੁਕ ਇਲਾਕਿਆਂ ਦਾ ਦੌਰਾ ਕਰਨ ਅਤੇ ਕਿਸੇ ਵੀ ਅਣ-ਸੁਖਾਵੀਂ ਘਟਨਾ ਨੂੰ ਵਾਪਰਣ ਤੋਂ ਰੋਕਣ ਲਈ ਪੂਰੀ ਤਰ੍ਹਾਂ ਸੁਰੱਖਿਆ ਪ੍ਰਬੰਧ ਯਕੀਨੀ ਬਨਾਉਣ।
   ਸ੍ਰੀ ਅਰੋੜਾ ਨੇ ਬਠਿੰਡਾ ਵਿਖੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਪੁਲਿਸ ਮੁਲਾਜ਼ਮਾਂ ਨੂੰ ਚੌਕਸ ਰਹਿਣ ਅਤੇ ਸੂਬੇ ਵਿੱਚ ਹਰ ਹਾਲਤ ਵਿੱਚ ਸ਼ਾਂਤੀ ਤੇ ਸਦਭਾਵਨਾ ਨੂੰ ਕਾਇਮ ਰੱਖਣ ਦੇ ਨਿਰਦੇਸ਼ ਦਿੱਤੇ। ਬਠਿੰਡਾ ਤੋਂ ਇਲਾਵਾ ਡੀ.ਜੀ.ਪੀ. ਨੇ ਮਾਨਸਾ, ਮੋਗਾ, ਪਟਿਆਲਾ, ਲੁਧਿਆਣਾ ਦਿਹਾਤੀ, ਫਤਹਿਗੜ੍ਹ ਸਾਹਿਬ ਅਤੇ ਮੋਹਾਲੀ ਦਾ ਵੀ ਦੌਰਾ ਕੀਤਾ।
       ਬਠਿੰਡਾ ਦੇ ਸਿਰਸੇ ਨਾਲ ਲੱਗਦੇ ਇਲਾਕੇ ਵਿੱਚ ਵੱਡੀ ਪੱਧਰ 'ਤੇ ਪੁਲਿਸ ਤਾਇਨਾਤ ਕੀਤੀ ਗਈ ਹੈ। ਪੁਲਿਸ ਨੇ ਸੀ.ਆਰ.ਪੀ.ਐਫ. ਅਤੇ ਰੈਪਿਡ ਐਕਸ਼ਨ ਫੋਰਸ ਨਾਲ ਮਿਲ ਕੇ ਫਲੈਗ ਮਾਰਚ ਕੀਤਾ। ਇਸ ਤਰ੍ਹਾਂ ਦਾ ਮਾਰਚ ਮੋਗਾ ਵਿਖੇ ਵੀ ਕੀਤਾ ਗਿਆ।
       ਡੀ.ਜੀ.ਪੀ. ਨੂੰ ਨਾਜ਼ੁਕ ਖੇਤਰਾਂ ਦਾ ਹਵਾਈ ਸਰਵੇ ਕਰਨ ਲਈ ਪੰਜਾਬ ਸਰਕਾਰ ਵੱਲੋਂ ਹੈਲੀਕਪਟਰ ਮੁਹਈਆ ਕਰਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਨਾਜ਼ੁਕ ਇਲਾਕਿਆਂ ਦੇ ਜ਼ਮੀਨੀ ਹਾਲਤਾਂ 'ਤੇ ਨੇੜੀਓਂ ਨਿਗਾ ਰੱਖਣ ਲਈ ਨਿਰਦੇਸ਼ ਦਿੱਤੇ ਗਏ ਹਨ।
       ਮੁੱਖ ਮੰਤਰੀ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਸੁਰੱਖਿਆ, ਖੂਫੀਆ ਅਤੇ ਪ੍ਰਸ਼ਾਸਕੀ ਅਧਿਕਾਰੀਆਂ ਦੀ ਇਕ ਉੱਚ ਪੱਧਰੀ ਮੀਟਿੰਗ ਕੀਤੀ।  ਉਨ੍ਹਾਂ ਨੇ ਸਾਰੇ ਅਧਿਕਾਰੀਆਂ ਨੂੰ ਅਫਵਾਹਾਂ ਫੈਲਾਉਣ ਜਾਂ ਭੜਕਾਊ ਬਿਆਨ ਦੇਣ ਜਾਂ ਕਾਰਜ ਕਰਨ ਵਾਲੇ ਤੱਤਾਂ ਨਾਲ ਸਖਤੀ ਨਾਲ ਨਿਪਟਣ ਦੇ ਨਿਰਦੇਸ਼ ਦਿੱਤੇ।

No comments:

Post a Comment