Tuesday 11 August 2020

ਪੀ.ਏ.ਯੂ. ਨੇ ਸੰਕਟਕਾਲ ਵਿੱਚ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਪਹਿਲਕਦਮੀ

 ਪੀ.ਏ.ਯੂ. ਨੇ ਸੰਕਟਕਾਲ ਵਿੱਚ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਪਹਿਲਕਦਮੀ

ਲੁਧਿਆਣਾ 11 ਅਗਸਤ : ਪੀ.ਏ.ਯੂ. ਨੇ ਕੋਵਿਡ-19 ਦੀ ਮਹਾਂਮਾਰੀ ਦੌਰਾਨ ਦੇਸ਼ ਦੇ ਵੱਖ-ਵੱਖ ਖਿੱਤਿਆਂ ਦੇ ਕਿਸਾਨਾਂ ਨੂੰ ਮਾਨਸਿਕ ਤੌਰ ਤੇ ਚੜ•ਦੀ ਕਲਾ ਵਿੱਚ ਰਹਿਣ ਲਈ ਇੱਕ ਪ੍ਰੇਰਨਾਦਾਇਕ ਪਹਿਲਕਦਮੀ ਕੀਤੀ ਹੈ । ਇਸ ਸੰਬੰਧੀ 'ਮੈਂ ਭਾਰਤ ਦਾ ਕਿਸਾਨ' ਸਿਰਲੇਖ ਹੇਠ ਪ੍ਰੇਰਨਾਦਾਇਕ ਸਾਹਿਤ-ਸਮੱਗਰੀ ਤਿਆਰ ਕੀਤੀ ਗਈ ਹੈ । ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਪਦਮਸ਼੍ਰੀ ਐਵਾਰਡੀ ਨੇ ਇਸ ਸਮੱਗਰੀ ਦਾ ਸਾਫਟ ਰੂਪ ਰਾਜਾਂ ਦੀਆਂ ਖੇਤੀ ਯੂਨੀਵਰਸਿਟੀਆਂ ਅਤੇ ਵੱਖ-ਵੱਖ ਸੰਸਥਾਵਾਂ ਨੂੰ ਭੇਜਣ ਦੀ ਰਸਮ ਅਦਾ ਕੀਤੀ । ਡਾ. ਢਿੱਲੋਂ ਨੇ ਇਸ ਮੌਕੇ ਕਿਹਾ ਕਿ ਮੌਜੂਦਾ ਸੰਕਟ ਦੌਰਾਨ ਕਿਸਾਨੀ ਸਮਾਜ ਦਾ ਚੜ•ਦੀ ਕਲਾ ਵਿੱਚ ਰਹਿਣਾ ਜ਼ਰੂਰੀ ਹੈ । ਉਹਨਾਂ ਆਸ ਪ੍ਰਗਟ ਕੀਤੀ ਕਿ ਇਹ ਸਾਰੀ ਸਮੱਗਰੀ ਦੇਸ਼ ਦੀਆਂ ਸਥਾਨਕ ਭਾਸ਼ਾਵਾਂ ਵਿੱਚ ਅਨੁਵਾਦ ਹੋ ਕੇ ਕਿਸਾਨਾਂ ਤੱਕ ਪਹੁੰਚੇਗੀ ਅਤੇ ਕਿਰਸਾਨੀ ਦਾ ਹੌਸਲਾ ਵਧਾਏਗੀ ।
ਜ਼ਿਕਰਯੋਗ ਹੈ ਕਿ ਇਸ ਸਮੱਗਰੀ ਵਿੱਚ ਕਿਸਾਨਾਂ ਲਈ ਕਦੇ ਹਾਰ ਨਾ ਮੰਨਣ ਦੀ ਪ੍ਰੇਰਨਾ ਸ਼ਾਮਿਲ ਹੈ । ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਔਖੇ ਸਮਿਆਂ ਵਿੱਚੋਂ ਵੀ ਖੁਸ਼ੀ ਤਲਾਸ਼ ਕੇ ਉਸਨੂੰ ਰੌਸ਼ਨੀ ਵਿੱਚ ਬਦਲਣ ਦੀ ਗੱਲ ਕਹੀ ਗਈ ਹੈ । ਕਿਸਾਨੀ ਕਿੱਤਾ ਉਮੀਦ ਅਤੇ ਆਸ਼ਾ ਦਾ ਧਾਰਨੀ ਹੈ । ਇਹ ਸਮੱਗਰੀ ਜੀਵਨ ਦੀਆਂ ਹਾਂ ਮੁੱਖੀ ਕੀਮਤਾਂ ਨੂੰ ਹੁਲਾਰਾ ਦੇ ਕੇ ਬੁਰੇ ਖਿਆਲਾਂ ਉਪਰ ਜਿੱਤ ਪ੍ਰਾਪਤ ਕਰਨ ਦੀ ਪ੍ਰੇਰਨਾ ਨਾਲ ਭਰਪੂਰ ਹੈ । ਇਸ ਵਿੱਚ ਦੂਜਿਆਂ ਦੀ ਸਹਾਇਤਾ ਅਤੇ ਉਹਨਾਂ ਦੇ ਕੰਮ ਆਉਣ ਦੀ ਹਾਂ-ਵਾਚੀ ਭਾਵਨਾ ਉਪਰ ਜ਼ੋਰ ਦਿੱਤਾ ਗਿਆ ਹੈ ਅਤੇ ਆਪਣੀ ਸਮੱਸਿਆਵਾਂ ਦੂਜਿਆਂ ਨਾਲ ਸਾਂਝੀਆਂ ਕਰਕੇ ਖੁਸ਼ੀ ਅਤੇ ਉਮੀਦ ਦਾ ਲੜ ਫੜੀ ਰੱਖਣ ਦੀ ਗੱਲ ਕੀਤੀ ਗਈ ਹੈ ।
ਜ਼ਿਕਰਯੋਗ ਹੈ ਕਿ ਇਹ ਸਾਰਾ ਪ੍ਰੋਜੈਕਟ ਖੇਤੀ ਪੱਤਰਕਾਰੀ, ਭਾਸ਼ਾਵਾਂ ਅਤੇ ਸੱਭਿਆਚਾਰ ਵਿਭਾਗ ਦੇ ਮੁਖੀ ਡਾ. ਸਰਬਜੀਤ ਸਿੰਘ ਅਤੇ ਮਾਨਵ ਵਿਕਾਸ ਅਤੇ ਪਰਿਵਾਰ ਅਧਿਐਨ ਵਿਭਾਗ ਦੇ ਕੌਂਸਲਰ ਕੁਮਾਰੀ ਵਸੰਧਰਾ ਜੀ ਨੇ ਤਿਆਰ ਕੀਤੀ ਹੈ ।  

No comments:

Post a Comment