Sunday, 24 December 2017

ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਵ ਸਮਾਗਮ ਲਈ ਲਗਾਏ ਜਾ ਰਹੇ ਹਨ ਕੇਸਰੀ/ਸਫੇਦ ਪੰਡਾਲ

ਡਾ. ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ 24 ਦਸੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਸਮਾਗਮਾਂ ਵਿੱਚ ਹੋਣਗੇ ਸ਼ਾਮਿਲ

ਗੁਰਦਾਸ ਮਾਨ, ਰਾਜਨ-ਸਾਜਨ ਮਿਸ਼ਰਾ, ਸੁਰਜੀਤ ਪਾਤਰ, ਭਾਈ ਬਲਦੀਪ ਸਿੰਘ ਅਤੇ ਡਾ. ਨਿਵੇਦਿਤਾ ਸਿੰਘ ਦੇਣਗੇ ਵਿਸ਼ੇਸ਼ ਪੇਸ਼ਕਾਰੀਆਂ।

ਐਸ.ਪੀ.ਜੀ. ਨੇ ਸਮਾਗਮ ਵਾਲੇ ਸਥਾਨ ਤੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਂਇਜ਼ਾ

ਸ੍ਰੀ ਅਨੰਦਪੁਰ ਸਾਹਿਬ,: ਖਾਲਸਾ ਪੰਥ ਦੇ ਬਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਰਧਾ ਤੇ ਸਤਿਕਾਰ ਭੇਂਟ ਕਰਦੇ ਹੋਏ, ਪੰਜਾਬ ਸਰਕਾਰ ਵੱਲੋਂ ਮਹਾਨ ਸੰਤ ਸਿਪਾਹੀ ਦੇ 350ਵੇਂ ਪ੍ਰਕਾਸ਼ ਪੁਰਵ ਮੌਕੇ ਸ਼੍ਰੀ ਅਨੰਦਪੁਰ ਸਾਹਿਬ ਦੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਵਾਲੇ ਮੈਦਾਨ ਵਿੱਚ ਇੱਕ ਬਹੁਤ ਹੀ ਭਰਵਾਂ ਅਤੇ ਪ੍ਰਭਾਵਸ਼ਾਲੀ ਸਮਾਰੋਹ 24 ਦਸੰਬਰ ਨੂੰ ਰਾਜ ਪੱਧਰ ਤੇ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਚੇਚੇ ਤੌਰ ਤੇ ਪਹੁੰਚ ਰਹੇ ਹਨ। ਇਨ੍ਹਾਂ ਸਮਾਗਮਾਂ ਦੇ ਲਈ ਪਿਛਲੇ 7 ਦਿਨਾਂ ਤੋਂ 100 ਤੋਂ ਵੱਧ ਕਾਰੀਗਰ ਪੰਡਾਲ ਬਣਾਉਣ ਵਿੱਚ ਲਗੇ ਹੋਏ ਹਨ। ਕੇਸਰੀ ਅਤੇ ਸਫੇਦ ਰੰਗ ਦੇ ਸੁੰਦਰ ਪੰਡਾਲ ਸਜਾਏ ਜਾ ਰਹੇ ਹਨ ਤਾਂ ਜੋ ਦਸਮ ਪਾਤਸ਼ਾਹ ਦੇ ਪ੍ਰਕਾਸ਼ ਪੁਰਵ ਸਮਾਗਮ ਯਾਦਗਾਰੀ ਢੰਗ ਨਾਲ ਕਰਵਾਏ ਜਾ ਸਕਣ।

ਪੰਜਾਬ ਸਰਕਾਰ ਵੱਲੋਂ ਮਨਾਏ ਜਾ ਰਹੇ ਰਾਜ ਪੱਧਰੀ ਸਮਾਗਮ ਵਿੱਚ ਉੱਘੇ ਪੰਜਾਬੀ ਗਾਇਕ ਗੁਰਦਾਸ ਮਾਨ, ਸ਼ਾਸ਼ਤਰੀ ਗਾਇਕ ਪੰਡਿਤ ਰਾਜਨ-ਸਾਜਨ ਮਿਸ਼ਰਾ, ਪੁਰਾਤਨ ਸ਼ੈਲੀ ਦੇ ਕੀਰਤਨੀਏ ਭਾਈ ਬਲਦੀਪ ਸਿੰਘ, ਉੱਘੇ ਗੁਰਮਤਿ ਸੰਗੀਤਕਾਰ ਡਾ. ਨਿਵੇਦਿਤਾ ਸਿੰਘ, ਢਾਡੀ ਜਥਾ ਦੇਸ਼ਰਾਜ ਲਚਕਾਣੀ, ਉੱਘੇ ਸਿੱਖ ਵਿਦਵਾਨ ਭਾਈ ਅਸ਼ੋਕ ਸਿੰਘ ਬਾਗੜੀਆ, ਉੱਘੇ ਇਤਿਹਾਸਕਾਰ ਡਾ. ਇੰਦੂ ਬਾਂਗਾ, ਪ੍ਰਸਿੱਧ ਪੰਜਾਬੀ ਕਵੀ ਸ੍ਰੀ ਸੁਰਜੀਤ ਸਿੰਘ ਪਾਤਰ (ਪਦਮ ਸ਼੍ਰੀ), ਇਸ ਸਮਾਗਮ ਦੌਰਾਨ ਆਪਣੀਆਂ ਵਿਸ਼ੇਸ਼ ਪੇਸ਼ਕਾਰੀਆਂ ਦੇਣਗੇ। ਇਸ ਸਮਾਰੋਹ ਤੋਂ ਪਹਿਲਾਂ ਦਸਵੇਂ ਗੁਰੂ ਸਾਹਿਬ ਦੇ ਮਹਾਨ ਜੀਵਨ ਅਤੇ ਸਿੱਖਿਆਵਾਂ ਤੇ ਆਧਾਰਿਤ ਲੜੀਵਾਰ ਗੌਸ਼ਟੀਆਂ/ਪ੍ਰਦਰਸ਼ਨੀਆਂ ਲਾਈਆਂ ਜਾ ਰਹੀਆਂ ਹਨ।

ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦਾ ਸਭ ਤੋਂ ਲੰਮਾਂ ਸਮਾਂ ਇਥੇ ਬਤੀਤ ਕੀਤਾ ਸੀ ਅਤੇ ਉਨ੍ਹਾਂ ਦੇ ਜੀਵਨ ਦੇ ਬਹੁਤੇ ਮਹੱਤਵਪੂਰਨ ਘਟਨਾਕ੍ਰਮ ਵੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੀ ਵਾਪਰੇ ਹਨ। ਇਸ ਸਮਾਗਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਅਧਿਕਾਰੀ ਪੂਰੀ ਤਨਦੇਹੀ ਅਤੇ ਮਿਹਨਤ ਨਾਲ ਆਪਣੀ ਜੂੰਮੇਵਾਰੀ ਨਿਭਾਅ ਰਹੇ ਹਨ।

ਸਮਾਗਮ ਵਾਲੇ ਵਿਸ਼ਾਲ ਪੰਡਾਲ ਦੀਆਂ ਤਿੰਨ ਵੱਖ-ਵੱਖ ਸਟੇਜ਼ਾਂ ਤਿਆਰ ਕੀਤੀਆਂ ਗਈਆਂ ਹਨ। ਜਿਨ੍ਹਾਂ ਵਿੱਚ ਇੱਕ ਸਟੇਜ ਉੱਤੇ ਮਾਣਯੋਗ ਪੂਰਵ ਪ੍ਰਧਾਨ ਮੰਤਰੀ, ਮੁੱਖ ਮੰਤਰੀ ਪੰਜਾਬ ਅਤੇ ਹੌਰ ਕੈਬਨਿਟ ਮੰਤਰੀ ਬੈਠਣਗੇ। ਦੂਜੀ ਮਹੱਤਵਪੂਰਣ ਸਟੇਜ ਉਤੇ ਸੰਤ ਸਮਾਜ ਦੀਆਂ ਸਤਿਕਾਰਯੋਗ ਸ਼ਖਸ਼ੀਅਤਾਂ ਸ਼ੁਸ਼ੋਭਿਤ ਹੋਣਗੀਆ ਅਤੇ ਤੀਜੀ ਸਟੇਜ ਉੱਤੇ ਦੇਸ਼ ਦੇ ਉੱਘੇ ਵਿਦਵਾਨ ਆਪਣੀਆਂ ਪੇਸ਼ਕਾਰੀਆਂ ਦੇਣਗੇ। ਪ੍ਰਸ਼ਾਸ਼ਨ ਵੱਲੋਂ ਸੰਗਤਾਂ ਦੀ ਭਾਰੀ ਆਮਦ ਨੂੰ ਧਿਆਨ ਵਿੱਚ ਰਖਦੇ ਹੋਏ ਵਿਸ਼ੇਸ਼ ਟਰਾਂਸਪੋਰੇਸ਼ਨ ਦੇ ਪ੍ਰਬੰਧ ਕੀਤੇ ਗਏ ਹਨ। ਟਰੈਫਿਕ ਪੁਲਿਸ ਵੱਲੋਂ ਵੀ ਨਿਰਵਿਘਨ ਸੁਚਾਰੂ ਟਰੈਫਿਕ ਲਈ ਯੋਜਨਾ ਓਲੀਕੀ ਗਈ ਹੈ। ਪੰਡਾਲ ਵਿੱਚ ਸੰਗਤਾਂ ਦੇ ਬੈਠਣ ਲਈ ਪੰਡਾਲ ਨੂੰ 12 ਸੈਕਟਰਾਂ ਵਿੱਚ ਵੰਡਿਆਂ ਗਿਆ ਹੈ। ਪੰਡਾਲ ਵਿੱਚ ਰੋਸ਼ਨੀ ਦੇ ਬਹੁਤ ਹੀ ਵੱਧੀਆ ਪ੍ਰਬੰਧ ਕੀਤੇ ਗਏ ਹਨ। ਪੰਡਾਲ ਤੋਂ ਬਾਹਰ ਸੰਗਤਾਂ ਦੀ ਸਹੂਲਤ ਲਈ ਜੌੜੇ ਘਰ ਦੀ ਵਿਵਸਥਾ ਵੀ ਕੀਤੀ ਗਈ ਹੈ। ਸੰਗਤਾਂ ਲਈ ਗੁਰੂ ਕੇ ਲੰਗਰ ਦੇ ਵੀ ਬਹੁਤ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਅਤਿ ਮਹੱਤਵਪੂਰਨ ਵਿਅਕਤੀਆਂ ਦੀ ਆਮਦ ਨੂੰ ਧਿਆਨ ਵਿੱਚ ਰਖਦੇ ਹੋਏ ਐਸ.ਪੀ.ਜੀ. ਵੱਲੋਂ ਅੱਜ ਪੰਡਾਲ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾ ਦੀ ਸਮੀਖਿਆ ਕੀਤੀ ਗਈ ਹੈ। ਨਗਰ ਦੀ ਸਫਾਈ ਲਈ ਲਗਾਤਾਰ ਸਫਾਈ ਕਰਮਚਾਰੀ ਲੱਗੇ ਹੋਏ ਹਨ। ਸੰਗਤਾਂ ਲਈ ਪ੍ਰਸ਼ਾਸ਼ਨ ਵੱਲੋਂ ਮੈਡੀਕਲ ਸਹੂਲਤਾਂ ਦੇ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ। ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਗੁਰਨੀਤ ਤੇਜ਼ ਅਤੇ ਐਸ.ਐਸ.ਪੀ. ਰੂਪਨਗਰ ਸ੍ਰੀ ਰਾਜ ਬੱਚਨ ਸਿੰਘ ਸੰਧੂ ਪ੍ਰਸ਼ਾਸ਼ਨ ਅਤੇ ਸੁਰੱਖਿਆ ਪ੍ਰਬੰਧਾਂ ਉੱਤੇ ਵਿਸ਼ੇਸ਼ ਨਜ਼ਰ ਰੱਖ ਰਹੇ ਹਨ।

