ਬੱਚਿਆਂ ਦੇ ਸੋਸ਼ਣ ਦੀ ਸੂਚਨਾ ਹੈਲਪਲਾਈਨ ਨੰ. 01823-222322 'ਤੇ ਦਿੱਤੀ ਜਾਵੇ-ਡੀ.ਸੀ. ਸੋਨਾਲੀ ਗਿਰਿ
ਨਵਾਂਸ਼ਹਿਰ, 10 ਅਗਸਤ- ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰਿ ਨੇ ਅੱਜ ਬਾਲ ਮਜ਼ਦੂਰੀ ਅਤੇ ਬੰਧੂਆ ਮਜ਼ਦੂਰੀ ਦੀ ਰੋਕਥਾਮ ਲਈ ਬੁਲਾਈ ਮੀਟਿੰਗ ਦੌਰਾਨ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਦੇ ਸੋਸ਼ਣ ਦੀ ਰੋਕਥਾਮ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਹੈਲਪਲਾਈਨ ਨੰ. 01823-222322 'ਤੇ ਸੂਚਨਾ ਦੇਣ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਥਾਂ ਬਾਲ ਮਜ਼ਦੂਰੀ ਕਰਵਾਈ ਜਾ ਰਹੀ ਹੈ ਜਾਂ ਬੱਚਿਆਂ ਕੋਲੋਂ ਭੀਖ ਮੰਗਵਾਈ ਜਾ ਰਹੀ ਹੈ ਜਾਂ ਫ਼ਿਰ ਬੱਚਿਆਂ ਦਾ ਕਿਸੇ ਹੋਰ ਢੰਗ ਨਾਲ ਸੋਸ਼ਣ ਹੋ ਰਿਹਾ ਹੈ ਤਾਂ ਉਸ ਬਾਰੇ ਤੁਰੰਤ ਉਕਤ ਹੈਲਪ ਲਾਈਨ 'ਤੇ ਦੱਸਿਆ ਜਾਵੇ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੂੰ ਇਸ ਹੈਲਪ ਲਾਈਨ ਬਾਰੇ ਹਰੇਕ ਸਰਕਾਰੀ ਦਫ਼ਤਰ ਵਿੱਚ ਸੂਚਨਾ ਤਖਤੀਆਂ 'ਤੇ ਜਾਣਕਾਰੀ ਮੁਹੱਈਆ ਕਰਵਾਉਣੀ ਯਕੀਨੀ ਬਣਾਉਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰਾਂ ਵਿੱਚ ਹੈਲਪ ਲਾਈਨ ਨੰਬਰ ਦੀ ਅਸਾਨੀ ਨਾਲ ਉਪਲਬਧਤਾ ਨਾਲ ਜਿੱਥੇ ਇਸ ਪ੍ਰਤੀ ਜਾਗਰੂਕਤਾ ਪੈਦਾ ਹੋਵੇਗੀ ਉੱਥੇ ਨਾਲ ਹੀ ਲੋਕਾਂ ਨੂੰ ਇਹ ਵੀ ਪਤਾ ਹੋਵੇਗਾ ਕਿ ਸੂਚਨਾ ਕਿੱਥੇ ਅਤੇ ਕਿਸ ਨੂੰ ਦੇਣੀ ਹੈ।
ਉਨ੍ਹਾਂ ਨੇ ਮੀਟਿੰਗ ਵਿੱਚ ਹਾਜ਼ਰ ਜ਼ਿਲ੍ਹਾ ਪੁਲੀਸ ਦੇ ਡੀ.ਐਸ.ਪੀ. ਪੱਧਰ ਦੇ ਅਧਿਕਾਰੀ ਨੂੰ ਜ਼ਿਲ੍ਹੇ ਦੇ ਗੁੰਮਸ਼ੁਦਾ ਬੱਚਿਆਂ ਦੀ ਜਾਣਕਾਰੀ ਇਸ ਸਬੰਧੀ ਬਣੇ ਨੈਸ਼ਨਲ ਪੋਰਟਲ 'ਤੇ ਵੀ ਅਪਲੋਡ ਕਰਵਾਉਣ ਲਈ ਆਖਿਆ। ਇਸ ਤੋਂ ਇਲਾਵਾ ਗੁੰਮਸ਼ੁਦਾ ਬੱਚਿਆਂ ਦੀਆਂ ਤਸਵੀਰਾਂ ਅਤੇ ਸੰਖੇਪ ਜਾਣਕਾਰੀ ਐਸ.ਡੀ.