Tuesday, 29 August 2017

ਪ੍ਰੀ-ਪ੍ਰਾਇਮਰੀ ਕਲਾਸਾਂ ਤੇ ਪ੍ਰਾਇਮਰੀ ਸਕੂਲਾਂ ਵਿੱਚ ਫਰਨੀਚਰ ਦੀ ਉਪਲਬਧਤਾ ਸਕੂਲ ਸੁਧਾਰਾਂ ਦੇ ਪ੍ਰਮੁੱਖ ਏਜੰਡੇ 'ਤੇ-ਸਿਖਿਆ ਮੰਤਰੀ ਅਰੁਣਾ ਚੌਧਰੀ

ਪੰਜਾਬ ਸਰਕਾਰ ਲਾਭਕਾਰੀ ਸਕੀਮਾਂ ਨੂੰ ਬਿਨਾਂ ਭੇਦਭਾਵ ਹਰੇਕ ਵਰਗ ਤੱਕ ਪਹੁੰਚਾਏਗੀ

ਸਿਖਿਆ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਆਖਿਆ ਕਿ ਰਾਜ ਵਿੱਚ ਪ੍ਰਾਇਮਰੀ ਸਿਖਿਆ ਨੂੰ ਮਜ਼ਬੂਤ ਕਰਨ ਲਈ ਪ੍ਰੀ-ਪ੍ਰਾਇਮਰੀ ਕਲਾਸਾਂ, ਪ੍ਰਾਇਮਰੀ ਸਕੂਲਾਂ ਵਿੱਚ ਫ਼ਰਨੀਚਰ ਦੀ ਪੂਰਤੀ ਅਤੇ ਰਾਜ ਦੇ 400 ਸਕੂਲਾਂ ਵਿੱਚ ਪਹਿਲੀ ਤੋਂ ਅੰਗਰੇਜ਼ੀ ਵਿਸ਼ਾ ਲੈਣ ਦੀ ਖੁੱਲ ਜਿਹੇ ਅਹਿਮ ਫੈਸਲੇ ਸਕੂਲ ਸੁਧਾਰਾਂ ਲਈ ਕੀਤੇ ਜਾ ਰਹੇ ਕੰਮਾਂ ਵਿੱਚ ਅਹਿਮ ਹਨ।
    ਉਨਾਂ ਆਖਿਆ ਕਿ ਅਧਿਆਪਕਾਂ ਨਾਲ ਸਬੰਧਤ ਬਹੁਤੀਆਂ ਵਿਭਾਗੀ ਕਾਰਵਾਈਆਂ ਜਿਵੇਂ 4-9-14 ਆਦਿ ਸ਼ਕਤੀਆਂ ਸਕੂਲ ਮੁਖੀਆਂ ਦੇ ਪੱਧਰ 'ਤੇ ਦਿੱਤੀਆਂ ਜਾ ਰਹੀਆਂ ਹਨ ਅਤੇ ਐਕਸ-ਇੰਡੀਆ ਲੀਵ ਤੇ ਹੋਰ ਲੰਬੀਆਂ ਛੁੱਟੀਆਂ ਲਈ ਆਨਲਾਈਨ ਸਾਫ਼ਟਵੇਅਰ ਲਾਗੂ ਕੀਤਾ ਜਾ ਰਿਹਾ ਹੈ।
    ਸਿਖਿਆ ਮੰਤਰੀ ਸ੍ਰੀਮਤੀ ਚੌਧਰੀ  ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨਾਲ ਸਬੰਧਤ ਭਲਾਈ ਸਕੀਮਾਂ ਦਾ ਜਾਇਜ਼ਾ ਲੈਣ ਪੁੱਜੇ ਹੋਏ ਸਨ। ਉਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਲਾਈ ਸਕੀਮਾਂ ਅਤੇ ਫ਼ਲੈਗਸ਼ਿੱਪ ਪ੍ਰੋਗਰਾਮਾਂ ਦੀ ਨਿਗਰਾਨੀ ਲਈ ਮੰਤਰੀਆਂ ਨੂੰ ਦਿੱਤੇ ਗਏ ਵੱਖ-ਵੱਖ ਜ਼ਿਲਿਆਂ ਦੀ ਕੜੀ ਵਿੱਚ ਉਹ ਅੱਜ ਸ਼ਹੀਦ ਭਗਤ ਸਿੰਘ ਨਗਰਅ ਤੇ ਹੁਸ਼ਿਆਰਪੁਰ ਦਾ ਜਾਇਜ਼ਾ ਲੈ ਆਏ ਹਨ।