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਵੱਲੋਂ ਇਨ੍ਹਾਂ ਸਮਾਗਮਾਂ ਦੀਆਂ ਤਿਆਰੀਆਂ ਸਬੰਧੀ ਲਗਾਤਾਰ ਬੈਠਕਾਂ ਦਾ ਦੌਰ ਜਾਰੀ ਹੈ। ਉਨ੍ਹਾਂ ਵੱਲੋਂ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸਿੰਘ ਸੰਧੂ, ਸਕੱਤਰ ਸੈਰ ਸਪਾਟਾ ਸ੍ਰੀ ਵਿਕਾਸ ਪ੍ਰਤਾਪ, ਡਾਇਰੈਕਟਰ ਸੈਰ ਸਪਾਟਾ ਸ੍ਰੀ ਸ਼ਿਵਦੁਲਾਰ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਗੁਰਨੀਤ ਤੇਜ਼, ਐਸ.ਐਸ.ਪੀ. ਰੂਪਨਗਰ ਸ੍ਰੀ ਰਾਜ ਬੱਚਨ ਸਿੰਘ ਸੰਧੂ ਸਮੇਤ ਸਮੂਹ ਜ਼ਿਲ੍ਹਾ ਅਧਿਕਾਰੀਆਂ ਨਾਲ ਬੈਠਕ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਹੈ। ਹੁਣ ਸਪੀਕਰ ਵਲੋਂ ਇਲਾਕੇ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਬੈਠਕਾਂ ਕਰਕੇ ਲੋਕਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਸਮੂਹ ਧਾਰਮਿਕ ਸ਼ਖਸ਼ੀਅਤਾਂ ਨੂੰ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਕਿਹਾ ਗਿਆ ਹੈ। ਪ੍ਰਸ਼ਾਸ਼ਨ ਸਮਾਗਮ ਦੀਆਂ ਤਿਆਰੀਆਂ ਲਈ ਦਿਨ-ਰਾਤ ਕੰਮ ਕਰ ਰਿਹਾ ਹੈ।

ਤਸਵੀਰ :- 1) ਸ੍ਰੀ ਅਨੰਦਪੁਰ ਸਾਹਿਬ ਵਿੱਚ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਵ ਸਮਾਗਮਾਂ ਲਈ ਲਗਾਏ ਜਾ ਰਹੇ ਪੰਡਾਲ ਦਾ ਦ੍ਰਿਸ਼।

2)ਐਸ.ਪੀ.ਜੀ. ਵੱਲੋਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਦਾ ਦ੍ਰਿਸ਼।

No comments:

Post a Comment