Public VIEWS/OMNI
LUDHIANA NEWS
ਹੈਬੋਵਾਲ ਬਾਇਓਗੈਸ ਪਲਾਂਟ ਉੱਪਰ ਸੀ. ਐੱਨ. ਜੀ. ਦੀ ਫਿਲਿੰਗ ਦਾ ਟਰਾਇਲ ਸ਼ੁਰੂ
July 1, 2017
-ਉਤਰੀ ਭਾਰਤ ਦਾ ਪਹਿਲਾ ਪਲਾਂਟ, ਜਿੱਥੋਂ ਪ੍ਰਾਪਤ ਗੈਸ ਘਰੇਲੂ ਤੇ ਵਪਾਰਕ ਮੰਤਵ ਲਈ ਵਰਤੀ ਜਾਵੇਗੀ
-ਪਲਾਂਟ ਤੋਂ ਬਣੀ ਗੈਸ ਮਾਰਕੀਟ ਵਿੱਚ ਖੁਲ੍ਹੇ ਤੌਰ ‘ਤੇ ਵੇਚੀ ਜਾਵੇਗੀ – ਡਿਪਟੀ ਕਮਿਸ਼ਨਰ
ਲੁਧਿਆਣਾ, -ਸਥਾਨਕ ਹੈਬੋਵਾਲ ਡੇਅਰੀ ਕੰਪਲੈਕਸ ਵਿਖੇ ਹਾਈ ਪਾਵਰ ਮੀਥੇਨ ਪਲਾਂਟ ਉੱਪਰ ਸੀ.ਐੱਨ. ਜੀ. ਦੀ ਫਿਲਿੰਗ ਸ਼ੁਰੂ ਕੀਤੀ ਜਾ ਰਹੀ ਹੈ। ਅੱਜ ਇਸ ਦੇ ਟਰਾਇਲ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਦੇਖ ਰੇਖ ਵਿਚ ਹੋਈ । ਇਸ ਤਰ੍ਹਾਂ ਇਹ ਉਤਰੀ ਭਾਰਤ ਦਾ ਪਹਿਲਾ ਬਾਇਓਗੈਸ ਪਲਾਂਟ ਬਣ ਗਿਆ ਹੈ, ਜਿਸ ਵਿੱਚ ਗੋਬਰ ਗੈਸ ਨੂੰ ਦੋ ਭਾਗਾਂ ਵਿੱਚ ਵੰਡ ਕੇ ਇੱਕ ਤੋਂ ਮੀਥੇਨ ਅਤੇ ਦੂਜੇ ਤੋਂ ਕਾਰਬਨ ਡਾਇਅਕਸਾਈਡ ਤਿਆਰ ਕੀਤੀ ਜਾਵੇਗੀ ਅਤੇ ਇਹ ਗੈਸ ਸਿਲੰਡਰਾਂ ਵਿਚ ਭਰ ਕੇ ਉਦਯੋਗਾਂ, ਹੋਟਲਾਂ ਅਤੇ ਰਸੋਈ ਵਿੱਚ ਇਸਤੇਮਾਲ ਕੀਤੀ ਜਾ ਸਕੇਗੀ।
ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੇਡਾ (ਪੰਜਾਬ ਊਰਜਾ ਵਿਕਾਸ ਏਜੰਸੀ) ਵੱਲੋਂ ਤਿਆਰ ਇਸ ਪਲਾਂਟ ਦੀ ਕੁਲ ਸਮਰੱਥਾ 235 ਟਨ ਤੱਕ ਗੋਬਰ (ਗੋਹਾ) ਫੀਡ ਕਰਨ ਵਾਸਤੇ ਉਪਲੱਬਧ ਹੈ ਅਤੇ ਇਸ ਵਿੱਚੋਂ ਪੈਦਾ ਹੋਣ ਵਾਲੀ ਕਾਰਬਨ ਡਾਇਆਕਸਾਈਡ (CO2) ਗੈਸ ਕੋਲਡ ਡਰਿੰਕਸ ਦੇ ਪਲਾਂਟ ਵਿੱਚ ਇਸਤੇਮਾਲ ਕੀਤੀ ਜਾਵੇਗੀ। ਪਲਾਂਟ ਵਿੱਚੋਂ ਤਕਰੀਬਨ 4000 ਕਿਲੋਗ੍ਰਾਮ ਗੈਸ ਰੋਜ਼ਾਨਾ ਪੈਦਾ ਕੀਤੀ ਜਾ ਸਕਦੀ ਹੈ, ਜਿਸ ਨਾਲ 400 ਦੇ ਕਰੀਬ ਸਿਲੰਡਰ ਭਰੇ ਜਾ ਸਕਦੇ ਹਨ। ਇਸ ਪਲਾਂਟ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸਦੀ ਤਕਨੀਕ ਬਿਲਕੁਲ ਨਵੀਂ ਹੈ ਅਤੇ ਇਹ ਪਲਾਂਟ ਹਰ ਪੱਖੋਂ ਸੁਰੱਖਿਅਤ ਹੈ ।