ਐਮ. ਦਫ਼ਤਰਾਂ ਦੇ ਨੋਟਿਸ ਬੋਰਡਾਂ 'ਤੇ ਵੀ ਚਸਪਾ ਕਰਨ ਲਈ ਆਖਿਆ ਗਿਆ ਤਾਂ ਜੋ ਉਨ੍ਹਾਂ ਦੀ ਭਾਲ ਵਿੱਚ ਆਮ ਲੋਕਾਂ ਦੀ ਮੱਦਦ ਵੀ ਲਈ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜ਼ਿਲ੍ਹੇ ਵਿੱਚ 14 ਅਗਸਤ ਨੂੰ ਮਾਪਿਆਂ ਵੱਲੋਂ ਤਿਆਗੇ ਜਾਣ ਵਾਲੇ ਨਵਜਨਮੇ ਬੱਚਿਆਂ ਦੀ ਸਾਂਭ-ਸੰਭਾਲ ਲਈ ਸ਼ੁਰੂ ਕੀਤੇ ਜਾਣ ਵਾਲੇ ਪੰਘੂੜਾ ਪ੍ਰਾਜੈਕਟ ਬਾਰੇ ਵੀ ਜਾਇਜ਼ਾ ਲਿਆ। ਇਹ ਪੰਘੂੜਾ ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਵੱਲੋਂ ਗੁਰੂ ਨਾਨਕ ਨਗਰ, ਸਾਹਮਣੇ ਗਲੀ ਸ਼ਿਵਾਲਿਕ ਪਬਲਿਕ ਸਕੂਲ ਨਵਾਂਸ਼ਹਿਰ ਵਿਖੇ ਸਥਿਤ ਆਪਣੇ ਦਫ਼ਤਰ ਵਿਖੇ ਚਲਾਇਆ ਜਾਵੇਗਾ।
ਬੰਧੂਆ ਮਜ਼ਦੂਰੀ ਸਬੰਧੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਰਤ ਤੇ ਸੁਲ੍ਹਾ ਅਫ਼ਸਰ ਨੂੰ ਆਖਿਆ ਕਿ ਜ਼ਿਲ੍ਹੇ ਵਿੱਚ ਕੰਮ ਕਰਦੇ ਮਜ਼ਦੂਰਾਂ ਖਾਸ ਕਰ ਭੱਠਾ ਮਾਲਕਾਂ ਕੋਲ, ਦਾ ਮੇਹਨਤਾਨਾ ਨਿਯਮਿਤ ਤੌਰ 'ਤੇ ਦੇਣਾ ਯਕੀਨੀ ਬਣਾਇਆ ਜਾਵੇ ਅਤੇ ਇੱਟਾਂ ਦੀ ਪਥਾਈ ਦਾ ਕੰਮ ਸੀਜ਼ਨਲ ਹੋਣ ਕਾਰਨ ਇਸ ਪਾਸੇ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਮੀਟਿੰਗ ਵਿੱਚ ਮੌਜੂਦ ਭੱਠਾ ਮਾਲਕਾਂ ਦੇ ਪ੍ਰਤੀਨਿਧ ਨੂੰ ਸਮੂਹ ਭੱਠਾ ਮਾਲਕਾਂ ਨੂੰ ਇਸ 'ਤੇ ਵਿਸ਼ੇਸ਼ ਤਵੱਜੋਂ ਦੇਣੀ ਯਕੀਨੀ ਬਣਾਉਣ ਲਈ ਆਖਿਆ ਗਿਆ।
ਮੀਟਿੰਗ ਵਿੱਚ ਐਸ.ਡੀ.ਐਮ. ਨਵਾਂਸ਼ਹਿਰ ਅਤੇ ਬੰਗਾ ਹਰਚਰਨ ਸਿੰਘ, ਐਸ.ਡੀ.ਐਮ. ਬਲਾਚੌਰ ਕਮ ਡੀ.ਟੀ.ਓ. ਜਗਜੀਤ ਸਿੰਘ, ਡੀ.ਐਸ.ਪੀ. ਸਪੈਸ਼ਲ ਬਰਾਂਚ ਦਲਬੀਰ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸਤੀਸ਼ ਕੁਮਾਰ, ਕਿਰਤ ਤੇ ਸੁਲ੍ਹਾ ਅਫ਼ਸਰ ਜਲੰਧਰ-3 ਵਿਕਾਸ ਕੁਮਾਰ, ਡਾ. ਜਗਦੀਪ ਸਿੰਘ ਜ਼ਿਲ੍ਹਾ ਐਪੀਡੋਮੋਲਿਜਸਟ, ਬੀ.ਡੀ.ਪੀ.ਓ. ਰਾਜੇਸ਼ ਚੱਢਾ, ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਕੰਚਨ ਅਰੋੜਾ, ਰਣਦੀਪ ਸਿੰਘ ਕਿਰਤ ਇੰਸਪੈਕਟਰ ਤੇ ਹੋਰ ਅਧਿਕਾਰੀ ਮੌਜੂਦ ਸਨ।
No comments:
Post a Comment