    ਉਨਾਂ ਦੱਸਿਆ ਕਿ ਸਰਕਾਰ ਦਾ ਇੱਕੋ-ਇੱਕ ਮੰਤਵ ਭਲਾਈ ਸਕੀਮਾਂ ਨੂੰ ਲੋੜਵੰਦ ਲਾਭਪਾਤਰੀਆਂ ਤੱਕ ਬਿਨਾਂ ਭੇਦਭਾਵ ਪਹੁੰਚਾਉਣਾ ਹੈ ਤਾਂ ਜੋ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਚੋਣ ਵਾਅਦਿਆਂ ਮੁਤਾਬਕ ਲੋਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨਾਂ ਦੱਸਿਆ ਕਿ ਆਸ਼ੀਰਵਾਦ ਸਕੀਮ ਤਹਿਤ ਸ਼ਗਨ ਰਾਸ਼ੀ 15000 ਤੋਂ ਵਧਾ ਕੇ 21000 ਰੁਪਏ ਅਤੇ ਪੈਨਸ਼ਨ ਰਾਸ਼ੀ 500 ਰੁਪਏ ਤੋਂ ਵਧਾ ਕੇ 750 ਰੁਪਏ ਕਰ ਦਿੱਤ ਗਈ ਹੈ। ਉਨਾਂ ਨੇ ਦੱਸਿਆ ਕਿ ਆਟਾ ਦਾਲ ਸਕੀਮ ਤਹਿਤ ਰਾਜ ਭਰ ਵਿੱਚ ਅਪਰੈਲ 2017 ਤੋਂ ਸਤੰਬਰ 2017 ਤੱਕ ਦੇ ਕਣਕ ਦੇ ਕੋਟੇ ਦੀ ਵੰਡ ਕੀਤੀ ਜਾ ਰਹੀ ਹੈ।
    ਸਿਖਿਆ ਮੰਤਰੀ ਨੇ ਇਸ ਮੌਕੇ ਵਿਭਾਗ ਵਾਰ ਭਲਾਈ ਸਕੀਮਾਂ ਅਤੇ ਫ਼ਲੈਗਸ਼ਿੱਪ ਪ੍ਰੋਗਰਾਮਾਂ ਦਾ ਜਾਇਜ਼ਾ ਲਿਆ ਅਤੇ ਵਿਭਾਗਾਂ ਨੂੰ ਇਨਾਂ ਨੂੰ ਤੈਅ ਸਮਾਂ ਸੀਮਾ ਵਿੱਚ ਪੂਰਾ ਕਰਨ ਅਤੇ ਇਨਾਂ ਦਾ ਲਾਭ ਕੇਵਲ ਯੋਗ ਲਾਭਪਾਤਰੀਆਂ ਨੂੰ ਦੇਣ ਦੇ ਆਦੇਸ਼ ਦਿੱਤੇ।
    ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨਾਂ ਦੱਸਿਆ ਕਿ ਨਵਾਂਸ਼ਹਿਰ ਵਿੱਚ ਇੱਕ ਹੋਰ ਸਰਕਾਰੀ ਸਕੂਲ ਦੀ ਵਿਧਾਇਕ ਅੰਗਦ ਸਿੰਘ ਵੱਲੋਂ ਕੀਤੀ ਮੰਗ 'ਤੇ ਉਹ ਅਗਲੇ ਵਿਦਿਅਕ ਸੈਸ਼ਨ ਤੋਂ ਪਹਿਲਾਂ-ਪਹਿਲਾਂ ਸਥਾਨਕ ਬਾਬਾ ਵਜੀਦ ਸਿੰਘ ਸਕੂਲ ਨੂੰ ਸਰਕਾਰੀ ਹੱਥਾਂ ਵਿੱਚ ਲੈਣ ਦੀ ਸਮੁੱਚੀ ਕਾਰਵਾਈ ਨੂੰ ਮੁਕੰਮਲ ਕਰਵਾ ਲੈਣਗੇ। ਜ਼ਿਲੇ ਵਿੱਚ ਚਲਦੇ ਦੋ ਆਦਰਸ਼ ਸਕੂਲਾਂ ਦੇ ਪ੍ਰਬੰਧਨ ਨੂੰ ਲੈ ਕੇ ਚੱਲ ਰਹੀ ਸਮੱਸਿਆ ਬਾਰੇ ਵਿਧਾਇਕ ਚੌ. ਦਰਸ਼ਨ ਲਾਲ ਮੰਗੂਪੁਰ ਵੱਲੋਂ ਉਠਾਏ ਸੁਆਲ 'ਤੇ ਉਨਾਂ ਆਖਿਆ ਕਿ ਇਨਾਂ ਸਕੂਲਾਂ ਦਾ ਪ੍ਰਬੰਧ, ਰਾਜ ਵਿੱਚ ਵਧੀਆ ਢੰਗ ਨਾਲ ਪ੍ਰਬੰਧ ਚਲਾ ਰਹੇ ਹੋਰਨਾਂ ਆਦਰਸ਼ ਸਕੂਲ ਪ੍ਰਬੰਧਕਾਂ ਨੂੰ ਦੇਣ 'ਤੇ ਸਰਕਾਰ ਵਿਚਾਰ ਕਰੇਗੀ। ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਭਵਿੱਖ ਬਾਰੇ ਉਨਾਂ ਆਖਿਆ ਕਿ ਸਰਕਾਰ ਜਲਦ ਹੀ ਇਨਾਂ ਬਾਰੇ ਨੀਤੀ ਬਣਾਵੇਗੀ ਤਾਂ ਜੋ ਇਨਾਂ ਦੇ ਪ੍ਰਬੰਧ ਵਿੱਚ ਮੁਸ਼ਕਿਲ ਨਾ ਆਵੇ।
    ਇਸ ਮੌਕੇ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਹਰਮੇਸ਼ ਸਿੰਘ ਨੇ ਦੱਸਿਆ ਕਿ ਫ਼ਰਵਰੀ ਅਤੇ ਮਾਰਚ ਦੀ 4.40 ਕਰੋੜ ਰੁਪਏ ਦੀ ਪੈਨਸ਼ਨ ਰਾਸ਼ੀ ਆ ਚੁੱਕੀ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਮੁੱਖ ਮੰਤਰੀ ਕੈਂਸਰ ਰਾਹਤ ਫ਼ੰਡ ਸਕੀਮ ਤਹਿਤ 354 ਮਰੀਜ਼ਾਂ ਨੂੰ ਇਲਾਜ ਲਈ 1.50 ਲੱਖ ਰੁਪਏ ਪ੍ਰਤੀ ਦੇ ਹਿਸਾਬ ਨਾਲ ਇਲਾਜ ਖਰਚਾ ਦਿੱਤਾ ਜਾ ਚੁੱਕਾ ਹੈ। ਹੈਪੇਟਾਈਟਸ ਦੇ 600 ਮਰੀਜ਼ਾਂ ਨੂੰ ਮੁਫ਼ਤ ਇਲਾਜ ਦਿੱਤਾ ਜਾ ਚੁੱਕਾ ਹੈ ਜਦਕਿ ਜਨਨੀ ਸੁਰੱਖਿਆ ਯੋਜਨਾ ਤਹਿਤ ਇਸ ਸਾਲ 667 ਮਹਿਲਾਵਾਂ ਨੂੰ ਲਾਭ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਮੁਫ਼ਤ ਡਾਇਲਿਸਿਸ ਸਹੂਲਤ ਅਤੇ 50 ਲੈਬ ਟੈਸਟ ਮੁਫ਼ਤ ਮੁਹੱਈਆ ਕਰਵਾਏ ਜਾ ਰਹੇ ਹਨ।