ਪੇਡਾ ਦੇ ਮੈਨੇਜਰ ਸ੍ਰੀ ਅਨੁਪਮ ਨੰਦਾ ਨੇ ਦੱਸਿਆ ਕਿ ਇਹ ਪਲਾਂਟ ਤਕਰੀਬਨ ਪੂਰਾ ਹੋ ਚੁੱਕਾ ਹੈ ਅਤੇ ਅੱਜ ਤੋਂ ਇਸਦਾ ਫਿੰਲਿੰਗ ਟਰਾਇਲ ਸ਼ੁਰੂ ਕਰ ਦਿੱਤਾ ਗਿਆ ਹੈ, ਤਾਂ ਜੋ ਗੈਸ ਦੇ ਉਤਪਾਦਨ ਤੋਂ ਬਾਅਦ ਇਸ ਨੂੰ ਸਿਲੰਡਰਾਂ ਵਿੱਚ ਭਰਿਆ ਜਾ ਸਕੇ। ਪਲਾਂਟ ਤੋਂ ਬਣੀ ਗੈਸ ਮਾਰਕੀਟ ਵਿੱਚ ਖੁਲ੍ਹੇ ਤੌਰ ‘ਤੇ ਵੇਚੀ ਜਾਵੇਗੀ। ਜਿਸ ਦੀ ਕੀਮਤ ਤਕਰੀਬਨ 42 ਤੋਂ 45 ਰੁਪਏ ਦੇ ਹਿਸਾਬ ਨਾਲ ਹੋਵੇਗੀ। ਇਹ ਪਲਾਂਟ ਵਾਤਾਵਰਨ ਪੱਖੋਂ ਬਹੁਤ ਹੀ ਸੁਚੱਜਾ ਬਣਿਆ ਹੈ ਅਤੇ ਆਸ ਪਾਸ ਦੀਆਂ ਡੇਅਰੀਆਂ ਤੋਂ ਨਿਕਲਣ ਵਾਲਾ ਗੋਬਰ ਇਸ ਪਲਾਂਟ ਵਿੱਚ ਫੀਡ ਕੀਤਾ ਜਾਵੇਗਾ। ਇਸ ਪਲਾਂਟ ਦੇ ਪੂਰੀ ਤਰ੍ਹਾਂ ਚੱਲਣ ਨਾਲ ਲੋਕਾਂ ਨੂੰ ਗੋਹਾ ਅਤੇ ਗੈਸ ਦੀ ਢੋਆ ਢੁਆਈ ਦਾ ਰੁਜ਼ਗਾਰ ਵੀ ਮਿਲੇਗਾ।
ਪਲਾਂਟ ਨੂੰ ਚਲਾ ਰਹੀ ਵਿਜ ਇੰਜੀਨੀਅਰਿੰਗ ਐਂਡ ਕੰਸਲਟੈਂਟਸ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਪਲਾਂਟ ਇੰਚਾਰਜ ਸ੍ਰੀ ਗੌਰਵ ਅਤੇ ਨਿਪੁੰਨ ਨੇ ਦੱਸਿਆ ਕਿ ਪਲਾਂਟ ਵਿੱਚ ਤਕਰੀਬਨ 200 ਟਨ ਦੀ ਫੀਡਿੰਗ ਸ਼ੁਰੂ ਹੋ ਚੁੱਕੀ ਹੈ, ਜਿਸ ਨਾਲ ਲੋੜੀਂਦਾ ਪ੍ਰੈੈਸ਼ਰ ਤਿਆਰ ਕੀਤਾ ਜਾ ਰਿਹਾ ਹੈ ਤਾਂ ਕਿ ਨਿਰਧਾਰਤ ਪ੍ਰੈੱਸ਼ਰ ‘ਤੇ ਇਸ ਦਾ ਟਰਾਇਲ ਕੀਤਾ ਜਾ ਸਕੇ। ਇਹ ਟਰਾਇਲ ਕਰੀਬ 15 ਦਿਨ ਚੱਲੇਗਾ। ਉਸ ਤੋਂ ਬਾਅਦ ਇਸ ਦੀ ਸੇਲ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਸੁਰਭੀ ਮਲਿਕ ਅਤੇ ਹੋਰ ਵੀ ਅਧਿਕਾਰੀ ਹਾਜ਼ਰ ਸਨ।
REPORT BY
ARUN KAUSHAL
MEDIA HOUSE
OMNI
LUDHIANA NEWS
NEWS TODAY
No comments:
Post a Comment