Friday, 22 December 2017

ਟਰੈਵਲ ਏਜੰਟਾਂ ਦੀ ਇਸ਼ਤਿਹਾਰਬਾਜ਼ੀ 'ਤੇ ਰਜਿਸਟ੍ਰੇਸ਼ਨ ਨੰਬਰ ਦਰਜ ਕਰਨਾ ਜ਼ਰੂਰੀ -ਪਬਲੀਸ਼ਰਜ਼ ਨੂੰ ਵੀ ਬਿਨਾ ਰਜਿਸਟ੍ਰੇਸ਼ਨ ਨੰਬਰ ਇਸ਼ਤਿਹਾਰ ਰਿਲੀਜ਼ ਨਾ ਕਰਨ ਦੀ ਹਦਾਇਤ

ਲੁਧਿਆਣਾ - ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਜਾਰੀ ਕੀਤੇ ਗਏ ਹੁਕਮ ਵਿੱਚ ਕਿਹਾ ਗਿਆ ਹੈ ਕਿ ਭਵਿੱਖ ਵਿੱਚ ਕਿਸੇ ਵੀ ਟਰੈਵਲ ਏਜੰਟ ਦੀ ਕਿਸੇ ਵੀ ਤਰਾਂ ਦੀ ਇਸ਼ਤਿਹਾਰਬਾਜ਼ੀ 'ਤੇ ਉਸਦਾ ਰਜਿਸਟਰੇਸ਼ਨ ਨੰਬਰ ਦਰਜ ਕਰਨਾ ਜ਼ਰੂਰੀ ਹੋਵੇਗਾ। ਇਨਾਂ ਹੁਕਮਾਂ ਸੰਬੰਧੀ ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਭਵਿੱਖ ਵਿੱਚ ਟਰੈਵਲ ਏਜੰਟਾਂ ਦੇ ਜੋ ਵੀ ਇਸ਼ਤਿਹਾਰ ਕਿਸੇ ਵੀ ਮਾਧਿਅਮ (ਟੈਲੀਵਿਜ਼ਨ, ਪ੍ਰਿੰਟ, ਕੰਧਾਂ 'ਤੇ ਜਾਂ ਵਾਹਨਾਂ 'ਤੇ) ਰਾਹੀਂ ਲਗਵਾਏ ਜਾਣ ਤਾਂ ਉਨਾਂ 'ਤੇ ਏਜੰਟ ਦਾ ਰਜਿਸਟਰੇਸ਼ਨ ਨੰਬਰ ਜ਼ਰੂਰ ਦਰਜ ਹੋਣਾ ਚਾਹੀਦਾ ਹੈ।

ਇਸੇ ਸੰਬੰਧ ਵਿੱਚ ਪਬਲੀਸ਼ਰਜ਼ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਕੋਈ ਵੀ ਇਸ਼ਤਿਹਾਰ ਤਿਆਰ ਕਰਨ ਜਾਂ ਰਿਲੀਜ਼ ਕਰਨ ਵੇਲੇ ਏਜੰਟ ਦਾ ਰਜਿਸਟਰੇਸ਼ਨ ਨੰਬਰ ਲੈਣਾ, ਵੈਰੀਫਾਈ (ਪੜਤਾਲ) ਅਤੇ ਦਰਜ ਕਰਨਾ ਜ਼ਰੂਰੀ ਬਣਾਉਣ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਪਬਲੀਸ਼ਰਜ਼ ਖ਼ਿਲਾਫ਼ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸ੍ਰੀ ਅਗਰਵਾਲ ਨੇ ਕਿਹਾ ਕਿ ਇਨਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

No comments:

Post a Comment