    ਜ਼ਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਰੇਨੂੰ ਬਾਲਾ ਵਰਮਾ ਨੇ ਦੱਸਿਆ ਜ਼ਿਲੇ ਵਿੱਚ 84471 ਮੌਜੂਦਾ ਆਟਾ ਦਾਲ ਲਾਭਪਾਤਰੀਆਂ ਨੂੰ 92740 ਕੁਇੰਟਲ ਕਣਕ ਦੀ ਵੰਡ ਕਰਨ ਤੋਂ ਇਲਾਵਾ ਲਾਭਪਾਤਰੀਆਂ ਦੀ  ਚੱਲ ਰਹੀ ਰੀ-ਵੈਰੀਫ਼ਿਕੇਸ਼ਨ ਦੌਰਾਨ 60 ਫ਼ੀਸਦੀ ਕਾਰਡਾਂ ਦੀ ਪੜਤਾਲ ਕੀਤੀ ਜਾ ਚੁੱਕੀ ਹੈ।
    ਇਸ ਮੌਕੇ ਵਿਧਾਇਕ ਅੰਗਦ ਸਿੰਘ ਨੇ ਪਿਛਲੀ ਸਰਕਾਰ ਮੌਕੇ ਗਲਤ ਢੰਗ ਨਾਲ ਆਟਾ ਦਾਲ ਕਾਰਡ ਬਣਾਏ ਜਾਣ ਦਾ ਮੁੱਦਾ ਉਠਾਇਆ ਜਿਸ 'ਤੇ ਸਿਖਿਆ ਮੰਤਰੀ ਨੇ ਡਿਪਟੀ ਕਮਿਸ਼ਨਰ ਨੂੰ ਸਮੁੱਚੇ ਕਾਰਡਾਂ ਦੀ ਸਹੀ ਰੀ-ਵੈਰੀਫ਼ਿਕੇਸ਼ਨ ਕਰਵਾ ਕੇ ਅਜਿਹੇ ਗਲਤ ਲਾਭਪਾਤਰੀਆਂ ਦੀ ਸ਼ਨਾਖਤ ਕਰਨ ਲਈ ਆਖਿਆ। ਉਨਾਂ ਨੇ ਫ਼ਗਵਾੜਾ-ਨਵਾਂਸ਼ਹਿਰ-ਰੂਪਨਗਰ ਸੜਕ ਦੇ ਚਹੁੰਮਾਰਗੀਕਰਣ ਲਈ ਦਰੱਖਤਾਂ ਦੀ ਕਟਾਈ ਦੇ ਮੱਦੇਨਜ਼ਰ ਨਵੇਂ ਦਰੱਖਤ ਵੱਡੀ ਪੱਧਰ 'ਤੇ ਲਾਏ ਜਾਣ ਦੀ ਮੰਗ ਵੀ ਕੀਤੀ ਜਿਸ 'ਤੇ ਡੀ.ਐਫ.ਓ. ਵਿਸ਼ਾਲ ਚੌਹਾਨ ਨੇ ਦੱਸਿਆ ਕਿ ਦਰੱਖਤ ਲਾਉਣ ਦਾ ਕੰਮ ਚੱਲ ਰਿਹਾ ਹੈ।
    ਵਿਧਾਇਕ ਬਲਾਚੌਰ ਚੌ. ਦਰਸ਼ਨ ਲਾਲ ਵੱਲੋਂ ਮੁਕੰਮਲ ਹੋ ਚੁੱਕੇ ਪਖਾਨਿਆਂ ਲਈ ਗਰਾਂਟ ਤੁਰੰਤ ਜਾਰੀ ਕਰਨ ਦੇ ਮੁੱਦੇ 'ਤੇ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਆਰ. ਕੇ. ਝੱਲੀ ਨੇ ਦੱਸਿਆ ਕਿ 16963 ਵਿੱਚੋਂ 14559 ਪਖਾਨੇ ਬਣਾਏ ਜਾ ਚੁੱਕੇ ਹਨ ਅਤੇ ਹਰੇਕ ਪਖਾਨੇ ਲਈ 15 ਹਜ਼ਾਰ ਰੁਪਏ ਦੀ ਗਰਾਂਟ ਦਿੱਤੀ ਜਾ ਰਹੀ ਹੈ।
    ਸਾਬਕਾ ਐਮ.ਪੀ. ਅਤੇ ਕਾਂਗਰਸ ਦੇ ਪ੍ਰਦੇਸ਼ ਉੱਪ ਪ੍ਰਧਾਨ ਸਤਨਾਮ ਸਿੰਘ ਕੈਂਥ ਨੇ ਬੰਗਾ-ਸਾਹਲੋਂ ਸੜਕ ਨੂੰ ਜਲਦ ਮੁਕੰਮਲ ਕਰਨ ਅਤੇ ਲੋੜਵੰਦ ਲੋਕਾਂ ਨੂੰ ਹੀ ਆਟਾ-ਦਾਲ ਕਾਰਡ ਜਾਰੀ ਕਰਨ ਲਈ ਆਖਿਆ।
    ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰਿ ਨੇ ਸਿਖਿਆ ਮੰਤਰੀ ਨੂੰ ਵਿਸ਼ਵਾਸ਼ ਦਿਵਾਇਆ ਕਿ ਜ਼ਿਲਾ ਪ੍ਰਸ਼ਾਸ਼ਨ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਯੋਗ ਲਾਭਪਾਤਰੀਆਂ ਨੂੰ ਹੀ ਭਲਾਈ ਸਕੀਮਾਂ ਦਾ ਲਾਭ ਦੇਣ ਲਈ ਵਚਨਬੱਧ ਹੈ।
    ਮੀਟਿੰਗ ਵਿੱਚ ਵਿਧਾਇਕ ਚੌ. ਦਰਸ਼ਨ ਲਾਲ ਤੇ ਅੰਗਦ ਸਿੰਘ ਨਵਾਂਸ਼ਹਿਰ ਤੋਂ ਇਲਾਵਾ ਸਾਬਕਾ ਐਮ.ਪੀ. ਸਤਨਾਮ ਸਿੰਘ ਕੈਂਥ, ਡੀ.ਸੀ. ਸੋਨਾਲੀ ਗਿਰਿ, ਐਸ.ਐਸ.ਪੀ. ਸਤਿੰਦਰ ਸਿੰਘ, ਐਸ.ਡੀ.ਐਮ. ਨਵਾਂਸ਼ਹਿਰ ਹਰਚਰਨ ਸਿੰਘ, ਐਸ.ਡੀ.ਐਮ. ਬਲਾਚੌਰ ਜਗਜੀਤ ਸਿੰਘ, ਕਾਂਗਰਸ ਦੇ ਪ੍ਰਦੇਸ਼ ਸਕੱਤਰ ਰਾਣਾ ਕੁਲਦੀਪ ਸਿੰਘ ਜਾਡਲਾ, ਅਜੇ ਕੁਮਾਰ ਮੰਗੂਪੁਰ, ਸਾਬਕਾ ਚੇਅਰਮੈਨ ਚਮਨ ਸਿੰਘ ਭਾਨਮਜਾਰਾ, ਨਗਰ ਕੌਂਸਲ ਦੇ ਪ੍ਰਧਾਨ ਲਲਿਤ ਕੁਮਾਰ ਪਾਠਕ ਅਤੇ ਵੱਡੀ ਗਿਣਤੀ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

No comments:

Post a Comment